ਨਕਾਬਪੋਸ਼ ਲੁਟੇਰੇ ਪੈਟਰੋਲ ਪੰਪ ਮੁਲਾਜ਼ਮ ਨੂੰ ਗੋਲੀ ਮਾਰ ਕੇ ਫਰਾਰ

Friday, Jun 29, 2018 - 05:45 PM (IST)

ਨਕਾਬਪੋਸ਼ ਲੁਟੇਰੇ ਪੈਟਰੋਲ ਪੰਪ ਮੁਲਾਜ਼ਮ ਨੂੰ ਗੋਲੀ ਮਾਰ ਕੇ ਫਰਾਰ

ਬੰਗਾ (ਚਮਨ ਲਾਲ/ ਰਾਕੇਸ਼ ਅਰੋੜਾ) - ਬੰਗਾ ਮੁੱਖ ਮਾਰਗ ਦੇ ਨੇੜੇ ਯੈੱਸ ਬੈਂਕ ਕੋਲ 2 ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਵੱਲੋਂ ਸਥਾਨਕ ਫਗਵਾੜਾ ਰੋਡ 'ਤੇ ਰਾਏ ਪੈਟਰੋਲ ਪੰਪ ਦੇ ਇਕ ਮੁਲਾਜ਼ਮ ਨੂੰ ਗੋਲੀ ਮਾਰ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਰਾਏ ਪੰਪ ਦਾ ਸ਼ੀਤਲ ਸਿੰਘ ਪੁੱਤਰ ਬਹਾਦਰ ਸਿੰਘ ਮੁਲਾਜ਼ਮ, ਜੋ ਪਿਛਲੇ 15 ਸਾਲ ਤੋਂ ਪੰਪ 'ਤੇ ਤੇਲ ਪਾਉਣ ਤੇ ਉਸ ਨਾਲ ਸਬੰਧਤ ਹੋਰ ਕੰਮ ਕਰਦਾ ਹੈ।
ਉਪਰੋਕਤ ਮੁਲਾਜ਼ਮ ਰੋਜ਼ਾਨਾਂ ਦੀ ਤਰ੍ਹਾਂ ਪੰਪ ਤੋਂ ਇਕੱਠੀ ਹੋਈ 8 ਲੱਖ ਰੁਪਏ ਦੇ ਕਰੀਬ ਦੀ ਨਕਦੀ ਲੈ ਕੇ ਰੇਲਵੇ ਰੋਡ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ 'ਚ ਜਮ੍ਹਾ ਕਰਾਉਣ ਲਈ ਜਾ ਰਿਹਾ ਸੀ ਤਾਂ 2 ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਘੇਰ ਲਿਆ ਅਤੇ ਨਕਦੀ ਖੋਹਣ ਦੀ ਕੋਸ਼ਿਸ਼ ਕਰਨ ਲੱਗ ਪਏ। ਉਨ੍ਹਾਂ ਨੂੰ ਉਲਝਦਾ ਵੇਖ ਪਿੱਛਿਓ ਪੈਦਲ ਆਉਂਦੇ ਪੰਜਾਬ ਪੁਲਸ ਬੰਗਾ ਸਦਰ ਦੇ ਹੈੱਡ ਕਾਂਸਟੇਬਲ ਅਸ਼ੋਕ ਲੋਹਟੀਆ ਮੁਲਾਜ਼ਮ ਨੇ ਦੂਰ ਤੋਂ ਰੌਲਾ ਪਾਇਆ ਤਾਂ ਉਪਰੋਕਤ ਨਕਾਬਪੋਸ਼ਾਂ ਨੇ ਪੰਪ ਦੇ ਮੁਲਾਜ਼ਮ 'ਤੇ ਗੋਲੀ ਚਲਾ ਦਿੱਤੀ, ਜੋ ਉਸ ਦੇ ਖੱਬੇ ਪਾਸੇ ਦੇ ਪੱਟ 'ਤੇ ਜਾ ਲੱਗੀ । ਪੰਪ ਮੁਲਾਜ਼ਮ ਨੇ ਆਪਣਾ ਵਿਰੋਧ ਫਿਰ ਵੀ ਜਾਰੀ ਰੱਖਿਆ ਤੇ ਹੱਥ 'ਚ ਫੜ੍ਹਿਆ ਪੈਸਿਆਂ ਵਾਲਾ ਬੈਗ ਉਕਤ ਲੁਟੇਰਿਆਂ ਨੂੰ ਨਹੀਂ ਦਿੱਤਾ। ਨਕਾਬਪੋਸ਼ਾਂ ਨੇ ਆਪਣੇ ਨੇੜੇ ਆ ਰਹੇ ਪੁਲਸ ਮੁਲਾਜ਼ਮ 'ਤੇ ਵੀ ਗੋਲੀ ਚਲਾ ਦਿੱਤਾ ਪਰ ਉਹ ਵਾਲ-ਵਾਲ ਬਚ ਗਿਆ। ਉਪਰੋਕਤ ਪੁਲਸ ਮੁਲਾਜ਼ਮ ਨੇ ਕਾਫੀ ਦੂਰ ਤੱਕ ਉਨ੍ਹਾਂ ਦਾ ਦੌੜ ਕੇ ਪਿੱਛਾ ਕੀਤਾ ਪਰ ਮੋਟਰਸਾਈਕਲ ਸਵਾਰ ਲੁਟੇਰੇ ਭੱਜਣ 'ਚ ਕਾਮਯਾਬ ਹੋ ਗਏ। 
ਗੋਲੀ ਚੱਲਣ ਦੀ ਸੂਚਨਾ ਮਿਲਣ 'ਤੇ ਥਾਣਾ ਸਿਟੀ ਦੇ ਪੁਲਸ ਅਧਿਕਾਰੀਆਂ ਤੋਂ ਇਲਾਵਾ ਥਾਣਾ ਸਦਰ ਦੇ ਐੱਸ.ਐੱਚ.ਓ. ਰਾਜੀਵ ਕੁਮਾਰ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ ਤੇ ਗੋਲੀ ਲੱਗਣ ਨਾਲ ਜ਼ਖਮੀ ਹੋਏ ਪੰਪ ਦੇ ਮੁਲਾਜ਼ਮ ਨੂੰ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਡਿਊਟੀ 'ਤੇ ਤੈਨਾਤ ਡਾਕਟਰੀ ਟੀਮ ਨੇ ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਨਵਾਂਸ਼ਹਿਰ ਰੈਂਫਰ ਕਰ ਦਿੱਤਾ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੰਗਾ ਪੁਲਸ ਨੂੰ ਉਪਰੋਕਤ ਨਕਾਬਪੋਸ਼ਾਂ ਵੱਲੋ ਵਾਰਦਾਤ 'ਚ ਵਰਤਿਆ ਮੋਟਰਸਾਈਕਲ ਦਾ ਨੰਬਰ ਪਤਾ ਲੱਗ ਗਿਆ ਹੈ ਤੇ ਪੁਲਸ ਪਾਰਟੀ ਉਪਰੋਕਤ ਮੋਟਰਸਾਈਕਲ ਦੇ ਮਾਲਕ ਦੀ ਖੋਜ ਲਈ ਛਾਪੇਮਾਰੀ ਕਰ ਰਹੀ ਹੈ ।

ਕਿ ਕਹਿਣਾ ਹੈ ਥਾਣਾ ਸਦਰ ਦੇ ਐੱਸ.ਐੱਚ.ਓ. ਰਾਜੀਵ ਕੁਮਾਰ ਦਾ
ਘਟਨਾ ਸਥਾਨ 'ਤੇ ਮੌਜੂਦ ਥਾਣਾ ਸਦਰ ਬੰਗਾ ਦੇ ਐੱਸ.ਐੱਚ.ਓ. ਰਾਜੀਵ ਕੁਮਾਰ ਨੇ ਕਿਹਾ ਕਿ ਉਹ ਥਾਣਾ ਸਿਟੀ ਦੇ ਅਧਿਕਾਰੀਆਂ ਨਾਲ ਮਿਲ ਕੇ ਕਾਰਵਾਈ ਕਰ ਰਹੇ ਹਨ । ਜਲਦ ਹੀ ਉਹ ਉਪਰੋਕਤ ਨਕਾਬਪੋਸ਼ਾਂ ਨੂੰ ਕਾਬੂ ਕਰਕੇ ਕਾਨੂੰਨ ਕਾਰਵਾਈ ਕੀਤੀ ਜਾਵੇਗੀ।


Related News