ਗੋਲੀ ਮਾਰਨ ਦੀ ਧਮਕੀ ਦੇ ਕੇ ਲੁਟੇਰੇ 13 ਹਜ਼ਾਰ ਰੁਪਏ ਖੋਹ ਕੇ ਫਰਾਰ
Friday, Mar 15, 2024 - 05:27 PM (IST)

ਫਿਰੋਜ਼ਪੁਰ (ਪਰਮਜੀਤ ਸੋਢੀ) : ਨਜ਼ਦੀਕੀ ਪਿੰਡ ਝੋਕ ਹਰੀਹਰ ਤੋਂ ਬਾਲੇ ਆਲਾ ਹੈੱਡ ਨਹਿਰ ਦੀ ਪੱਟੜੀ ’ਤੇ ਇਕ ਵਿਅਕਤੀ ਨੂੰ ਪਿਸਤੌਲ ਨਾਲ ਗੋਲੀ ਮਾਰਨ ਦੀ ਧਮਕੀ ਦੇ ਕੇ 13 ਹਜ਼ਾਰ ਰੁਪਏ ਖੋਹ ਕੇ ਤਿੰਨ ਅਣਪਛਾਤੇ ਵਿਅਕਤੀ ਫਰਾਰ ਹੋ ਗਏ। ਇਸ ਸਬੰਧ ਵਿਚ ਥਾਣਾ ਕੁੱਲਗੜ੍ਹੀ ਪੁਲਸ ਨੇ 3 ਅਣਪਛਾਤੇ ਵਿਅਕਤੀਆਂ ਖ਼ਿਲਾਫ 379-ਬੀ (2) ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੁਖਦੇਵ ਸਿੰਘ ਪੁੱਤਰ ਸਾਬ ਸਿੰਘ ਵਾਸੀ ਮੁਹੰਮਦ ਅਲੀ ਸ਼ਾਹ ਦਾਖਲੀ ਭਾਵੜਾ ਨੇ ਦੱਸਿਆ ਕਿ ਉਹ ਵੇਰਕਾ ਪਲਾਂਟ ਤੋਂ ਛੁੱਟੀ ਕਰਕੇ ਆਪਣੇ ਘਰ ਜਾ ਰਿਹਾ ਸੀ, ਜਦੋਂ ਉਹ ਪਿੰਡ ਝੋਕ ਹਰੀਹਰ ਤੋਂ ਬਾਲੇ ਆਲਾ ਹੈੱਡ ਨਹਿਰ ਦੀ ਪੱਟੜੀ ’ਤੇ ਪੁੱਜਾ ਤਾਂ 3 ਅਣਪਛਾਤੇ ਆਦਮੀ ਮੋਟਰਸਾਈਕਲ ’ਤੇ ਆਏ ਤੇ ਉਸ ਨੂੰ ਰੋਕ ਕੇ ਉਸ ਨਾਲ ਹੱਥੋਪਾਈ ਹੋ ਗਏ।
ਇਸ ਦੌਰਾਨ ਪਿਸਤੌਲ ਕੱਢ ਕੇ ਗੋਲੀ ਮਾਰਨ ਦੀ ਧਮਕੀ ਦੇ ਕੇ ਉਸ ਦੀ ਜੇਬ੍ਹ ਵਿਚੋਂ 13 ਹਜ਼ਾਰ ਰੁਪਏ ਤੇ ਜ਼ਰੂਰੀ ਕਾਗਜ਼ਾਤ ਚੋਰੀ ਕਰਕੇ ਲੈ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।