ਨਕੋਦਰ ਵਿਚ ਵੱਡੀ ਵਾਰਦਾਤ ਕਰਨਾ ਚਾਹੁੰਦੇ ਸਨ ਲੁਟੇਰੇ, ਮਾਰੂ ਹਥਿਆਰਾਂ ਸਣੇ ਹੋਏ 3 ਗ੍ਰਿਫ਼ਤਾਰ
Wednesday, Jan 27, 2021 - 05:57 PM (IST)

ਨਕੋਦਰ (ਪਾਲੀ)- ਸਿਟੀ ਪੁਲਸ ਨੇ ਨਕੋਦਰ ਅਤੇ ਨੂਰਮਹਿਲ ਇਲਾਕੇ ’ਚ ਦਾਤਰ ਦੀ ਨੋਕ ’ਤੇ ਰਾਹਗੀਰਾਂ ਨੂੰ ਜ਼ਖ਼ਮੀ ਕਰਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਨੇ ਇਨ੍ਹਾਂ ਦੇ ਕੋਲੋਂ 3 ਦਾਤਰ ਅਤੇ ਵਾਰਦਾਤ ’ਚ ਵਰਤੇ 3 ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਡੀ. ਐੱਸ. ਪੀ. ਨਕੋਦਰ ਨਵਨੀਤ ਸਿੰਘ ਮਾਹਲ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਹਰੀ ਰਾਮ ਪੁੱਤਰ ਕ੍ਰਿਸ਼ਨ ਲਾਲ ਵਾਸੀ ਪਿੰਡ ਸਮਸ਼ਾਬਾਦ ਨੂਰਮਹਿਲ, ਗੁਰਵਿੰਦਰ ਸਿੰਘ ਉਰਫ ਜੀਤਾ ਪੁੱਤਰ ਸਤਨਾਮ ਸਿੰਘ ਵਾਸੀ ਸੰਗਤਪੁਰ ਬਿਲਗਾ, ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਹਰਨੇਕ ਸਿੰਘ ਵਾਸੀ ਸ਼ਮਸਾਬਾਦ ਨੂਰਮਹਿਲ ,ਜੱਸਾ ਉਰਫ ਜੱਸੀ ਪੁੱਤਰ ਹਰੀਆ ਵਾਸੀ ਧਰਮੇ ਦੀਆ ਛੰਨਾ ਮਹਿਤਪੁਰ ਅਤੇ ਜਿੰਦਰੀ ਉਰਫ ਜਿੰਦਰ ਪੁੱਤਰ ਜਸਵੰਤ ਵਾਸੀ ਧਰਮੇ ਦੀਆ ਛੰਨਾ ਮਹਿਤਪੁਰ ਜੋ ਲੁੱਟ ਖੋਹ ਅਤੇ ਨਸ਼ਾ ਕਰਨ ਦੇ ਆਦੀ ਹਨ ਅਤੇ ਆਰੀਆ ਸਕੂਲ਼ ਦੀ ਗਰਾਊਂਡ ਵਿੱਚ ਮਾਰੂ ਹਥਿਆਰਾਂ ਨਾਲ ਲੁੱਟ-ਖੋਹ ਕਰਨ ਦੀ ਯੌਜਨਾ ਬਣਾ ਰਹੇ ਹਨ।
ਸੂਚਨਾ ਮਿਲਦੇ ਹੀ ਤੁਰੰਤ ਕਾਰਵਾਈ ਕਰਦੇ ਹੋਏ ਸਿਟੀ ਥਾਣਾ ਮੁਖੀ ਜਤਿੰਦਰ ਕੁਮਾਰ ਦੀ ਰਹਿਨੁਮਾਈ ਐੱਸ. ਆਈ. ਬਲਵਿੰਦਰ ਸਿੰਘ ਨੇ ਸਮੇਤ ਪੁਲਸ ਪਾਰਟੀ ਛਾਪੇਮਾਰੀ ਕਰਕੇ ਉਕਤ ਮੁਲਜ਼ਮਾਂ ’ਚੋਂ ਹਰੀ ਰਾਮ, ਅਮਨਦੀਪ ਸਿੰਘ ਉਰਫ਼ ਅਮਨਾ ਵਾਸੀਆਨ ਪਿੰਡ ਸਮਸ਼ਾਬਾਦ ਅਤੇ ਗੁਰਵਿੰਦਰ ਸਿੰਘ ਉਰਫ ਜੀਤਾ ਵਾਸੀ ਸੰਗਤਪੁਰ ਨੂੰ ਉਨ੍ਹਾਂ ਪਾਸੋਂ 3 ਦਾਤਰ ਅਤੇ 3 ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਜਦਕਿ ਦੋ ਮੁਲਜ਼ਮ ਜੱਸਾ ਉਰਫ਼ ਜੱਸੀ ਅਤੇ ਜਿੰਦਰੀ ਉਰਫ਼ ਜਿੰਦਰ ਦੋਵੇਂ ਵਾਸੀਅਨ ਧਰਮੇ ਦੀਆ ਛੰਨਾ ਥਾਣਾ ਮਹਿਤਪੁਰ ਰਾਤ ਦੇ ਸਮੇ ਮੌਕੇਂ ਤੋਂ ਫਰਾਰ ਹੋ ਗਏ।
ਮਾਰੂ ਹਥਿਆਰਾਂ ਨਾਲ ਬੈਕ ਲੁੱਟਣ ਦੀ ਬਣਾ ਰਹੇ ਸਨ ਯੋਜਨਾ : ਡੀ.ਐੱਸ.ਪੀ.
ਨਕੋਦਰ ਨਵਨੀਤ ਸਿੰਘ ਮਾਹਲ ਨੇ ਦੱਸਿਆ ਕਿ ਉਕਤ ਮੁਲਜ਼ਮ ਨਸ਼ੇ ਅਤੇ ਲੁੱਟਾਂ-ਖੋਹਾਂ ਕਰਨ ਦੇ ਆਦੀ ਸਨ ਅਤੇ ਆਰੀਆ ਸਕੂਲ਼ ਦੀ ਗਰਾਊਂਡ ਵਿੱਚ ਮਾਰੂ ਹਥਿਆਰਾਂ ਨਾਲ ਬੈਕ ਲੁੱਟਣ ਦੀ ਯੋਜਨਾ ਬਣਾ ਰਹੇ ਸਨ ਪਰ ਉਸ ਤੋਂ ਪਹਿਲਾਂ ਹੀ ਪੁਲਸ ਪਾਰਟੀ ਦੇ ਹੱਥ ਲੱਗ ਗਏ।
ਇਹ ਵੀ ਪੜ੍ਹੋ: ਅਮਰੀਕਾ ਰਹਿੰਦੇ ਬੇਗੋਵਾਲ ਵਾਸੀ ਦੀ ਸੜਕ ਹਾਦਸੇ ’ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਦਰਜ ਹਨ ਕਈ ਮਾਮਲੇ
ਸਿਟੀ ਥਾਣਾ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਮਾਰੂ ਹਥਿਆਰਾਂ ਸਮੇਤ ਕਾਬੂ ਕੀਤੇ ਗਏ ਉਕਤ ਮੁਲਜ਼ਮਾਂ ’ਚੋਂ ਅਮਨਦੀਪ ਸਿੰਘ ਉਰਫ਼ ਅਮਨਾ, ਹਰੀ ਰਾਮ ਅਤੇ ਗੁਰਵਿੰਦਰ ਸਿੰਘ ਉਰਫ਼ ਜੀਤਾ ਖ਼ਿਲਾਫ਼ ਪਹਿਲਾਂ ਵੀ ਥਾਣਾ ਨੁਰਮਹਿਲ, ਬਿਲਗਾ ਅਤੇ ਫਿਲੋਰ ਵਿਚ ਵੱਖ-ਵੱਖ ਧਰਾਵਾਂ ਤਹਿਤ ਕਈ ਪਰਚੇ ਦਰਜ ਹਨ।
ਪੁਲਸ ਰਿਮਾਂਡ ਦੌਰਾਨ ਕਈ ਵਾਰਦਾਤਾਂ ਹੋਣਗੀਆਂ ਹੱਲ
ਸਿਟੀ ਥਾਣਾ ਮੁਖੀ ਜਤਿੰਦਰ ਕੁਮਾਰ ਨੇ ਦੱਸਿਆਂ ਕਿ ਕਾਬੂ ਕੀਤੇ ਗਏ ਉਕਤ ਤਿੰਨੇ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ। ਰਿਮਾਂਡ ਦੌਰਾਨ ਇਲਾਕੇ ’ਚ ਲੁੱਟਖੋਹ ਦੀਆਂ ਵਾਰਦਾਤਾਂ ਸਬੰਧੀ ਸ਼ਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਕਈ ਵਾਰਦਾਤਾਂ ਹੱਲ ਹੋਣ ਦੀ ਉਮੀਦ ਹੈ।
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ