ਸੜਕ 'ਤੇ ਖੜ੍ਹੀ ਪਿਕਅੱਪ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ, ਬਜ਼ੁਰਗ ਔਰਤ ਦੀ ਗਈ ਜਾਨ
Thursday, Dec 08, 2022 - 12:40 AM (IST)
ਫਤਿਹਗੜ੍ਹ ਸਾਹਿਬ (ਬਿਪਨ) : ਸਰਹਿੰਦ ਨੈਸ਼ਨਲ ਹਾਈਵੇ ’ਤੇ ਥਾਣਾ ਸਰਹਿੰਦ ਨੇੜੇ ਬਣੇ ਓਵਰਬ੍ਰਿਜ ’ਤੇ ਵਾਪਰੇ ਸੜਕ ਹਾਦਸੇ ’ਚ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ, ਜਦਕਿ ਇਕ ਔਰਤ ਸਮੇਤ 6 ਸਾਲਾ ਲੜਕੀ ਅਤੇ ਇਕ ਸਾਲ ਦਾ ਬੱਚਾ ਜ਼ਖਮੀ ਹੋ ਗਿਆ। ਸੜਕ ਹਾਦਸੇ ’ਚ ਜ਼ਖਮੀ ਹੋਏ ਪਿੰਡ ਚਿੱਟੀ ਸਿੰਘਪੁਰਾ, ਜੰਮੂ-ਕਸ਼ਮੀਰ ਦੇ ਵਸਨੀਕ ਅਮਰਪ੍ਰੀਤ ਕੌਰ, ਪਵਲੀਨ (6) ਅਤੇ ਗੁਰਮਨ ਸਿੰਘ (1) ਨੂੰ ਇਲਾਜ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ, ਜਦਕਿ ਮ੍ਰਿਤਕ ਔਰਤ ਦੀ ਪਛਾਣ ਧੀਰਜ ਕੌਰ ਵਾਸੀ ਚਿੱਟੀ ਸਿੰਘਪੁਰਾ, ਜੰਮੂ-ਕਸ਼ਮੀਰ ਵਜੋਂ ਹੋਈ।
ਇਹ ਵੀ ਪੜ੍ਹੋ : ਸ੍ਰੀ ਪਟਨਾ ਸਾਹਿਬ ਵਿਖੇ ਚੱਲ ਰਹੀ ਹੁੱਲੜਬਾਜ਼ੀ ਸਬੰਧੀ ਜਥੇਦਾਰ ਹਰਪ੍ਰੀਤ ਸਿੰਘ ਨੇ ਬਿਹਾਰ ਸਰਕਾਰ ਨੂੰ ਕੀਤੀ ਇਹ ਤਾੜਨਾ
ਥਾਣਾ ਸਰਹਿੰਦ ਦੇ ਏਐੱਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਦਿੱਤੇ ਬਿਆਨ 'ਚ ਮਹਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ, ਸੱਸ, ਪੁੱਤਰ ਅਤੇ ਧੀ ਨਾਲ ਕਾਰ 'ਚ ਕਸ਼ਮੀਰ ਸਥਿਤ ਆਪਣੇ ਘਰ ਜਾ ਰਿਹਾ ਸੀ, ਜਿਉਂ ਹੀ ਉਨ੍ਹਾਂ ਦੀ ਕਾਰ ਜੀਟੀ ਰੋਡ ’ਤੇ ਸਰਹਿੰਦ ਦੇ ਪੁਰਾਣੇ ਬੱਸ ਸਟੈਂਡ ਨੇੜੇ ਓਵਰਬ੍ਰਿਜ ’ਤੇ ਪਹੁੰਚੀ ਤਾਂ ਟੁੱਟੀ ਹੋਈ ਪਿਕਅੱਪ ਸੜਕ ਦੇ ਸੱਜੇ ਪਾਸੇ ਖੜ੍ਹੀ ਸੀ। ਹਨੇਰਾ ਹੋਣ ਕਾਰਨ ਉਸ ਨੇ ਕੋਈ ਇੰਡੀਕੇਟਰ ਵੀ ਨਹੀਂ ਲਗਾਇਆ ਸੀ, ਜਿਸ ਕਾਰਨ ਉਸ ਦੀ ਕਾਰ ਪਿਕਅੱਪ ਦੇ ਪਿੱਛੇ ਜਾ ਟਕਰਾਈ। ਇਸੇ ਦੌਰਾਨ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਹੀ ਇਕ ਨਿੱਜੀ ਕੰਪਨੀ ਦੀ ਬੱਸ ਨੇ ਉਨ੍ਹਾਂ ਦੀ ਕਾਰ ਨੂੰ ਮਾਰ ਦਿੱਤੀ।
ਇਹ ਵੀ ਪੜ੍ਹੋ : ਅਨਮੋਲ ਗਗਨ ਮਾਨ ਵੱਲੋਂ ਨਗਰ ਕੌਂਸਲ ਖਰੜ ਅਧੀਨ ਆਉਂਦੀਆਂ ਗੈਰ-ਕਾਨੂੰਨੀ ਉਸਾਰੀਆਂ ਨੂੰ ਢਾਹੁਣ ਦੇ ਹੁਕਮ
ਇਸ ਦੌਰਾਨ ਉਸ ਦੀ ਕਾਰ ਪਿਕਅੱਪ ਵੈਨ ਅਤੇ ਸਾਹਮਣੇ ਖੜ੍ਹੀ ਬੱਸ ਵਿੱਚ ਫਸ ਗਈ। ਇਸ ਟੱਕਰ ਨਾਲ ਉਸ ਦੀ ਬਜ਼ੁਰਗ ਸੱਸ ਕਾਰ 'ਚ ਫਸ ਗਈ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਅਮਰਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਬੱਸ ਅਤੇ ਪਿਕਅੱਪ ਚਾਲਕ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਪਿਕਅੱਪ ਵੈਨ ਅਤੇ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਦੋਵਾਂ ਚਾਲਕਾਂ ਖ਼ਿਲਾਫ਼ ਕੇਸ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।