ਲੁੱਟ-ਖੋਹ ਕਰਨ ਦੇ ਇਰਾਦੇ ਨਾਲ ਨੌਜਵਾਨ ਨੂੰ ਮਾਰੀ ਗੋਲੀ, ਹਾਲਤ ਗੰਭੀਰ
Tuesday, Jul 24, 2018 - 02:42 PM (IST)

ਵਲਟੋਹਾ/ਅਮਰਕੋਟ (ਬਲਜੀਤ,ਗੁਰਮੀਤ,ਅਮਰਗੌਰ)— ਡਿਊਟੀ ਤੋਂ ਵਾਪਸ ਆਉਂਦੇ ਸਮੇਂ ਪਿੰਡ ਘਰਿਆਲਾ ਦੇ ਨਜ਼ਦੀਕ ਪੱਟੀ ਰੋਡ ਪੈਲੇਸ ਨੇੜੇ ਇਕ ਨੌਜਵਾਨ ਨੂੰ ਲੁੱਟ-ਖੋਹ ਕਰਨ ਦੇ ਇਰਾਦੇ ਨਾਲ ਕੁਝ ਵਿਅਕਤੀਆਂ ਵਲੋਂ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਹੋਏ ਸਾਗਰ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਘਰਿਆਲਾ ਦੀ ਪਤਨੀ ਰਵਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰਾ ਪਤੀ ਸਾਗਰ ਸਿੰਘ ਪੱਟੀ ਦੇ ਇਕ ਐੱਚ.ਡੀ.ਐੱਫ.ਸੀ. ਬੈਂਕ ਦੇ ਏ.ਟੀ.ਐੱਮ. ਵਿਚ ਨੌਕਰੀ ਕਰਦਾ ਹੈ। ਉਹ ਸ਼ਾਮ ਸਾਢੇ ਅੱਠ ਵਜੇ ਦੇ ਕਰੀਬ ਆਪਣੀ ਡਿਊਟੀ ਤੋਂ ਵਾਪਸ ਆ ਰਿਹਾ। ਪਿੰਡ ਘਰਿਆਲਾ ਪੱਟੀ ਰੋਡ ਪੈਲੇਸ ਨੇੜੇ ਪੁੱਜਦੇ ਹੀ ਕੁਝ ਅਣਪਛਾਤੇ ਵਿਅਕਤੀਆਂ ਨੇ ਲੁੱਟਣ ਦੀ ਨੀਅਤ ਨਾਲ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਪਤੀ ਨੇ ਉਥੋਂ ਮੋਟਰਸਾਈਕਲ ਭਜਾ ਲਿਆ। ਉਕਤ ਵਿਅਕਤੀਆਂ ਨੇ ਪਿੱਛੋਂ ਉਨ੍ਹਾਂ 'ਤੇ ਗੋਲੀ ਚਲਾ ਦਿੱਤੀ ਪਰ ਉਨ੍ਹਾਂ ਨੇ ਫਿਰ ਵੀ ਮੋਟਰਸਾਈਕਲ ਨਹੀਂ ਰੋਕਿਆ। ਜਦੋਂ ਉਹ ਆਪਣੇ ਘਰ ਨੇੜੇ ਪੁੱਜੇ ਤਾਂ ਉਥੇ ਹੀ ਡਿੱਗ ਪਏ। ਜਿਸ ਦੀ ਸੂਚਨਾ ਤੁਰੰਤ ਅਸੀਂ ਪੁਲਸ ਚੌਕੀ ਘਰਿਆਲਾ ਵਿਖੇ ਦਿੱਤੀ। ਜਿਸ ਤੋਂ ਬਾਅਦ ਗੰਭੀਰ ਹਾਲਤ ਵਿਚ ਸਾਗਰ ਸਿੰਘ ਨੂੰ ਸਿਵਲ ਹਸਪਤਾਲ ਪੱਟੀ ਵਿਖੇ ਦਾਖ਼ਲ ਕਰਵਾਇਆ। ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਵਲੋਂ ਉਨ੍ਹਾਂ ਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ।
ਜਦੋਂ ਇਸ ਸਬੰਧੀ ਚੌਕੀ ਇੰਚਾਰਜ ਘਰਿਆਲਾ ਦੇ ਏ.ਐੱਸ.ਆਈ. ਲਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਤੱਥ ਸਾਹਮਣੇ ਆਉਣਗੇ ਉਸ ਸਬੰਧੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।