ਮੀਂਹ ''ਚ ਡਿੱਗੀ ਘਰ ਦੀ ਛੱਤ, ਪਰਿਵਾਰ ਦੇ 5 ਮੈਂਬਰ ਜ਼ਖਮੀ

07/16/2019 7:18:28 PM

ਅੰਮ੍ਰਿਤਸਰ,(ਰਮਨ/ਵੜੈਚ): ਸ਼ਹਿਰ 'ਚ ਛੋਟਾ ਹਰੀਪੁਰਾ ਸਥਿਤ ਘੁਮਿਆਰਾਂ ਵਾਲੀ ਗਲੀ 'ਚ ਮੀਂਹ ਦੌਰਾਨ ਇਕ ਖਸਤਾਹਾਲ ਕੱਚੀ ਛੱਤ ਡਿੱਗਣ ਨਾਲ ਘਰ ਦੇ 5 ਮੈਂਬਰ ਜ਼ਖਮੀ ਹੋ ਗਏ। ਮੌਕੇ 'ਤੇ ਆਸ-ਪਾਸ ਦੇ ਲੋਕਾਂ ਨੇ ਮਲਬੇ 'ਚ ਦੱਬੇ ਲੋਕਾਂ ਨੂੰ ਬਾਹਰ ਕੱਢਿਆ ਤੇ ਉਨ੍ਹਾਂ ਦਾ ਸਥਾਨਕ ਹਸਪਤਾਲ ਤੋਂ ਇਲਾਜ ਕਰਵਾਇਆ। ਘਰ ਦੇ ਮਾਲਕ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਕੁਝ ਦਿਨ ਪਹਿਲਾਂ ਦਿਲ ਦਾ ਦੌਰਾ ਪਿਆ ਸੀ ਤੇ ਉਸ ਨੂੰ ਦੇਖਣ ਉਸ ਦੀ ਭੈਣ ਤੇ ਪੁੱਤਰ ਆਇਆ ਸੀ, ਦੁਪਹਿਰ 12 ਵਜੇ ਉਹ ਘਰ ਵਿਚ ਬੈਠ ਕੇ ਗੱਲਾਂ ਕਰ ਰਹੇ ਸਨ ਕਿ ਅਚਾਨਕ ਛੱਤ ਡਿੱਗ ਗਈ। ਇਸ ਦੌਰਾਨ ਉਹ ਅਤੇ ਉਸ ਦਾ ਪੁੱਤਰ ਸਾਹਿਬ, ਜਗਰੂਪ, ਭੈਣ ਹਰਜਿੰਦਰ ਕੌਰ, ਪੁੱਤਰ ਸੋਨੂੰ ਨਾਲ ਵਿਚ ਬੈਠੇ ਸਨ ਅਤੇ ਉਨ੍ਹਾਂਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

ਖਸਤਾਹਾਲ ਇਮਾਰਤਾਂ ਵੱਲ ਪ੍ਰਸ਼ਾਸਨ ਦਾ ਨਹੀਂ ਧਿਆਨ
ਮਾਨਸੂਨ ਨੇ ਦਸਤਕ ਦਿੱਤੀ ਹੈ ਤੇ ਇਸ ਵਾਰ ਸ਼ਹਿਰ ਵਿਚ ਇਹ ਪਹਿਲੀ ਛੱਤ ਡਿੱਗੀ ਹੈ। ਸ਼ਹਿਰ 'ਚ ਇਸ ਤੋਂ ਵੀ ਵੱਧ ਖਸਤਾਹਾਲ ਬਿਲਡਿੰਗਾਂ ਖੜ੍ਹੀਆਂ ਹਨ, ਜਿਨ੍ਹਾਂ ਨਾਲ ਕਦੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਅਜਿਹੀਆਂ ਹੀ ਬਾਬਾ ਆਦਮ ਦੇ ਜ਼ਮਾਨੇ ਦੀਆਂ ਕਈ ਇਮਾਰਤਾਂ ਵਿਚ ਸਰਕਾਰੀ ਕਰਮਚਾਰੀ ਵੀ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਡੇਂਜਰ ਜ਼ੋਨ ਵੀ ਐਲਾਨਿਆ ਗਿਆ ਹੈ ਪਰ ਕੀਤਾ ਕੁਝ ਨਹੀਂ ਜਾ ਰਿਹਾ। ਪਿਛਲੇ ਸਾਲ ਵੀ ਸ਼ਹਿਰ ਵਿਚ ਕਈ ਬਿਲਡਿੰਗਾਂ ਡਿੱਗੀਆਂ ਸਨ ਅਤੇ 3-4 ਮੌਤਾਂ ਵੀ ਹੋਈਆਂ ਪਰ ਇਸ ਦੇ ਬਾਵਜੂਦ ਨਿਗਮ ਅਧਿਕਾਰੀਆਂ ਨੇ ਕੋਈ ਸਬਕ ਨਹੀਂ ਲਿਆ, ਅਗਲੇ ਦਿਨਾਂ 'ਚ ਸਾਰੇ ਪੰਜਾਬ ਵਿਚ ਭਾਰੀ ਮੀਂਹ ਪੈਣ ਦੇ ਲੱਛਣ ਦੱਸੇ ਜਾ ਰਹੇ ਹਨ, ਜਿਸ ਨਾਲ ਲੋਕ ਮੌਤਾਂ ਦੇ ਸਾਏ 'ਚ ਇਨ੍ਹਾਂ ਬਿਲਡਿੰਗਾਂ ਵਿਚ ਰਹਿ ਰਹੇ ਹਨ।


Related News