ਤਪਦਿਕ ਰੋਗ ਐਕਟਿਵ ਕੇਸ ਫਾਈਂਡਿੰਗ ਵੈਨ ਨੂੰ ਕੀਤਾ ਰਵਾਨਾ
Monday, Feb 25, 2019 - 03:43 AM (IST)
ਰੋਪੜ (ਭੰਡਾਰੀ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਸਿਹਤ ਵਿਭਾਗ ਵੱਲੋਂ ਤਪਦਿਕ ਰੋਗ ਦੇ ਘਰ-ਘਰ ਪਹੁੰਚ ਕੇ ਮਰੀਜ਼ ਲੱਭਣ ਲਈ ਆਰੰਭੀ ਮੁਹਿੰਮ ਅਧੀਨ ਅੱਜ ਸਿਵਲ ਸਰਜਨ ਰੂਪਨਗਰ ਦੇ ਆਦੇਸ਼ਾਂ ’ਤੇ ਡਾ. ਸ਼ਿਵ ਕੁਮਾਰ ਸੀਨੀਅਰ ਮੈਡੀਕਲ ਅਫਸਰ ਬਲਾਕ ਨੂਰਪੁਰਬੇਦੀ ਦੀ ਅਗਵਾਈ ਹੇਠ ਸਿਹਤ ਅਧਿਕਾਰੀਆਂ ਵੱਲੋਂ ਟੀ. ਬੀ ਐਕਟਿਵ ਕੇਸ ਫਾਈਂਡਿੰਗ ਮੋਬਾਇਲ ਵੈਨ ਰਵਾਨਾ ਕੀਤੀ ਗਈ। ਇਸ ਮੁਹਿੰਮ ਤਹਿਤ ਅੱਜ ਬਲਾਕ ਨੂਰਪੁਰਬੇਦੀ ਅਧੀਨ ਪੈਂਦੇ ਪਿੰਡ ਕਾਹਨਪੁਰ ਖੂਹੀ, ਨੂਰਪੁਰਬੇਦੀ ਤੇ ਝਾਂਡੀਆਂ ਵਿਖੇ ਟੀ. ਬੀ. ਐਕਟਿਵ ਕੇਸ ਫਾਈਂਡਿੰਗ ਮੋਬਾਇਲ ਵੈਨ ਰਾਹੀਂ ਟੀ. ਬੀ. ਦੇ ਸ਼ੱਕੀ ਮਰੀਜ਼ਾਂ ਦੀ ਜਾਂਚ ਕੀਤੀ ਗਈ। ਐੱਸ. ਐੱਲ. ਟੀ. ਸੁਰਜੀਤ ਕੁਮਾਰ ਨੇ ਦੱਸਿਆ ਕਿ ਉਕਤ ਵੈਨ ’ਚ ਟੀ. ਬੀ. ਦੇ ਸ਼ੱਕੀ ਮਰੀਜ਼ਾਂ ਦੀ ਜਾਂਚ ਕਰਨ ਲਈ ਸੀ. ਵੀ. ਨੈੱਟ ਮਸ਼ੀਨ ਲੱਗੀ ਹੋਈ ਹੈ, ਜਿਸ ਰਾਹੀਂ ਸ਼ੱਕੀ ਮਰੀਜ਼ਾਂ ਦੇ ਬਲਗਮ ਦੇ ਸੈਂਪਲ ਲਏ ਗਏ। ਜਾਂਚ ਦੌਰਾਨ ਜੋ ਮਰੀਜ਼ ਟੀ. ਬੀ. ਤੋਂ ਗ੍ਰਸਤ ਪਾਏ ਜਾਣਗੇ, ਨੂੰ ਨੇਡ਼ਲੇ ਸਿਹਤ ਕੇਂਦਰਾਂ ਤੋਂ ਸਿਹਤ ਵਿਭਾਗ ਵੱਲੋਂ ਮੁਫ਼ਤ ਦਵਾਈ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਜਾਗਰੂਕਤਾ ਵੈਨ ਨਾਲ ਪਹੁੰਚੇ ਸਿਹਤ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਟੀ. ਬੀ. ਦੀ ਬੀਮਾਰੀ ਦੇ ਲੱਛਣ, ਬਚਾਅ ਅਤੇ ਇਲਾਜ ਸਬੰਧੀ ਦੱਸਿਆ ਗਿਆ। ਇਸ ਸਮੇਂ ਸਿਮਰਨਜੀਤ ਕੌਰ ਐੱਲ.ਟੀ., ਮ.ਪ.ਹ.ਵ.(ਫੀ) ਅਤੇ ਉਕਤ ਪਿੰਡਾਂ ਦੀਆਂ ਆਸ਼ਾ ਵਰਕਰਜ਼ ਹਾਜ਼ਰ ਸਨ।
