ਅੱਜ ਤੋਂ ਸ਼ੁਰੂ ਹੋਵੇਗੀ ਐੱਸ. ਡੀ. ਐੱਮ. ਦਫ਼ਤਰ ਦੇ ਬਾਹਰ ਭੁੱਖ ਹੜਤਾਲ

12/12/2019 1:48:11 PM

ਨਾਭਾ (ਪੁਰੀ): ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਇਲਾਕਾ ਪ੍ਰਧਾਨ ਬਲਵੰਤ ਬਿਨਾਹੇੜੀ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲਾ ਆਗੂ ਗੁਰਧਿਆਨ ਹਰੀਗੜ੍ਹ ਨੇ ਕਿਹਾ ਕਿ 12 ਦਸੰਬਰ ਤੋਂ ਐੱਸ. ਡੀ. ਐੱਮ. ਦਫ਼ਤਰ ਵਿਚ ਕੀਤੀ ਜਾ ਰਹੀ ਲਗਾਤਾਰ ਭੁੱਖ ਹੜਤਾਲ ਅਤੇ ਦਿਨ-ਰਾਤ ਦੇ ਧਰਨੇ ਦੀਆਂ ਸਾਰੀਆਂ ਤਿਆਰੀਆਂ ਮਕੰਮਲ ਹੋ ਚੁੱਕੀਆਂ ਹਨ।

ਜ਼ਿਕਰਯੋਗ ਹੈ ਕਿ ਅਜਨੌਦਾ ਪਿੰਡ ਦੇ ਹਾਕਮ ਸਿੰਘ ਦੇ ਘਰ ਦੀ ਛੱਤ ਪਿਛਲੇ ਦਿਨੀਂ ਪਏ ਮੀਂਹ ਕਾਰਨ ਡਿੱਗ ਪਈ ਸੀ। ਇਸ ਲਈ ਨਾਭਾ ਦੇ ਸਮੁੱਚੇ ਪ੍ਰਸ਼ਾਸਨ ਦੇ ਧਿਆਨ 'ਚ ਇਹ ਮਾਮਲਾ ਲਿਆਉਣ ਦੇ ਬਾਵਜੂਦ ਵੀ ਪਰਿਵਾਰ ਦੇ ਸਾਰੇ ਜੀਅ ਪਿੰਡ ਦੇ ਹੋਰ ਘਰਾਂ 'ਚ ਸੌਣ ਲਈ ਮਜਬੂਰ ਹਨ। ਪ੍ਰਸ਼ਾਸਨ ਦੁਆਰਾ ਕੋਈ ਸੁਯੋਗ ਹੱਲ ਨਾ ਕਰਨ ਦੇ ਵਿਰੋਧ ਵਜੋਂ ਅਤੇ ਇਸ ਮਸਲੇ ਸਮੇਤ ਇਲਾਕੇ ਦੇ ਸਮੁੱਚੇ ਲੋੜਵੰਦ ਪਰਿਵਾਰਾਂ ਨੂੰ ਆਵਾਸ ਯੋਜਨਾ ਤਹਿਤ ਮਦਦ ਕਰਵਾਉਣ ਲਈ ਅਜਨੌਦਾ ਦੇ ਪਰਿਵਾਰ ਵੱਲੋਂ ਭੁੱਖ ਹੜਤਾਲ ਅਤੇ ਇਲਾਕੇ ਦੇ ਸਮੂਹ ਲੋਕਾਂ ਦੁਆਰਾ ਦਿਨ-ਰਾਤ ਦਾ ਧਰਨਾ ਦਿੱਤਾ ਜਾਵੇਗਾ। ਆਗੂਆਂ ਕਿਹਾ ਕਿ ਪਿੰਡਾਂ ਦੀ ਧੜੇਬੰਦੀ ਅਤੇ ਅਫਸਰਸ਼ਾਹੀ ਦੇ ਗਠਜੋੜ ਕਰ ਕੇ ਅਸਲੀ ਲੋੜਵੰਦਾਂ ਤੱਕ ਅਵਾਸ ਯੋਜਨਾ ਦਾ ਲਾਭ ਨਹੀਂ ਪਹੁੰਚਦਾ। ਆਗੂਆਂ ਕਿਹਾ ਕਿ ਇਸ ਦੇ ਸਬੰਧ ਵਿਚ ਬੌੜਾਂ ਕਲਾਂ, ਸਰਾਜਪਰ, ਬਿਨਾਹੇੜੀ, ਧਨੌਰੀ, ਚੱਠੇ, ਹਰੀਗੜ੍ਹ, ਅਤੇ ਕਕਰਾਲੇ ਆਦਿ ਪਿੰਡਾਂ 'ਚ ਰੈਲੀਆਂ ਅਤੇ ਮੀਟਿੰਗਾਂ ਕਰ ਕੇ ਤਿਆਰੀ ਕਰਵਾਈ ਗਈ। ਇਸ ਤਿਆਰੀ ਵਜੋਂ ਪਿੰਡਾਂ ਵਿਚ ਰਸਦ ਅਤੇ ਨਕਦ ਰਾਸ਼ੀ ਇਕੱਠੇ ਕਰ ਕੇ ਧਰਨੇ 'ਚ ਪਹੁੰਚਣ ਦੇ ਸੱਦੇ ਦਿੱਤੇ ਗਏ।


Shyna

Content Editor

Related News