ਕੱਪੜਾ ਵਪਾਰੀ ਨਾਲ ਵਾਪਰੀ ਲੁੱਟ ਦੀ ਵਾਰਦਾਤ, ਲੁਟੇਰਿਆਂ ਨੇ ਪਿਸਤੌਲ ਵਿਖਾ ਖੋਹੀ ਕਾਰ

02/02/2020 11:32:49 PM

ਫਗਵਾੜਾ (ਹਰਜੋਤ)- ਇਥੋਂ ਦੇ ਇਕ ਕੱਪੜਾ ਵਪਾਰੀ ਕੋਲੋਂ ਚਾਰ ਲੁਟੇਰੇ ਪਿਸਤੌਲ ਦੇ ਜ਼ੋਰ 'ਤੇ ਕਾਰ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲਸ ਅਗਲੇਰੀ ਕਾਰਵਾਈ ਕਰ ਰਹੀ ਹੈ। ਇਹ ਮਾਮਲਾ ਅੱਜ ਦੇਰ ਰਾਤ 9.40 'ਤੇ ਥਾਣਾ ਸਿਟੀ ਤੋਂ ਕਰੀਬ 100 ਮੀਟਰ ਦੀ ਦੂਰੀ 'ਤੇ ਗਾਂਧੀ ਚੌਕ ਨਜ਼ਦੀਕ ਵਾਪਿਰਆ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਰਜ ਗਾਂਬਾ ਪੁੱਤਰ ਪ੍ਰੇਮ ਨਾਥ ਗਾਂਬਾ ਵਾਸੀ ਗਲੀ ਨੰਬਰ 1 ਡੱਡਲ ਮੁਹੱਲਾ ਨੇ ਦੱਸਿਆ ਕਿ ਉਸ ਦੀ ਗਾਂਧੀ ਚੌਕ ਨਜ਼ਦੀਕ ਰਤਨ ਸਿਲਕ ਸਟੋਰ ਕੱਪੜੇ ਦੀ ਦੁਕਾਨ ਹੈ ਅਤੇ ਉਹ ਹਰ ਐਤਵਾਰ ਦੀ ਤਰ੍ਹਾਂ ਅੱਜ ਵੀ ਅੰਮ੍ਰਿਤਸਰ ਤੋਂ ਆਪਣੀ ਕਾਰ ਆਈ-20 'ਚ ਕੱਪੜਾ ਖਰੀਦ ਕੇ ਆਪਣੀ ਦੁਕਾਨ 'ਤੇ ਪੁੱਜੇ ਸਨ ਤਾਂ ਇੰਨੀ ਦੇਰ ਨੂੰ ਇਕ ਚਿੱਟੇ ਰੰਗ ਦੀ ਕਾਰ 'ਚ ਸਵਾਰ ਹੋ ਕੇ ਚਾਰ ਲੁਟੇਰੇ ਆਏ, ਜਿਨ੍ਹਾਂ 'ਚੋਂ ਇਕ ਲੁਟੇਰਾ ਬਾਹਰ ਨਿਕਲਿਆ ਤੇ ਉਸ ਪਾਸੋਂ ਕਾਰ ਦੀ ਚਾਬੀ ਮੰਗਣ ਲੱਗਾ। ਜਦੋਂ ਉਸ ਨੇ ਨਾ ਕੀਤੀ ਤਾਂ ਉਸ ਵੱਲੋਂ ਪਿਸਤੌਲ ਤਾਣ ਦਿੱਤਾ ਤੇ ਚਾਬੀ ਲੈ ਕੇ ਗੱਡੀ ਖੋਹ ਲਈ ਤੇ ਲੈ ਕੇ ਤੁਰਦੇ ਬਣੇ।

ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਸਾਰ ਐੱਸ. ਪੀ. ਮਨਵਿੰਦਰ ਸਿੰਘ ਮੌਕੇ 'ਤੇ ਪੁੱਜੇ ਅਤੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ। ਪੁਲਸ ਨੇ ਇਸ ਸਬੰਧੀ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਕਾਰ ਲੁੱਟਣ ਤੋਂ ਬਾਅਦ ਲੁਟੇਰਿਆਂ ਦਾ ਪਿੱਛਾ ਵੀ ਕੀਤਾ ਗਿਆ ਪਰ ਉਹ ਨਿਕਲ ਗਏ।

ਲੁਟੇਰਿਆਂ ਨੇ ਫਗਵਾੜਾ ਪੁਲਸ ਨੂੰ ਦਿੱਤੀ ਚੁਣੌਤੀ!
ਫਗਵਾੜਾ ਸ਼ਹਿਰ 'ਚ ਹਾਲਾਤ ਇੰਨੇ ਕੁ ਖਰਾਬ ਹੋ ਚੁੱਕੇ ਹਨ ਕਿ ਲੁਟੇਰੇ ਗੰਨ ਪੁਆਇੰਟ 'ਤੇ ਵੱਡੀਆਂ-ਵੱਡੀਆਂ ਲੁੱਟਾਂ ਕਰ ਕੇ ਫ਼ਰਾਰ ਹੋ ਰਹੇ ਹਨ ਅਤੇ ਲੋਕ ਸਹਿਮ 'ਚ ਹਨ। ਅਜੇ ਤਾਂ 3 ਦਿਨ ਪਹਿਲਾਂ 30 ਜਨਵਰੀ ਨੂੰ ਇਥੋਂ ਦੇ ਪਿੰਡ ਪਾਂਸ਼ਟਾ ਵਿਖੇ ਇਕ ਸੁਨਿਆਰੇ ਦੀ ਦੁਕਾਨ 'ਤੇ ਫ਼ਾਇਰਿੰਗ ਕਰ ਕੇ ਲੁਟੇਰਿਆਂ ਨੇ ਦੁਕਾਨ ਮਾਲਕ ਤੇ ਕਰਿੰਦੇ ਨੂੰ ਜ਼ਖਮੀ ਕਰ ਦਿੱਤਾ ਸੀ ਤੇ ਉੱਥੋਂ 4 ਤੋਲੇ ਸੋਨਾ, 7 ਤੋਲੇ ਚਾਂਦੀ ਤੇ 4 ਲੱਖ ਰੁਪਏ ਦੀ ਨਕਦੀ, ਮੋਬਾਇਲ ਫੋਨ ਤੇ ਹੋਰ ਸਾਮਾਨ ਲੈ ਗਏ। ਉੱਚ ਪੁਲਸ ਅਧਿਕਾਰੀਆਂ ਨੇ ਮੌਕੇ ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਸੀ ਅਤੇ ਮਾਮਲਾ ਦਰਜ ਕਰ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਸੀ ਪਰ ਅਜੇ ਇਸ ਘਟਨਾ ਨੂੰ ਤਿੰਨ ਦਿਨ ਹੀ ਬੀਤੇ ਹਨ ਕਿ ਅੱਜ ਮੁੜ ਲੁਟੇਰਿਆਂ ਨੇ ਨਵਾਂ ਕਾਰਨਾਮਾ ਕਰਦੇ ਹੋਏ ਸ਼ਹਿਰ ਦੇ ਸਿਟੀ ਥਾਣਾ ਤੋਂ ਸਿਰਫ਼ ਕਰੀਬ 100 ਮੀਟਰ ਦੀ ਦੂਰੀ 'ਤੇ ਸਥਿਤ ਦੁਕਾਨ ਦੇ ਬਾਹਰੋਂ ਨਿਸ਼ਾਨਾ ਬਣਾ ਕੇ ਘਟਨਾ ਨੂੰ ਅੰਜਾਮ ਦਿੱਤਾ। ਲੁਟੇਰੇ ਨਿੱਤ ਨਵੇਂ ਦਿਨ ਵਾਰਦਾਤ ਨੂੰ ਅੰਜਾਮ ਦੇ ਕੇ ਫਗਵਾੜਾ ਪੁਲਸ ਨੂੰ ਚੁਣੌਤੀ ਦੇ ਰਹੇ ਹਨ।

ਲੋਕਾਂ 'ਚ ਸਹਿਮ, ਕਿਹਾ-ਪੁਲਸ ਕੀ ਕਰ ਰਹੀ ਹੈ?
ਦੇਰ ਰਾਤ ਸ਼ਹਿਰ ਦੇ ਮੁੱਖ ਇਲਾਕੇ ਨਜ਼ਦੀਕ ਵਾਪਰੀ ਇਸ ਘਟਨਾ ਨਾਲ ਲੋਕਾਂ 'ਚ ਕਾਫ਼ੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਵੱਡੀਆਂ ਗੈਂਗਾਂ ਦੇ ਲੁਟੇਰੇ ਅਜਿਹੀਆਂ ਘਟਨਾਵਾ ਨੂੰ ਨਿੱਤ ਦਿਨ ਅੰਜਾਮ ਦੇ ਕੇ ਨਿਕਲ ਰਹੇ ਹਨ ਪਰ ਪੁਲਸ ਕਰ ਕੀ ਰਹੀ ਹੈ?
ਲੋਕਾਂ ਨੇ ਪੰਜਾਬ ਪੁਲਸ ਦੇ ਡੀ. ਜੀ. ਪੀ. ਤੇ ਜ਼ਿਲਾ ਪੁਲਸ ਕੋਲੋਂ ਮੰਗ ਕੀਤੀ ਕਿ ਫਗਵਾੜਾ ਸ਼ਹਿਰ 'ਚ ਵੱਧ ਰਹੀਆਂ ਲੁੱਟਾਂ-ਖੋਹਾਂ ਦੀਆਂ ਘਟਨਾਵਾਂ 'ਤੇ ਠੱਲ੍ਹ ਪਾਈ ਜਾਵੇ। ਇਥੇ ਹੀ ਹੁਣ ਇਹ ਵੀ ਲੱਗ ਰਿਹਾ ਹੈ ਕਿ ਐਤਵਾਰ ਵਾਲੇ ਦਿਨ ਲੁਟੇਰਿਆਂ ਵੱਲੋਂ ਇਸ ਕਾਰ ਨੂੰ ਲੁੱਟਣ ਦਾ ਕੀ ਮਕਸਦ ਸੀ? ਲੱਗਦਾ ਹੈ ਕਿ ਹੁਣ ਲੁਟੇਰੇ ਇਸ ਕਾਰ ਦਾ ਪ੍ਰਯੋਗ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਕਰ ਸਕਦੇ ਹਨ।

ਲੁਟੇਰਿਆਂ ਦਾ ਟਾਰਗੈੱਟ ਫਗਵਾੜਾ ਹੀ ਕਿਉਂ ?
ਸਥਾਨਕ ਲੋਕਾਂ ਨੇ ਕਿਹਾ ਕਿ ਉੱਧਰ 3 ਜਨਵਰੀ ਨੂੰ ਇਥੋਂ ਦੇ ਸਰਾਫ਼ਾ ਬਾਜ਼ਾਰ 'ਚੋਂ ਵੀ ਲੁਟੇਰਿਆਂ ਨੇ ਇਕ ਸੁਨਿਆਰੇ ਦਾ ਕਾਰੋਬਾਰ ਕਰਨ ਵਾਲੇ ਬੰਗਾਲੀ ਪਾਸੋਂ ਕਰੀਬ ਅੱਧਾ ਕਿਲੋ ਸੋਨਾ ਲੁੱਟਿਆ ਸੀ ਪਰ ਉਸ ਮਾਮਲੇ 'ਚ ਵੀ ਪੁਲਸ ਨੂੰ ਕੁਝ ਪ੍ਰਾਪਤੀ ਨਹੀਂ ਹੋਈ। ਆਖਿਰਕਾਰ ਇਹ ਕਿਹੋ ਜਿਹੀਆਂ ਗੈਂਗਾਂ ਦੇ ਲੁਟੇਰੇ ਹਨ। ਜਿਨ੍ਹਾਂ ਦਾ ਟਾਰਗੈੱਟ ਸਿਰਫ਼ ਫਗਵਾੜਾ ਸ਼ਹਿਰ ਹੀ ਬਣਿਆ ਹੋਇਆ ਹੈ।


Sunny Mehra

Content Editor

Related News