ਐੱਸ. ਆਈ. ਟੀ. ਪੀ. ਪਈ ਨਰਮ : ਸਾਰੇ ਦੋਸ਼ੀ 17 ਤੱਕ ਨਿਆਇਕ ਹਿਰਾਸਤ ''ਚ

03/04/2018 7:05:18 AM

ਅੰਮ੍ਰਿਤਸਰ,  (ਮਹਿੰਦਰ)-  ਇੰਦਰਪ੍ਰੀਤ ਸਿੰਘ ਚੱਢਾ ਖੁਦਕੁਸ਼ੀ ਮਾਮਲੇ 'ਚ ਗ੍ਰਿਫ਼ਤਾਰ ਸ਼ਹਿਰ ਦੇ ਨਾਮੀ ਲੋਕਾਂ ਦੀ ਸ਼ੁੱਕਰਵਾਰ ਨੂੰ ਪੇਸ਼ੀ ਦੌਰਾਨ ਬਚਾਅ ਪੱਖ ਦੇ ਕੌਂਸਲਾਂ ਅੱਗੇ ਪ੍ਰੋਸੀਕਿਊਸ਼ਨ ਟਿਕਦਾ ਦਿਖਾਈ ਨਹੀਂ ਦੇ ਰਿਹਾ ਸੀ।
ਐਡਵੋਕੇਟ ਅਸ਼ਵਨੀ ਸ਼ਰਮਾ, ਅਜੇ ਕੁਮਾਰ ਵਿਰਮਾਨੀ, ਪੁਨੀਤ ਜ਼ਖਮੀ ਤੇ ਰਾਜੀਵ ਸ਼ਰਮਾ ਸਮੇਤ ਬਚਾਅ ਪੱਖ ਦੇ ਵਕੀਲਾਂ ਨੇ ਆਪਣੇ ਮੁਵੱਕਲਾਂ ਦੇ ਪੱਖ 'ਚ ਗਰਮਾ-ਗਰਮ ਬਹਿਸ ਕਰਦਿਆਂ ਕਈ ਤਰ੍ਹਾਂ ਦੇ ਕਾਨੂੰਨੀ ਤਰਕ ਤਾਂ ਦਿੱਤੇ ਹੀ ਸਨ ਪਰ ਕਥਿਤ ਦੋਸ਼ੀ ਦਵਿੰਦਰ ਸਿੰਘ ਸੰਧੂ ਦੇ ਕੌਂਸਲ ਤੇ ਅੰਮ੍ਰਿਤਸਰ ਬਾਰ ਦੇ ਪ੍ਰਧਾਨ ਪ੍ਰਦੀਪ ਸੈਣੀ ਨੇ ਕੁਝ ਵੱਖਰੇ ਹੀ ਲਹਿਜ਼ੇ 'ਚ ਅਜਿਹੇ ਕਾਨੂੰਨੀ ਤਰਕ ਦਿੱਤੇ ਕਿ ਭਾਰੀ ਗਿਣਤੀ 'ਚ ਹਾਜ਼ਰ ਲੋਕਾਂ ਨੇ ਅਦਾਲਤ 'ਚ ਤਾੜੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ 'ਤੇ ਪ੍ਰੋਸੀਕਿਊਸ਼ਨ ਨਾਲ ਖੜ੍ਹੇ ਹੋਏ ਕੁਝ ਵਕੀਲਾਂ ਨੇ ਇਤਰਾਜ਼ ਵੀ ਕੀਤਾ। ਸ਼ੁੱਕਰਵਾਰ ਨੂੰ ਡਿਊਟੀ ਮੈਜਿਸਟ੍ਰੇਟ ਮਨਦੀਪ ਸਿੰਘ ਦੀ ਅਦਾਲਤ ਨੇ ਹਾਲਾਂਕਿ ਐੱਸ. ਆਈ. ਟੀ. ਦੇ ਕਹਿਣ 'ਤੇ ਸਾਰੇ ਕਥਿਤ ਦੋਸ਼ੀਆਂ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਚ ਭੇਜ ਵੀ ਦਿੱਤਾ ਸੀ ਪਰ ਪੁਲਸ ਰਿਮਾਂਡ ਦੀ ਮਿਆਦ ਖਤਮ ਹੋਣ 'ਤੇ ਸ਼ਨੀਵਾਰ ਨੂੰ ਦੋਸ਼ੀਆਂ ਦੀ ਪੇਸ਼ੀ ਦੌਰਾਨ ਜਿਥੇ ਪ੍ਰੋਸੀਕਿਊਸ਼ਨ ਵੱਲੋਂ ਕੋਈ ਵੀ ਵਕੀਲ ਅਦਾਲਤ ਵਿਚ ਨਹੀਂ ਪਹੁੰਚਿਆ, ਉਥੇ ਐੱਸ. ਆਈ. ਟੀ. ਨੇ ਦੋਸ਼ੀਆਂ ਖਿਲਾਫ ਪੁਲਸ ਰਿਮਾਂਡ ਮੰਗਣਾ ਸਹੀ ਨਹੀਂ ਸਮਝਿਆ ਅਤੇ ਡਿਊਟੀ ਮੈਜਿਸਟ੍ਰੇਟ ਸਮੁੱਖੀ ਦੀ ਅਦਾਲਤ ਨੇ ਸ਼ਨੀਵਾਰ ਸਾਰੇ ਕਥਿਤ ਦੋਸ਼ੀਆਂ ਨੂੰ 17 ਮਾਰਚ ਤੱਕ 14 ਦਿਨਾਂ ਦੀ ਹਿਰਾਸਤ 'ਚ ਭੇਜ ਦਿੱਤਾ।


Related News