ਐੱਸ. ਟੀ. ਐੱਫ. ਵੱਲੋਂ 4 ਨਸ਼ਾ ਸਮੱਗਲਰ ਕਾਬੂ

07/05/2017 7:28:12 AM

ਤਰਨਤਾਰਨ, (ਰਾਜੂ, ਵਾਲੀਆ)-  ਐੱਸ. ਟੀ. ਐੱਫ. ਬਾਰਡਰ ਰੇਂਜ ਅੰਮ੍ਰਿਤਸਰ ਵੱਲੋਂ 4 ਨਸ਼ਾ ਸਮੱਗਲਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ 288 ਗ੍ਰਾਮ ਹੈਰੋਇਨ, ਇਕ 32 ਬੋਰ ਪਿਸਤੌਲ ਤੇ 12 ਬੋਰ ਰਾਈਫਲ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ। 
ਜਾਣਕਾਰੀ ਦਿੰਦਿਆਂ ਇੰਚਾਰਜ ਸੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਰਛਪਾਲ ਸਿੰਘ ਸਹਾਇਕ ਇੰਸਪੈਕਟਰ ਜਨਰਲ ਪੁਲਸ ਬਾਰਡਰ ਜ਼ੋਨ ਦੀ ਸੁਪਰਵੀਜ਼ਨ ਹੇਠ ਐੱਸ. ਆਈ. ਰਜਿੰਦਰ ਸਿੰਘ ਐੱਸ. ਟੀ. ਐੱਫ. ਤਰਨਤਾਰਨ ਵੱਲੋਂ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਹਰੀਕੇ ਤੋਂ ਪੱਟੀ ਰੋਡ 'ਤੇ ਨਵੇਂ ਬਣ ਰਹੇ ਪੁਲ ਥੱਲੇ ਇਕ ਬਿਨਾਂ ਨੰਬਰੀ ਗੱਡੀ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ, ਜਿਸ 'ਚੋਂ 4 ਨੌਜਵਾਨਾਂ 'ਚੋਂ ਇਕ ਨੌਜਵਾਨ ਭੱਜਣ ਵਿਚ ਕਾਮਯਾਬ ਹੋ ਗਿਆ ਤੇ ਪੁਲਸ ਨੇ ਬਾਕੀ ਤਿੰਨ ਨੌਜਵਾਨਾਂ ਨੂੰ ਕਾਬੂ ਕਰ ਲਿਆ। ਕਾਬੂ ਕੀਤੇ ਗਏ ਨੌਜਵਾਨਾਂ ਨੇ ਆਪਣੀ ਪਛਾਣ ਰਵੀ ਕੁਮਾਰ ਉਰਫ ਨੋਨਾ ਪੁੱਤਰ ਪ੍ਰੇਮ ਕੁਮਾਰ ਵਾਸੀ ਹਰੀਕੇ, ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਸੰਤੋਖ ਸਿੰਘ ਵਾਸੀ ਵਾਂ ਤਾਰਾ ਸਿੰਘ ਅਤੇ ਜੋਬਨਜੀਤ ਸਿੰਘ ਉਰਫ ਜੋਬਨ ਪੁੱਤਰ ਭਗਵੰਤ ਸਿੰਘ ਵਾਸੀ ਵਾਂ ਤਾਰਾ ਸਿੰਘ ਵਜੋਂ ਦੱਸੀ। ਭੱਜੇ ਦੋਸ਼ੀ ਦੀ ਪਛਾਣ ਸੁਰਿੰਦਰ ਸਿੰਘ ਉਰਫ ਲਾਡੀ ਪੁੱਤਰ ਮੇਜਰ ਸਿੰਘ ਵਜੋਂ ਹੋਈ ਹੈ। ਤਲਾਸ਼ੀ ਦੌਰਾਨ ਦੌਸ਼ੀਆਂ ਕੋਲੋਂ 270 ਗ੍ਰਾਮ ਹੈਰੋਇਨ, ਇਕ ਪਿਸਤੌਲ 32 ਬੋਰ ਤੇ ਇਕ ਰਾਈਫਲ 12 ਬੋਰ ਬਰਾਮਦ ਕੀਤੀ ਗਈ, ਜਿਨ੍ਹਾਂ ਖਿਲਾਫ ਥਾਣਾ ਹਰੀਕੇ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਐੱਸ. ਟੀ. ਐੱਫ. ਦੀ ਦੂਜੀ ਟੀਮ ਦੇ ਏ. ਐੱਸ. ਆਈ. ਕੁਲਵਿੰਦਰ ਸਿੰਘ ਵੱਲੋਂ ਪੁਲ ਸੂਆ ਧੁੰਨ ਢਾਏਵਾਲਾ ਵਿਖੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਨਿਰਵੈਰ ਸਿੰਘ ਵਾਸੀ ਧੁੰਨ ਢਾਏਵਾਲਾ ਨੂੰ ਕਾਬੂ ਕਰ ਕੇ ਉਸ ਕੋਲੋਂ 18 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। 


Related News