ਪੀ. ਯੂ. ''ਚ 9ਵਾਂ ਰੋਜ਼ ਫੈਸਟੀਵਲ 9 ਫਰਵਰੀ ਤੋਂ

Thursday, Jan 04, 2018 - 02:37 PM (IST)

ਪੀ. ਯੂ. ''ਚ 9ਵਾਂ ਰੋਜ਼ ਫੈਸਟੀਵਲ 9 ਫਰਵਰੀ ਤੋਂ

ਚੰਡੀਗੜ੍ਹ (ਰਸ਼ਮੀ ਹੰਸ) : ਪੀ. ਯੂ. ਦੇ ਰੋਜ਼ ਫੈਸਟੀਵਲ ਵਿਚ ਪਹਿਲੀ ਵਾਰ 3-ਡੀ ਆਰਟ ਦੇਖਣ ਨੂੰ ਮਿਲੇਗਾ। 3-ਡੀ ਆਰਟ ਲਈ ਬਾਕਾਇਦਾ ਕੈਂਪਸ ਵਿਚ ਸਪੈਸ਼ਲ ਕਲਾਕਾਰ ਬੁਲਾਏ ਜਾਣਗੇ, ਜੋ ਕੈਂਪਸ ਦੇ ਫੁੱਟਪਾਥ 'ਤੇ ਆਪਣੀ ਕਲਾਕਾਰੀ ਦਿਖਾਉਣਗੇ। 3-ਡੀ ਆਰਟ ਲਈ ਕੈਂਪਸ ਵਿਚ ਕਲਾਕਾਰ ਡਾ. ਥ੍ਰਿਟਥੰਕਾਰ ਭੱਟਾਚਾਰੀਆ, ਸੀਮਾ ਜੇਤਲੀ, ਰੌਸ਼ਨ ਅੰਸਾਲ, ਅੰਜਲੀ ਅਗਰਵਾਲ, ਸੰਜੇ ਕੁਮਾਰ ਤੇ ਅਰਜੁਨ ਕੁਮਾਰ ਆਪਣੀ ਕਲਾ ਦੇ ਰੰਗ ਬਿਖੇਰਨਗੇ। 9 ਤੋਂ 11 ਫਰਵਰੀ ਤਕ ਪੀ. ਯੂ. ਵਿਚ 9ਵਾਂ ਰੋਜ਼ ਫੈਸਟੀਵਲ ਸ਼ੁਰੂ ਹੋ ਰਿਹਾ ਰਿਹਾ ਹੈ। ਕੈਂਪਸ ਵਿਚ ਬੁੱਧਵਾਰ ਨੂੰ ਰੋਜ਼ ਫੈਸਟੀਵਲ ਸਬੰਧੀ ਹੋਈ ਬੈਠਕ ਵਿਚ ਇਹ ਫੈਸਲਾ ਲਿਆ ਗਿਆ। ਬੈਠਕ ਵਿਚ ਰਜਿਸਟਰਾਰ ਜੀ. ਐੱਸ. ਚੱਢਾ, ਡੀ. ਯੂ. ਆਈ. ਮੀਨਾਕਸ਼ੀ ਮਲਹੋਤਰਾ, ਐੱਫ. ਡੀ. ਓ. ਵਿਕਰਮ ਨਈਅਰ, ਪੁੱਟਾ ਪ੍ਰਧਾਨ ਪ੍ਰੋ. ਰਾਜੇਸ਼ ਗਿੱਲ, ਪੂਸਾ ਦੇ ਦੀਪਕ ਕੌਸ਼ਿਕ, ਵਿਦਿਆਰਥੀ ਕੌਂਸਲ ਦੇ ਉਪ ਪ੍ਰਧਾਨ ਕਰਨਬੀਰ ਸ਼ਾਮਲ ਸਨ।
ਪੀ. ਯੂ. ਦੇ ਰੋਜ਼ ਫੈਸਟੀਵਲ ਵਿਚ 3500 ਰੋਜ਼ ਰੱਖੇ ਜਾਣਗੇ। ਇਸ ਵਾਰ ਗੁਲਾਬ ਦੀਆਂ 12 ਨਵੀਆਂ ਕਿਸਮਾਂ ਦੇਖਣ ਨੂੰ ਮਿਲਣਗੀਆਂ, ਜਿਨ੍ਹਾਂ ਨੂੰ ਕੋਲਕਾਤਾ ਤੋਂ ਮੰਗਵਾ ਕੇ ਕੈਂਪਸ ਵਿਚ ਉਗਾਇਆ ਗਿਆ ਹੈ। ਇਨ੍ਹਾਂ ਵਿਚ ਸਾਰਿਕਾ, ਗਰੈਂਡ ਗਾਲਾ, ਪਾਊਡਪਫ, ਪਿਕੋਟੇ, ਲੁਈਸੀਆਨਾ, ਪੀਟਰ, ਲਵ, ਕ੍ਰਾਈ-ਕ੍ਰਾਈ ਤੇ ਪ੍ਰਿਅੰਕਾ ਆਦਿ ਰੋਜ਼ ਫੈਸਟੀਵਲ ਦੀ ਰੌਣਕ ਵਧਾਉਣਗੇ। ਫੈਸਟੀਵਲ ਵਿਚ ਸ਼ਹਿਰ ਦੇ ਵੱਖ-ਵੱਖ ਕਾਲਜ, ਸੰਸਥਾਵਾਂ ਤੇ ਨਿੱਜੀ ਤੌਰ 'ਤੇ ਲੋਕ ਹਿੱਸਾ ਲੈ ਸਕਦੇ ਹਨ।
 


Related News