''ਆਪ'' ਦੇ ਸੀਨੀਅਰ ਆਗੂ ਨਾਲ ਵਾਪਰਿਆ ਦਰਦਨਾਕ ਹਾਦਸਾ, ਮੌਤ

Thursday, Mar 25, 2021 - 02:14 AM (IST)

''ਆਪ'' ਦੇ ਸੀਨੀਅਰ ਆਗੂ ਨਾਲ ਵਾਪਰਿਆ ਦਰਦਨਾਕ ਹਾਦਸਾ, ਮੌਤ

ਸ੍ਰੀ ਚਮਕੌਰ ਸਾਹਿਬ (ਕੌਸ਼ਲ)-ਸ੍ਰੀ ਚਮਕੌਰ ਸਾਹਿਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਸਾਬਕਾ ਪੰਚ ਕੇਸਰ ਸਿੰਘ ਦੀ ਬੀਤੀ ਸ਼ਾਮ ਸੜਕ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੇਸਰ ਸਿੰਘ, ਜੋ ਕਿ ਸਥਾਨਕ ਸਬਜੀ ਮੰਡੀ ਵਿਚ ਆੜ੍ਹਤੀ ਸੀ, ਮੋਟਰਸਾਈਕਲ ’ਤੇ ਨਜ਼ਦੀਕੀ ਕਸਬਾ ਬੇਲਾ ਵਿਖੇ ਉਗਰਾਹੀ ਲਈ ਜਾ ਰਿਹਾ ਸੀ। ਜਦੋਂ ਉਹ ਸਥਾਨਕ ਸਰਹਿੰਦ ਨਹਿਰ ਕੰਢੇ ਬੇਲਾ ਪੁਲ ਚੌਕ ਦੇ ਨੇੜੇ ਗੁਰਦੁਆਰਾ ਸਾਹਿਬ ਕੋਲ ਪੁੱਜਾ ਤਾਂ ਦੂਜੇ ਪਾਸੇ ਤੋਂ ਆ ਰਹੀ ਬਲੈਰੋ ਗੱਡੀ ਨਾਲ ਟਕਰਾ ਗਿਆ, ਜਿਸ ਕਾਰਣ ਉਹ ਸਿਰ ਭਾਰ ਧਰਤੀ ’ਤੇ ਵੱਜਾ।

ਇਹ ਵੀ ਪੜ੍ਹੋ : ਪਟਿਆਲਾ ਦੇ ਐੱਸ.ਐੱਸ.ਪੀ. ਦੀ ਸਖ਼ਤ ਕਾਰਵਾਈ, 7 ਪੁਲਸ ਅਧਿਕਾਰੀ ਨੌਕਰੀ ਤੋਂ ਕੀਤੇ ਬਰਖਾਸਤ

ਉੱਧਰ ਬਲੈਰੋ ਗੱਡੀ ਵਾਲਾ ਗੱਡੀ ਭਜਾ ਕੇ ਲੈ ਗਿਆ। ਲੋਕਾਂ ਨੇ ਕੇਸਰ ਸਿੰਘ ਨੂੰ ਤੁਰੰਤ ਸਥਾਨਕ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਪੀ. ਜੀ. ਆਈ ਰੈਫ਼ਰ ਕਰ ਦਿੱਤਾ ਪਰ ਉੱਥੇ ਉਸ ਦੀ ਮੌਤ ਹੋ ਗਈ। ਚਰਚਾ ਹੈ ਕਿ ਜਿਸ ਥਾਂ ’ਤੇ ਇਹ ਹਾਦਸਾ ਹੋਇਆ, ਉਸ ਦੇ ਨਜ਼ਦੀਕ ਹੀ ਟ੍ਰੈਫਿਕ ਪੁਲਸ ਦੀ ਪੱਕੀ ਪੋਸਟ ਬਣੀ ਹੋਈ ਹੈ ਅਤੇ ਉੱਥੇ ਲਾਏ ਸਰਕਾਰੀ ਸੀ. ਸੀ. ਟੀ. ਵੀ. ਕੈਮਰੇ ਵੀ ਚਾਲੂ ਹਾਲਤ ਵਿਚ ਨਹੀਂ ਦੱਸੇ ਜਾਂਦੇ, ਜਿਸ ਕਾਰਣ ਬਲੈਰੋ ਗੱਡੀ ਦਾ ਨੰਬਰ ਪੁਲਸ ਦੀ ਪਕੜ ਵਿਚ ਨਹੀਂ ਆਇਆ। ਇਸ ਸਬੰਧੀ ਥਾਣੇਦਾਰ ਧਰਮਪਾਲ ਨੇ ਦੱਸਿਆ ਕਿ ਮ੍ਰਿਤਕ ਕੇਸਰ ਸਿੰਘ ਦੇ ਭਰਾ ਬਹਾਦਰ ਸਿੰਘ ਦੇ ਬਿਆਨਾਂ ’ਤੇ ਪੁਲਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Sunny Mehra

Content Editor

Related News