ਪੰਜਾਬ ਮੇਲ ''ਚ ਬੰਦੂਕ ਦੀ ਨੋਕ ''ਤੇ ਆਰ.ਪੀ.ਐੱਫ. ਕਾਂਸਟੇਬਲ ਨੇ ਕੀਤੀ ਲੜਕੀ ਨਾਲ ਛੇੜ-ਛਾੜ

07/25/2018 1:40:37 PM

ਫਿਰੋਜ਼ਪੁਰ (ਜ.ਬ) - ਮੁੰਬਈ ਤੋਂ ਫਿਰੋਜ਼ਪੁਰ ਆਉਣ ਵਾਲੀ ਪੰਜਾਬ ਮੇਲ (12137) 'ਚ ਬੰਦੂਕ ਦੀ ਨੋਕ 'ਤੇ ਆਰ.ਪੀ.ਐੱਫ. ਕਾਂਸਟੇਬਲ 'ਤੇ ਲੜਕੀ ਨਾਲ ਛੇੜ-ਛਾੜ ਕਰਨ ਦਾ ਦੋਸ਼ ਲੱਗਾ ਹੈ। ਕਾਂਸਟੇਬਰ ਦੀ ਇਸ ਬਦਸਲੂਕੀ ਕਾਰਨ ਪੀੜਤ ਲੜਕੀ ਨੂੰ ਆਪਣਾ ਸਫਰ ਵਿਚਕਾਰ ਹੀ ਛੱਡਣਾ ਪਿਆ ਅਤੇ ਉਸ ਨੂੰ ਬਠਿੰਡਾ ਉਤਰਨਾ ਪਿਆ।
ਮਿਲੀ ਜਾਣਕਾਰੀ ਅਨੁਸਾਰ ਰੇਲਵੇ ਨੂੰ ਟਵਿਟਰ 'ਤੇ ਭੇਜੀ ਸ਼ਿਕਾਇਤ 'ਚ ਪੀੜਤ ਨੇ ਦੱਸਿਆ ਕਿ ਜਦ ਉਹ ਰੇਲ ਗੱਡੀ ਦੇ ਐੱਸ-2 ਕੋਚ 'ਚ ਬੈਠੀ ਸੀ ਤਾਂ ਆਰ.ਪੀ.ਐੱਫ. ਦੇ ਕਾਂਸਟੇਬਲ ਨੇ ਉਸ ਨਾਲ ਛੇੜ-ਛਾੜ ਕੀਤੀ। ਆਪਣੇ ਆਪ ਨੂੰ ਬਚਾਉਣ ਲਈ ਉਹ ਰੇਲ ਗੱਡੀ ਤੋਂ ਹੇਠਾਂ ਉਤਰ ਗਈ ਤਾਂ ਉਕਤ ਕਾਂਸਟੇਬਲ ਨੇ ਉਸ ਦੀ ਬਾਂਹ ਫੜ ਲਈ ਅਤੇ ਉਸ ਨੂੰ ਬੰਦੂਕ ਦਿਖਾਈ। ਉਹ ਉਸ ਸਮੇਂ ਕਥਿਤ ਤੌਰ 'ਤੇ ਨਸ਼ੇ ਦੀ ਹਾਲਤ 'ਚ ਸੀ। ਪੰਜਾਬ ਮੇਲ ਦੇ ਟਿਕਟ ਚੈੱਕਰ ਬਲਬੀਰ ਸਿੰਘ ਨੇ ਦੱਸਿਆ ਕਿ ਜਦ ਉਹ ਗੱਡੀ ਬਹਾਦਰਗੜ੍ਹ ਪਹੁੰਚੀ ਤਾਂ ਰੇਲ ਗੱਡੀ 'ਚ ਮੌਜੂਦ ਆਰ.ਪੀ.ਐੱਫ. ਦਾ ਕਾਂਸਟੇਬਲ ਲੜਕੀ ਨਾਲ ਛੇੜ-ਛਾੜ ਕਰ ਰਿਹਾ ਸੀ। ਉਸ ਦੀ ਇਸ ਹਰਕਤ ਨੂੰ ਸਾਰੇ ਯਾਤਰੀ ਦੇਖ ਰਹੇ ਸਨ ਪਰ ਕਿਸੇ ਨੇ ਕੁਝ ਨਹੀਂ ਕਿਹਾ। ਬਲਬੀਰ ਨੇ ਦੱਸਿਆ ਕਿ ਉਨ੍ਹਾਂ ਨੇ ਲੜਕੀ ਨੂੰ ਦੂਜੇ ਕੋਚ 'ਚ ਸੀਟ ਦੇ ਦਿੱਤੀ ਪਰ ਉਥੇ ਹੀ ਉਹ ਆ ਗਿਆ ਅਤੇ ਬਦਸਲੂਕੀ ਕਰਨ ਲਗਾ। 

ਕੀ ਕਹਿੰਦੇ ਹਨ ਸੀਨੀਅਰ ਡੀ. ਸੀ. ਐੱਮ.
ਇਸ ਸਬੰਧੀ ਫਿਰੋਜ਼ਪੁਰ ਰੇਲ ਮੰਡਲ ਦੇ ਸੀਨੀਅਰ ਡੀ. ਸੀ. ਐੱਮ. ਹਰੀ ਮੋਹਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਆਰ. ਪੀ. ਐੱਫ. ਕਾਂਸਟੇਬਲ ਵਲੋਂ ਰੇਲ-ਗੱਡੀ 'ਚ ਮਹਿਲਾ ਯਾਤਰੀ ਨਾਲ ਕੀਤੀ ਛੇੜ-ਛਾੜ ਦੀ ਘਟਨਾ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ ਮਹਿਲਾ ਯਾਤਰੀਆਂ ਦੀ ਸੁਰੱਖਿਆ ਨਾਲ ਕੋਈ ਸਮਝੋਤਾ ਨਹੀਂ ਕੀਤਾ ਜਾਵੇਗਾ। ਇਸੇ ਲਈ ਆਰ.ਪੀ.ਐੱਫ. ਅਧਿਕਾਰੀਆਂ ਨੂੰ ਉਚਿਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ।

ਕੀ ਕਹਿਣਾ ਹੈ ਸੀਨੀਅਰ ਮੰਡਲ ਸੁਰੱਖਿਆ ਕਮਿਸ਼ਨਰ ਦਾ
ਇਸ ਸਬੰਧੀ ਜਦ ਫਿਰੋਜ਼ਪੁਰ ਦੇ ਸੀਨੀਅਰ ਮੰਡਲ ਸੁਰੱਖਿਆ ਕਮਿਸ਼ਨਰ ਐੱਸ. ਸੁਧਾਕਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਲੜਕੀ ਨਾਲ ਕੀਤੀ ਛੇੜ-ਛਾੜ ਦੀ ਘਟਨਾ ਸਹੀ ਪਾਈ ਗਈ ਤਾਂ ਉਕਤ ਕਾਂਸਟੇਬਲ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।


Related News