ਸਮਰਾਲਾ ਦੇ 198 ਪਿੰਡਾਂ ਨੂੰ ਕੋਰੋਨਾ ਤੋਂ ਬਚਾਉਣ ਲਈ ‘ਰੂਰਲ ਪੁਲਸ ਅਫ਼ਸਰ’ ਨਿਯੁਕਤ

Wednesday, May 19, 2021 - 03:52 PM (IST)

ਸਮਰਾਲਾ ਦੇ 198 ਪਿੰਡਾਂ ਨੂੰ ਕੋਰੋਨਾ ਤੋਂ ਬਚਾਉਣ ਲਈ ‘ਰੂਰਲ ਪੁਲਸ ਅਫ਼ਸਰ’ ਨਿਯੁਕਤ

ਸਮਰਾਲਾ (ਗਰਗ) : ਪੰਜਾਬ ਸਰਕਾਰ ਦੇ ਮਿਸ਼ਨ ਫਤਹਿ ਪ੍ਰੋਗਰਾਮ ਤਹਿਤ ਪੇਂਡੂ ਖੇਤਰਾਂ ਅੰਦਰ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਰੋਕਣ ਲਈ ਪੁਲਸ ਨੇ ਅੱਜ ਇਕ ਵੱਡਾ ਕਦਮ ਚੁੱਕਿਆ ਹੈ। ਇਸ ਤਹਿਤ ਡੀ. ਐੱਸ. ਪੀ. ਜਸਵਿੰਦਰ ਸਿੰਘ ਚਹਿਲ ਦੀ ਨਿਗਰਾਨੀ ਹੇਠ ਸਮਰਾਲਾ ਸਬ ਡਵੀਜ਼ਨ ਦੇ ਸਮੂਹ 198 ਪਿੰਡਾਂ ਵਿੱਚ ਕੋਵਿਡ ਮਰੀਜ਼ਾਂ ਦਾ ਜਲਦ ਪਤਾ ਲਗਾਉਣ ਅਤੇ ਉਨ੍ਹਾਂ ਦਾ ਇਲਾਜ ਕਰਨ ਲਈ ਪਿੰਡ ਪੱਧਰ ’ਤੇ ‘ਰੂਰਲ ਪੁਲਸ ਅਫ਼ਸਰ’ ਨਿਯੁਕਤ ਕੀਤੇ ਹਨ।

PunjabKesari

ਇਹ ਰੂਰਲ ਪੁਲਸ ਅਫ਼ਸਰ ਪਿੰਡਾਂ ਵਿੱਚ ਠੀਕਰੀ ਪਹਿਰੇ ਲਗਵਾਉਣ, ਟੈਸਟਿੰਗ, ਵੈਕਸੀਨੈਸ਼ਨ, ਮਰੀਜ਼ਾਂ ਲਈ ਦਵਾਈਆਂ, ਆਕਸੀਜ਼ਨ ਅਤੇ ਲੋੜਵੰਦਾਂ ਲਈ ਭੋਜਨ ਦੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਨਿਭਾਉਣਗੇ। ਇਸ ਦੇ ਨਾਲ ਹੀ ਇਹ ਅਫ਼ਸਰ ਪਿੰਡਾਂ ਅੰਦਰ ਕੋਰੋਨਾ ਤੋਂ ਬਚਣ ਲਈ ਜਾਗਰੂਕਤਾ ਮੁਹਿੰਮ ਵੀ ਚਲਾਉਣਗੇ। ਡੀ. ਐੱਸ. ਪੀ. ਜਸਵਿੰਦਰ ਸਿੰਘ ਚਹਿਲ ਨੇ 'ਜਗਬਾਣੀ' ਨੂੰ ਦੱਸਿਆ ਕਿ ਪੁਲਸ ਪ੍ਰਸ਼ਾਸ਼ਨ ਦੀ ਸਭ ਤੋਂ ਵੱਡੀ ਤਰਜ਼ੀਹ ਮਨੁੱਖੀ ਜਾਨਾਂ ਨੂੰ ਮਹਾਮਾਰੀ ਤੋਂ ਬਚਾਉਣਾ ਹੈ। ਇਸ ਦੇ ਲਈ ਪੁਲਸ ਨੇ ਪੇਂਡੂ ਖੇਤਰ ਨੂੰ ਕੋਰੋਨਾ ਮੁਕਤ ਰੱਖਣ ਲਈ ਜੰਗੀ ਪੱਧਰ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਪੰਚਾਇਤਾਂ ਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਜ਼ਮੀਨੀ ਪੱਧਰ ’ਤੇ ਜਾਗਰੂਕਤਾ ਗਤੀਵਿਧੀਆਂ ਦੇ ਨਾਲ-ਨਾਲ ਮੁੱਢਲੇ ਲੱਛਣ ਪਾਏ ਜਾਣ ’ਤੇ ਪੀੜਤ ਵਿਅਕਤੀਆਂ ਦੇ ਤੁਰੰਤ ਇਲਾਜ ਸਮੇਤ ਉਨ੍ਹਾਂ ਨੂੰ ਘਰਾਂ ਵਿੱਚ ਸਖ਼ਤੀ ਨਾਲ ਇਕਾਂਤਵਾਸ ਕਰਕੇ ਰੱਖਣ ’ਤੇ ‘ਰੂਰਲ ਪੁਲਸ ਅਫ਼ਸਰ’ ਪੂਰੀ ਨਜ਼ਰ ਰੱਖਣਗੇ। ਇਸ ਪੂਰੇ ਮਿਸ਼ਨ ਦੀ ਉਹ ਖ਼ੁਦ ਨਿਗਰਾਨੀ ਕਰਨਗੇ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਪੁਲਸ ਵੱਲੋਂ ਸਿਹਤ ਵਿਭਾਗ ਅਤੇ ਪੰਚਾਇਤੀ ਵਿਭਾਗ ਸਮੇਤ ਸਿਵਲ ਪ੍ਰਸਾਸ਼ਨ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ। 

ਡੀ. ਐੱਸ. ਪੀ. ਚਹਿਲ ਨੇ ਅੱਗੇ ਦੱਸਿਆ ਕਿ ਪੰਚਾਇਤਾਂ ਨੂੰ ਸਖ਼ਤੀ ਨਾਲ ਕਿਹਾ ਜਾ ਰਿਹਾ ਹੈ ਕਿ ਕੋਵਿਡ ਪੀੜਤ ਵਿਅਕਤੀਆਂ ਦੇ ਦਾਖ਼ਲੇ ’ਤੇ ਰੋਕ ਲਗਾਉਣ ਲਈ ਹਰ ਪਿੰਡ ਵਿੱਚ ਠੀਕਰੀ ਪਹਿਰਾ ਲਾਉਣ ਦੀ ਤੁਰੰਤ ਸ਼ੁਰੂਆਤ ਕੀਤੀ ਜਾਵੇ, ਜੋ ਪਿੰਡ ਵਿੱਚ ਬੀਮਾਰੀ ਫੈਲਾ ਸਕਦਾ ਹੈ ਅਤੇ ਪ੍ਰਸ਼ਾਸਨ ਨੂੰ ਵੀ ਸੂਚਿਤ ਕੀਤਾ ਜਾ ਸਕਦਾ ਹੈ ਤਾਂ ਜੋ ਬਿਨਾਂ ਦੇਰੀ ਕੀਤੇ ਉਸ ਨੂੰ ਇਕਾਂਤਵਾਸ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵੀ ਇੱਕਤਰ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਲੋਕਾਂ ਨੂੰ ਬੁਖ਼ਾਰ, ਫਲੂ ਜਾਂ ਹੋਰ ਕੋਵਿਡ ਦੇ ਲੱਛਣ ਪਾਏ ਜਾਣ ਦੀ ਸੂਰਤ ਵਿੱਚ ਤੁਰੰਤ ਡਾਕਟਰੀ ਸਲਾਹ ਲਈ ਪ੍ਰੇਰਿਤ ਕਰਨ ਦੀ ਮੁਹਿੰਮ ਵੀ ਆਰੰਭੀ ਗਈ ਹੈ। ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਦੇ ਪਿੰਡਾਂ ਤੋਂ ਇਲਾਵਾ ਸਮਰਾਲਾ ਅਤੇ ਮਾਛੀਵਾੜਾ ਸ਼ਹਿਰ ਦੇ ਸਮੂਹ ਵਾਰਡਾਂ ਲਈ ਵੀ ਪੁਲਸ ਕੋਵਿਡ ਦੀ ਰੋਕਥਾਮ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ।
 


author

Babita

Content Editor

Related News