ਸਡ਼ਕ ਦੀ ਹਾਲਤ ਖਸਤਾ, ਲੋਕਾਂ ਵੱਲੋਂ ਮੁਜ਼ਾਹਰਾ

08/21/2018 1:52:08 AM

ਹੁਸ਼ਿਆਰਪੁਰ,  (ਘੁੰਮਣ)-  ਹੁਸ਼ਿਆਰਪੁਰ-ਚੰਡੀਗਡ਼੍ਹ ਰੋਡ ’ਤੇ ਸਥਿਤ ਪਿੰਡ ਚੱਬੇਵਲ ਤੋਂ ਬਜਰਾਵਰ, ਸਸੋਲੀ, ਸੀਣਾ, ਪੱਟੀ, ਹਾਰਟਾ ਤੇ ਬਡਲਾ ਨੂੰ ਜਾਣ ਵਾਲੀ ਮਹੱਤਵਪੂਰਨ ਸੰਪਰਕ ਸਡ਼ਕ ਦੀ ਖਸਤਾ ਹਾਲਤ ਵੱਲ ਧਿਆਨ ਨਾ ਦਿੱਤੇ ਜਾਣ ਨੂੰ ਲੈ ਕੇ ਅੱਜ ਲੋਕਾਂ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਮੋਮਬੱਤੀਆਂ ਜਗਾ ਕੇ ਰੋਸ ਮੁਜ਼ਾਹਰਾ  ਕੀਤਾ। ਇਸ ਮੌਕੇ ਲੇਬਰ ਪਾਰਟੀ ਭਾਰਤ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਕੁਲਜਿੰਦਰ ਸਿੰਘ ਘੁੰਮਣ ਤੇ ਬਲਜਿੰਦਰ ਸਿੰਘ ਚਾਂਦ ਨੇ ਕਿਹਾ ਕਿ ਬੀਤੇ 15 ਸਾਲ ਤੋਂ ਚੱਬੇਵਾਲ ਇਲਾਕੇ ਦੇ ਲੋਕ ਟੁੱਟੀਆਂ ਸਡ਼ਕਾਂ ਦਾ ਸੰਤਾਪ ਝੱਲ ਰਹੇ ਹਨ। ਉਪਰੋਕਤ ਸਡ਼ਕ ’ਤੇ ਥਾਂ-ਥਾਂ ’ਤੇ 2-2 ਫੁੱਟ ਡੂੰਘੇ ਟੋਏ ਪਏ ਹੋਏ ਹਨ। ਇਸ ਸਬੰਧ ’ਚ ਕਈ ਵਾਰ ਲੋਕ ਨਿਰਮਾਣ ਵਿਭਾਗ ਤੇ ਜ਼ਿਲਾ ਪ੍ਰਸ਼ਾਸਨ ਦਾ ਧਿਆਨ ਦਿਵਾਉਣ ਦੇ ਬਾਵਜੂਦ ਇਸਦੀ ਹਾਲਤ ਸੁਧਾਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਲੋਕਾਂ ਨੇ ਪ੍ਰਸ਼ਾਸਨ ਖਿਲਾਫ਼ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਅਤੇ ਬਾਅਦ ਵਿਚ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ  ਨੂੰ ਭੇਜਣ ਲਈ ਮੰਗ  ਪੱਤਰ ਵੀ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪਮ ਕਲੇਰ ਨੂੰ ਸੌਂਪਿਆ। 
ਇਸ ਮੌਕੇ ਸੁਦੇਸ਼ ਕੁਮਾਰ, ਕਰਮ  ਚੰਦ, ਜਗਤ ਰਾਮ, ਜਸਵੰਤ ਸਿੰਘ, ਸੋਹਣ ਸਿੰਘ, ਬਲਰਾਜ ਪਠਾਣੀਆ, ਸੁਖਵਿੰਦਰ ਸਿੰਘ, ਗੁਰਜੀਤ ਸਿੰਘ ਬਜਰਾਵਰ, ਅਸ਼ੋਕ ਪਠਾਣੀਆ, ਸਤੀਸ਼ ਪਠਾਣੀਆ ਆਦਿ ਸਮੇਤ ਵੱਡੀ ਗਿਣਤੀ ’ਚ ਇਲਾਕਾ 
ਵਾਸੀ ਮੌਜੂਦ ਸਨ।


Related News