3.60 ਲੱਖ ਰੁਪਏ ਦੀ ਲੁੱਟ ਖੋਹ ਦਾ ਡਰਾਮਾ ਕਰਨ ਵਾਲੇ 5 ਦੋਸ਼ੀ ਰਕਮ ਸਣੇ ਕਾਬੂ

04/23/2019 6:01:37 PM

ਫਤਿਹਗੜ੍ਹ ਸਾਹਿਬ (ਬਖਸ਼ੀ) - 3 ਲੱਖ 60 ਹਜ਼ਾਰ ਦੀ ਲੁੱਟ ਖੋਹ ਦਾ ਕਥਿਤ ਤੌਰ 'ਤੇ ਡਰਾਮਾ ਕਰਨ ਵਾਲੇ 5 ਵਿਅਕਤੀਆਂ ਨੂੰ ਜ਼ਿਲਾ ਪੁਲਸ ਨੇ ਰਕਮ ਸਣੇ ਕੁਝ ਘੰਟਿਆ 'ਚ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ 22 ਅਪ੍ਰੈਲ ਨੂੰ ਅਮਲੋਹ ਪੁਲਸ ਨੂੰ ਕੁਲਦੀਪ ਸਿੰਘ ਪੁੱਤਰ ਧਰਮਪਾਲ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਤੇ ਉਸਦਾ ਭਰਾ ਅਮਨਦੀਪ ਸਿੰਘ ਪਿੰਡ ਸ਼ਾਹਪੁਰ ਵਿਖੇ ਮੋਬਾਇਲ ਤੇ ਮਨੀ ਟਰਾਂਸਫਰ ਦਾ ਕੰਮ ਕਰਦੇ ਹਨ। ਦੁਪਹਿਰ ਕਰੀਬ 12 ਕੁ ਵਜੇ ਉਸਦਾ ਭਰਾ ਅਮਨਦੀਪ ਸਿੰਘ ਬੈਂਕ 'ਚ 3.60 ਲੱਖ ਰੁਪਏ ਜਮ੍ਹਾ ਕਰਵਾਉਣ ਲਈ ਰਵਿੰਦਰ ਸ਼ਾਹ ਨਾਲ ਗਿਆ ਸੀ। ਵਾਪਸ ਆਉਣ 'ਤੇ ਉਸ ਨੇ ਦੱਸਿਆ ਕਿ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਨ੍ਹਾਂ ਦੀਆਂ ਅੱਖਾਂ 'ਚ ਮਿਰਚਾਂ ਪਾਉਂਦੇ ਹੋਏ ਰਵਿੰਦਰ ਸ਼ਾਹ 'ਤੇ ਦਾਤ ਨਾਲ ਵਾਰ ਕਰ ਦਿੱਤਾ ਅਤੇ ਉਨ੍ਹਾਂ ਤੋਂ 3.60 ਲੱਖ ਦੀ ਰਕਮ ਖੋਹ ਕੇ ਫਰਾਰ ਹੋ ਗਏ। 

ਐੱਸ.ਐੱਸ.ਪੀ. ਨੇ ਦੱਸਿਆ ਕਿ ਐੱਸ.ਪੀ. (ਡੀ) ਹਰਪਾਲ ਸਿੰਘ ਅਤੇ ਡੀ.ਐੱਸ.ਪੀ. ਅਮਲੋਹ ਗੁਰਸ਼ੇਰ ਸਿੰਘ ਸੰਧੂ ਦੇ ਨਿਰਦੇਸ਼ਾਂ 'ਤੇ ਥਾਣਾ ਅਮਲੋਹ ਦੇ ਐੱਸ.ਐੱਚ.ਓ. ਮਹਿੰਦਰ ਸਿੰਘ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਮਾਮਲੇ ਦੀ ਜਾਂਚ ਕਰਦੇ ਹੋਏ ਉਨ੍ਹਾਂ ਨੇ ਗੁਰਦੀਪ ਸਿੰਘ ਅਤੇ ਗੁਰਵੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਵਾਰਦਾਤ 'ਚ ਵਰਤਿਆ ਹਥਿਆਰ, ਬੁਲੇਟ ਮੋਟਰਸਾਈਕਲ ਨੰਬਰ ਪੀ.ਬੀ-10-ਈ.ਬੀ-5456 ਅਤੇ ਉਨ੍ਹਾਂ ਦੇ ਹਿੱਸੇ 'ਚ ਆਈ ਰਕਮ ਬਰਾਮਦ ਕਰ ਲਈ। ਡੂੰਘਾਈ ਨਾਲ ਪੁੱਛਗਿੱਛ ਕਰਨ 'ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਅਮਨਦੀਪ ਸਿੰਘ ਨੇ ਆਪਣੇ ਭਰਾ ਕੁਲਦੀਪ ਸਿੰਘ ਦੇ ਕਰੀਬ 2 ਲੱਖ ਰੁਪਏ ਦੇਣੇ ਸਨ, ਜਿਸ ਕਾਰਨ ਉਸਨੇ ਜਸਪ੍ਰੀਤ ਸਿੰਘ ਨਾਲ ਸਲਾਹ ਕਰਕੇ ਗੁਰਦੀਪ ਸਿੰਘ, ਗੁਰਵੀਰ ਸਿੰਘ ਅਤੇ ਰਵਿੰਦਰ ਸ਼ਾਹ ਨੂੰ ਸ਼ਾਮਲ ਕਰਕੇ ਲੁੱਟ ਖੋਹ ਦੀ ਮਨਘੜਤ ਕਹਾਣੀ ਬਣਾ ਲਈ। ਲੁੱਟ-ਖੋਹ ਦੀ ਇਸ ਵਾਰਦਾਤ ਤੋਂ ਬਾਅਦ ਅਮਨਦੀਪ ਸਿੰਘ ਨੇ 1 ਲੱਖ 60 ਰੁਪਏ ਖੁਦ ਰੱਖ ਕੇ ਬਾਕੀ ਪੈਸੇ ਚਾਰੇ ਵਿਅਕਤੀਆਂ 'ਚ ਵੰਡ ਦਿੱਤੇ।


rajwinder kaur

Content Editor

Related News