ਹੁਣ ਕੋਰੋਨਾ ਮਰੀਜ਼ਾਂ ਨੂੰ ਰੋਬੋਟ ਖੁਆਏਗਾ ਖਾਣਾ ਤੇ ਦਵਾਈਆਂ

Saturday, Apr 04, 2020 - 02:57 PM (IST)

ਹੁਣ ਕੋਰੋਨਾ ਮਰੀਜ਼ਾਂ ਨੂੰ ਰੋਬੋਟ ਖੁਆਏਗਾ ਖਾਣਾ ਤੇ ਦਵਾਈਆਂ

ਚੰਡੀਗੜ੍ਹ (ਰਵੀਪਾਲ) : ਕੋਰੋਨਾ ਮਰੀਜ਼ਾਂ ਦਾ ਇਲਾਜ ਕਰਨ 'ਚ ਸਭ ਤੋਂ ਵੱਡਾ ਰਿਸਕ ਹੈਲਥ ਕੇਅਰ ਵਰਕਰਜ਼ ਝੱਲ ਰਹੇ ਹਨ। ਖਾਸ ਕਰ ਕੇ ਉਹ ਸਟਾਫ ਜੋ ਮਰੀਜ਼ਾਂ ਨੂੰ ਤਿੰਨੇ ਟਾਈਮ ਖਾਣਾ ਅਤੇ ਹੋਰ ਸਾਮਾਨ ਦੇਣ ਲਈ ਦਿਨ 'ਚ 3 ਵਾਰ ਤੋਂ ਜ਼ਿਆਦਾ ਮਰੀਜ਼ਾਂ ਦੇ ਸੰਪਰਕ 'ਚ ਆ ਰਹੇ ਹਨ। ਇਸ ਰਿਸਕ ਫੈਕਟਰ ਨੂੰ ਘੱਟ ਕਰਨ ਲਈ ਜੀ. ਐੱਮ. ਸੀ. ਐੱਚ. ਦੇ ਡਾਕਟਰਾਂ ਨੇ ਲਾਈਨ ਫੋਲੋਇੰਗ ਰੋਬੋਟ ਬਣਾਇਆ ਹੈ ਜੋ ਇਨ੍ਹਾਂ ਮਰੀਜ਼ਾਂ ਤੱਕ ਖਾਣਾ ਅਤੇ ਸਾਮਾਨ ਬਿਨਾਂ ਕਿਸੇ ਰਿਸਕ ਦੇ ਪਹੁੰਚਾ ਸਕੇਗਾ। ਨਿਊਰੋਲੋਜਿਸਟ ਡਾ. ਨਿਸਿਤ ਸਾਵਲ ਦੇ ਅੰਡਰ ਡਾ. ਹਰਗੁਣ ਸਿੰਘ ਅਤੇ ਡਾ. ਤਨਿਸ਼ ਮੋਦੀ ਨੇ ਇਸ ਨੂੰ 2 ਹਫਤਿਆਂ 'ਚ ਤਿਆਰ ਕੀਤਾ ਹੈ। ਇਸ ਤਰ੍ਹਾਂ ਕਿਸੇ ਰੋਬੋਟ ਦੀ ਮਦਦ ਨਾਲ ਮਰੀਜ਼ਾਂ ਤੱਕ ਖਾਣਾ ਅਤੇ ਦਵਾਈਆਂ ਪਹੁੰਚਾਉਣ ਦਾ ਕੰਮ ਕਰਨ ਵਾਲਾ ਜੀ. ਐੱਮ. ਸੀ. ਐੱਚ. ਪਹਿਲਾ ਹਸਪਤਾਲ ਹੈ।

ਇਹ ਵੀ ਪੜ੍ਹੋ ► ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਉਣ ਵਾਲੇ 2 ਡਾਕਟਰਾਂ ਸਣੇ 10 ਹੋਰ ਕੀਤੇ ਕੁਆਰਿੰਟਾਈਨ 

ਦੱਸਣਯੋਗ ਹੈ ਕਿ ਸਿਹਤ ਸੰਸਥਾਵਾਂ ਅਨੁਸਾਰ ਇਹ ਵਾਇਰਸ ਇਕ ਮਨੁੱਖ ਤੋਂ ਦੂਜੇ ਮਨੁੱਖ ਤੱਕ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ। ਖਾਸ ਤੌਰ 'ਤੇ ਇਹ ਗੱਲ ਸਾਹਮਣੇ ਆਈ ਹੈ ਕਿ ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਅਤੇ ਨਰਸਾਂ ਦੀ ਜਾਨ ਵੀ ਖਤਰੇ 'ਚ ਜਾ ਸਕਦੀ ਹੈ। ਇਸ ਤੋਂ ਪਹਿਲਾਂ ਵੀ ਜੀ. ਐੱਮ. ਸੀ. ਅੰਮ੍ਰਿਤਸਰ (ਸਰਕਾਰੀ ਮੈਡੀਕਲ ਕਾਲੇਜ) ਦੀ ਡਾਕਟਰ ਨੇ ਕੋਵਿਡ-19 ਇਲਾਜ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਵੱਡਾ ਹਮਲਾ ਕੀਤਾ ਸੀ। ਡਾਕਟਰ ਦਾ ਦੋਸ਼ ਸੀ ਕਿ ਇਥੇ ਡਾਕਟਰ ਹੀ ਸੁਰੱਖਿਅਤ ਨਹੀਂ ਹਨ ਤਾਂ ਮਰੀਜ਼ ਕਿਵੇਂ ਸੁਰੱਖਿਅਤ ਰਹਿਣਗੇ। ਹਸਪਤਾਲ ਦੀ ਜੂਨੀਅਰ ਰੈਜ਼ੀਡੈਂਟ ਡਾ. ਪਰਵਿੰਦਰ ਕੌਰ ਨੇ ਇਸ ਮਾਮਲੇ 'ਚ ਸੀ. ਐੱਮ., ਆਈ. ਸੀ. ਐੱਮ. ਆਰ. ਅਤੇ ਕਈ ਅਧਿਕਾਰੀਆਂ ਨੂੰ ਟਵੀਟ ਵੀ ਕੀਤਾ ਹੈ।

ਡਾਕਟਰ ਨੇ ਦੋਸ਼ ਲਗਾਇਆ ਸੀ ਕਿ ਉਸ ਨੂੰ ਕਈ ਦਿਨਾਂ ਤੋਂ ਬੁਖਾਰ ਹੋ ਰਿਹਾ ਹੈ ਪਰ ਉਸ ਦਾ ਟੈਸਟ ਤੱਕ ਨਹੀਂ ਕੀਤਾ ਜਾ ਰਿਹਾ ਹੈ। ਉਹ ਐਮਰਜੈਂਸੀ ਡਿਊਟੀ 'ਤੇ ਤਾਇਨਾਤ ਹਨ ਅਤੇ ਕੋਵਿਡ-19 ਕੇਸ ਪਹਿਲਾਂ ਉਥੇ ਹੀ ਆਉਂਦੇ ਹਨ ਅਤੇ ਕੋਵਿਡ-19 ਕੇਸਾਂ ਲਈ ਨਾ ਤਾਂ ਕੋਈ ਵੱਖਰਾ ਰਸਤਾ ਦਿੱਤਾ ਗਿਆ ਹੈ ਅਤੇ ਨਾ ਹੀ ਵੱਖਰੀ ਕੋਈ ਬਿਲਡਿੰਗ ਤੈਅ ਕੀਤੀ ਗਈ ਹੈ।   ਉਨ੍ਹਾਂ ਕਿਹਾ ਕਿ ਡਾਕਟਰਾਂ ਨੂੰ ਬਿਨਾਂ ਕਿਸੇ ਪ੍ਰੋਟੈਕਟਿਵ ਕਿਟ ਭਾਵ ਐੱਨ-95 ਮਾਸਕ, ਸੂਟ ਦੇ ਹੀ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।  

ਇਹ ਵੀ ਪੜ੍ਹੋ ► ਫਰੀਦਕੋਟ 'ਚ ਕੋਰੋਨਾ ਵਾਇਰਸ ਦੀ ਦਸਤਕ, 35 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ

ਤਾਜ਼ਾ ਮਾਮਲੇ 'ਚ ਹੁਸ਼ਿਆਰਪੁਰ ਦੇ ਇੱਕ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਏ ਨਵਾਂਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਦੇ 2 ਡਾਕਟਰਾਂ ਸਣੇ 10 ਹੈਲਥ ਮੁਲਾਜ਼ਮਾਂ ਨੂੰ ਕੁਆਰਿੰਟਾਈਨ ਕੀਤਾ ਗਿਆ ਹੈ। ਸਿਹਤ ਵਿਭਾਗ ਦੇ ਇੱਕ ਅਫਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਵਾਂਸ਼ਹਿਰ ਦੇ ਚੰਡੀਗੜ੍ਹ•ਰੋਡ 'ਤੇ ਸਥਿਤ ਇੱਕ ਨਿੱਜੀ ਹਸਪਤਾਲ ਵਿਖੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਇੱਕ ਸ਼ੱਕੀ ਮਰੀਜ ਇਲਾਜ ਲਈ ਆਇਆ ਸੀ, ਜੋ ਬਾਅਦ 'ਚ ਉੱਥੋਂ ਦੌੜ ਗਿਆ ਸੀ, ਜਿਸਨੂੰ ਸਿਹਤ ਵਿਭਾਗ ਵੱਲੋਂ ਬਾਅਦ 'ਚ ਕੁਆਰਿੰਟਾਈਨ ਕਰ ਦਿੱਤਾ ਗਿਆ ਸੀ। ਅੱਜ ਉਸਦੀ ਪਾਜ਼ੇਟਿਵ ਰਿਪੋਰਟ ਆਉਣ 'ਤੇ ਨਿੱਜੀ ਹਸਪਤਾਲ ਦੇ 2 ਡਾਕਟਰਾਂ ਸਣੇ ਕਰੀਬ 10 ਮੈਡੀਕਲ ਸਟਾਫ ਦੇ ਮੈਂਬਰਾਂ ਨੂੰ ਕੁਆਰਿੰਟਾਈਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਸਿਹਤ ਮੁਲਾਜ਼ਮ ਅਤੇ ਡਾਕਟਰਾਂ ਦੇ ਸੈਂਪਲ ਲੈ ਕੇ ਜਾਂਚ ਲਈ ਚੰਡੀਗੜ੍ਹ ਭੇਜੇ ਜਾਣਗੇ।

ਇਹ ਵੀ ਪੜ੍ਹੋ ► ਭਾਈ ਨਿਰਮਲ ਸਿੰਘ ਦਾ ਸਸਕਾਰ ਰੋਕਣ ਵਾਲਿਆਂ ਨੂੰ ਸਿੱਖ ਪੰਥ ਤੋਂ ਬਾਹਰ ਕੀਤਾ ਜਾਵੇ : ਸੋਮ ਪ੍ਰਕਾਸ਼ ► ਅੰਮ੍ਰਿਤਸਰ ਦੀ ਡਾਕਟਰ ਨੇ ਕੋਵਿਡ-19 ਇਲਾਜ ਸਬੰਧੀ ਪੰਜਾਬ ਸਰਕਾਰ 'ਤੇ ਲਗਾਇਆ ਵੱਡਾ ਦੋਸ਼


author

Anuradha

Content Editor

Related News