ਪੇਂਡੂ ਮਜ਼ਦੂਰ ਯੂਨੀਅਨ ਨੇ ਫੂਕਿਆ ਜਲੰਧਰ ਪ੍ਰਸ਼ਾਸਨ ਦਾ ਪੁਤਲਾ

Monday, Mar 05, 2018 - 04:08 AM (IST)

ਪੇਂਡੂ ਮਜ਼ਦੂਰ ਯੂਨੀਅਨ ਨੇ ਫੂਕਿਆ ਜਲੰਧਰ ਪ੍ਰਸ਼ਾਸਨ ਦਾ ਪੁਤਲਾ

ਟਾਂਡਾ ਉੜਮੁੜ, (ਪੰਡਿਤ, ਜਸਵਿੰਦਰ, ਕੁਲਦੀਸ਼, ਮੋਮੀ, ਸ਼ਰਮਾ)- ਸ੍ਰੀ ਹਰਗੋਬਿੰਦਪੁਰ-ਟਾਂਡਾ ਰੋਡ ਉਪਰ ਰੜਾ ਮੋੜ 'ਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਜਲੰਧਰ ਪ੍ਰਸ਼ਾਸਨ ਅਤੇ ਜਲੰਧਰ ਦੇ ਨਿੱਜੀ ਆਲੂ ਫਾਰਮ ਮਾਲਕਾਂ ਦਾ ਪੁਤਲਾ ਫੂਕਿਆ ਗਿਆ। 
ਬੁਲਾਰਿਆਂ ਨੇ ਕਿਹਾ ਕਿ ਬੰਧੂਆ ਮਜ਼ਦੂਰ ਬਰਾਮਦ ਕਰਨ ਤੋਂ ਬਾਅਦ ਵੀ ਜਲੰਧਰ ਪ੍ਰਸ਼ਾਸਨ ਵੱਲੋਂ ਸੰਘਾ ਫਾਰਮ ਦੇ ਮਾਲਕਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ 19 ਫਰਵਰੀ ਨੂੰ ਬੰਧੂਆ ਮਜ਼ਦੂਰਾਂ ਨੂੰ ਰਿਹਾਅ ਕਰਵਾਉਣ ਉਪਰੰਤ ਫਾਰਮ ਮਾਲਕਾਂ ਖਿਲਾਫ਼ ਕਾਰਵਾਈ ਕਰਨ ਦੀ ਬਜਾਏ ਮਜ਼ਦੂਰਾਂ ਦੇ ਹੱਕ ਵਿਚ ਆਵਾਜ਼ ਉਠਾਉਣ ਵਾਲੇ ਮਜ਼ਦੂਰ ਆਗੂ ਤਰਸੇਮ ਪੀਟਰ ਅਤੇ ਕਸ਼ਮੀਰ ਘੁੱਗਸ਼ੋਰ ਵਿਰੁੱਧ ਪ੍ਰਸ਼ਾਸਨ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ, ਜੋ ਕਿ ਗਰੀਬ ਕਿਰਤੀ ਜਮਾਤ ਨਾਲ ਧੱਕਾ ਹੈ। 
ਮਜ਼ਦੂਰ ਆਗੂਆਂ ਨੇ ਕਿਹਾ ਕਿ ਜੇਕਰ ਸੰਘਾ ਫਾਰਮ ਦੇ ਮਾਲਕਾਂ ਅਤੇ ਐੱਸ. ਡੀ. ਐੱਮ. ਨਕੋਦਰ 'ਤੇ ਬੰਧੂਆ ਮਜ਼ਦੂਰੀ ਕਰਵਾਉਣ 'ਤੇ ਐੱਸ. ਸੀ. ਐੱਸ. ਟੀ. ਐਕਟ ਅਧੀਨ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਮਜ਼ਦੂਰ ਆਗੂਆਂ ਵਿਰੁੱਧ ਦਰਜ ਕੇਸ ਵਾਪਸ ਨਹੀਂ ਲਏ ਜਾਂਦੇ ਤਾਂ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਉਕਤ ਧੱਕੇਸ਼ਾਹੀ ਵਿਰੁੱਧ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਤਹਿਸੀਲ ਪ੍ਰਧਾਨ ਸਦੀਕ ਵਿੱਕੀ ਭੂਲਪੁਰ ਅਤੇ ਨਾਵਲ ਟਾਹਲੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਯੂਨੀਅਨ ਕਾਰਕੁੰਨ ਵੱਡੀ ਗਿਣਤੀ ਵਿਚ ਮੌਜੂਦ ਸਨ।


Related News