ਰੇਲਿੰਗ ਨਾ ਹੋਣ ਕਾਰਣ ਰਜਬਾਹੇ 'ਚ ਡਿੱਗਾ 3 ਭੈਣਾਂ ਦਾ ਇਕਲੌਤਾ ਭਰਾ, ਮੌਤ

07/01/2019 7:32:01 PM

ਗੁਰਦਾਸਪੁਰ,(ਹਰਮਨਪ੍ਰੀਤ/ਵਿਨੋਦ):  ਸ਼ਹਿਰ 'ਚ ਪੁਰਾਣਾਸ਼ਾਲਾ ਪੁਲਸ ਸਟੇਸ਼ਨ ਅਧੀਨ ਪੈਂਦੇ ਪਿੰਡ ਮੱਲੋਵਾਲ ਨੇੜੇ ਅੱਜ ਇਕ ਰਜਬਾਹੇ 'ਚ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਡਿੱਗ ਜਾਣ ਕਾਰਣ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਹੋ ਗਈ। ਜਦ ਕਿ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਹੈ। ਜਾਣਕਾਰੀ ਮੁਤਾਬਕ ਪਿੰਡ ਮੱਲੋਵਾਲ ਦੇ ਰੋਹਿਤ ਸ਼ਰਮਾ (28 ਸਾਲ) ਪੁੱਤਰ ਜਸਪਾਲ ਸ਼ਰਮਾ, ਅਮਿਤ ਸ਼ਰਮਾ ਪੁੱਤਰ ਹਰਬੰਸ ਲਾਲ ਤੇ ਬਲਵੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਆਪਣੇ ਪਿੰਡ ਤੋਂ ਗਾਜੀਕੋਟ ਨਹਿਰ 'ਚ ਨਹਾਉਣ ਲਈ ਗਏ ਸਨ। ਨਹਿਰ 'ਚ ਨਹਾਉਣ ਦੇ ਬਾਅਦ 3 ਵਜੇ ਦੇ ਕਰੀਬ ਜਦੋਂ ਉਹ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਜਾ ਰਹੇ ਸਨ ਤਾਂ ਰਸਤੇ 'ਚ ਪਿੰਡ ਮੱਲੋਵਾਲ ਨੇੜੇ ਸੜਕ 'ਚੋਂ ਗੁਜ਼ਰਦੇ ਇਕ ਰਜਬਾਹੇ ਦੀ ਰੇਲਿੰਗ ਨਾ ਹੋਣ ਕਾਰਣ ਇਹ ਨੌਜਵਾਨ ਮੋਟਰਸਾਈਕਲ ਸਮੇਤ ਰਜਬਾਹੇ 'ਚ ਜਾ ਡਿੱਗੇ। ਇਸ ਦੁਰਘਟਨਾ ਕਾਰਣ ਰੋਹਿਤ ਸ਼ਰਮਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦ ਕਿ ਅਮਿਤ ਸ਼ਰਮਾ ਜ਼ਖਮੀ ਹੋ ਗਿਆ। ਰੋਹਿਤ ਸ਼ਰਮਾ ਦੀ ਉਮਰ ਕਰੀਬ 28 ਸਾਲ ਦੱਸੀ ਜਾ ਰਹੀ ਹੈ, ਜੋ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਉਹ ਅੰਮ੍ਰਿਤਸਰ ਵਿਖੇ ਪ੍ਰਾਈਵੇਟ ਕੰਮ ਕਰਦਾ ਸੀ। ਜਿਥੇ ਸੋਮਵਾਰ ਦੀ ਛੁੱਟੀ ਹੋਣ ਕਾਰਣ ਉਹ ਅੱਜ ਹੀ ਘਰ ਆਇਆ ਸੀ। ਜ਼ਖਮੀ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿਥੇ ਉਹ ਜ਼ੇਰੇ ਇਲਾਜ ਹੈ।


Related News