ਪੰਜਾਬ ਦੀਆਂ ਸੜਕਾਂ 'ਤੇ ਸੋਮਵਾਰ ਨੂੰ ਖੇਡੀ 'ਮੌਤ', 12 ਘੰਟਿਆਂ 'ਚ ਹੋਏ 6 ਵੱਡੇ ਸੜਕ ਹਾਦਸੇ, ਕਈ ਘਰਾਂ 'ਚ ਵਿਛੇ ਸੱਥਰ

Monday, Jul 31, 2017 - 07:13 PM (IST)

ਜਲੰਧਰ— ਸੋਮਵਾਰ ਦੇ ਦਿਨ ਪੰਜਾਬ ਦੇ ਲੋਕਾਂ 'ਤੇ ਹਾਦਸਿਆਂ ਦਾ ਗ੍ਰਹਿ ਭਾਰੀ ਰਿਹਾ। ਜੇਕਰ ਕਹੀਏ ਕਿ 12 ਘੰਟਿਆਂ ਵਿਚ ਪੰਜਾਬ ਦੀਆਂ ਸੜਕਾਂ 'ਤੇ ਮੌਤ ਨੇ ਤਾਂਡਵ ਕੀਤਾ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇਨ੍ਹਾਂ 12 ਘੰਟਿਆਂ 'ਚ ਇਕ ਨਹੀਂ, ਦੋ ਨਹੀਂ ਸਗੋਂ 6 ਵੱਡੇ ਸੜਕ ਹਾਦਸੇ ਵਾਪਰੇ, ਜਿਨ੍ਹਾਂ ਵਿਚ 10 ਲੋਕਾਂ ਦੀ ਜਾਨ ਚਲੀ ਗਈ ਅਤੇ 24 ਲੋਕ ਜ਼ਖਮੀ ਹੋ ਗਏ। ਇਹ ਹਾਦਸੇ ਜਲੰਧਰ, ਨਾਭਾ, ਤਲਵੰਡੀ ਸਾਬੋ, ਮੋਗਾ, ਰੋਪੜ ਤੇ ਊਨਾ 'ਚ ਹੋਏ। 

1. ਜਲੰਧਰ-ਹੁਸ਼ਿਆਰਪੁਰ ਰੋਡ 'ਤੇ ਵਾਪਰਿਆ ਹਾਦਸਾ— ਸਭ ਤੋਂ ਪਹਿਲਾਂ ਗੱਲ ਆਦਮਪੁਰ ਹਾਦਸੇ ਦੀ ਕਰਦੇ ਹਾਂ, ਜਿੱਥੇ ਜਲੰਧਰ-ਹੁਸ਼ਿਆਰਪੁਰ ਰੋਡ 'ਤੇ ਟੈਂਪੂ-ਟ੍ਰੈਵਲਰ ਨੇ ਮੋਟਰਸਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਇਕ ਬੱਚੇ ਸਮੇਤ ਤਿੰਨ ਲੋਕਾਂ ਦੀ ਜਾਨ ਚਲੀ ਗਈ। ਹਾਦਸਾ ਇੰਨਾਂ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਮੋਟਰਸਾਈਕਲ ਨੂੰ ਵੀ ਅੱਗ ਲੱਗ ਗਈ। ਹਾਦਸੇ ਤੋਂ ਬਾਅਦ ਟੈਂਪੂ-ਟ੍ਰੈਵਲਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਮੋਟਰਸਾਈਕਲ ਸਵਾਰ ਲੋਕ ਮਾਤਾ ਚਿੰਤਪੂਰਣੀ ਤੋਂ ਮੱਥਾ ਟੇਕ ਕੇ ਵਾਪਸ ਘਰ ਜਾ ਰਹੇ ਸੀ। 

2. ਦੂਸਰਾ ਹਾਦਸਾ ਨਾਭਾ 'ਚ ਦੇਰ ਰਾਤ ਵਾਪਰਿਆ, ਜਿੱਥੇ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਮੋਟਰਸਾਈਕਲ ਸਵਾਰ ਤਿੰਨ ਸ਼ਰਧਾਲੂਆਂ ਦੀ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ। ਹਾਦਸੇ 'ਚ 2 ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਅਤੇ ਇਕ ਸ਼ਖਸ ਦੀ ਹਾਲਤ ਗੰਭੀਰ ਬਣੀ ਹੋਈ ਹੈ। 

3. ਤੀਸਰਾ ਸੜਕ ਹਾਦਸਾ ਤਲਵੰਡੀ ਸਾਬੋ 'ਚ ਐਤਵਾਰ ਦੇਰ ਰਾਤ ਹੋਇਆ, ਜਿਸ 'ਚ ਇਕ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ ਅਤੇ 2 ਜ਼ਖਮੀ ਹੋ ਗਏ। ਹਿਮਾਚਲ ਪ੍ਰਦੇਸ਼ ਦੇ ਸੋਲਣ ਠਾਣੇ ਚੋਂ ਇਹ ਲੋਕ ਕਿਸੇ ਕੰਮ ਲਈ ਹਨੁਮਾਨਗੜ੍ਹ ਗਏ ਹੋਏ ਸਨ 'ਤੇ ਵਾਪਸੀ ਸਮੇਂ ਇਨ੍ਹਾਂ ਦੀ ਟੱਕਰ ਕਿਸੇ ਦੂਸਰੇ ਵਾਹਨ ਨਾਲ ਹੋ ਗਈ। 

4. ਸੜਕ 'ਤੇ ਦੌੜਦੀ ਮੌਤ ਦਾ ਤਾਂਡਵ ਊਨਾ 'ਚ ਵੀ ਦੇਖਣ ਨੂੰ ਮਿਲਿਆ, ਜਿੱਥੇ ਸੰਗਰੂਰ ਜ਼ਿਲ੍ਹੇ ਦੇ ਇੱਕ ਸ਼ਰਧਾਲੂ ਦੀ ਮੌਤ ਤੇ 22 ਸ਼ਰਧਾਲੂ ਜ਼ਖਮੀ ਹੋ ਗਏ। ਸੰਗਰੂਰ ਤੋਂ ਸ਼ਰਧਾਲੂ ਪੀਰਨਿਗਾਹ ਲਈ ਮੱਥਾ ਟੇਕਣ ਗਏ ਹੋਏ ਸਨ, ਜਿੱਥੇ ਵਾਪਸੀ ਸਮੇਂ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਡੂੰਘੀ ਖੱਡ 'ਚ ਜਾ ਡਿੱਗੀ। ਹਾਦਸੇ ਨੇ 1 ਦੀ ਜਾਨ ਲੈ ਲਈ ਅਤੇ 22 ਲੋਕ ਜ਼ਖਮੀ ਹੋ ਗਏ। ਜ਼ਖਮੀਆਂ 'ਚੋਂ 3 ਦੀ ਹਾਲਤ ਗੰਭੀਰ ਬਣੀ ਹੋਈ ਹੈ। 

5. ਸੜਕ 'ਤੇ ਬੇਕਾਬੂ ਦੌੜ ਰਹੀ ਮੌਤ ਨੇ ਮੋਗਾ 'ਚ ਵੀ ਆਪਣਾ ਕਹਿਰ ਜਾਰੀ ਰੱਖਿਆ। ਮੋਗਾ 'ਚ ਮੋਟਰਸਾਈਕਲ ਸਵਾਰ ਦੋ ਨਾਬਾਲਿਗ ਵਿਦਿਆਰਥੀ ਡੰਪਰ ਦੀ ਲਪੇਟ 'ਚ ਆ ਗਏ। ਦੋਵਾਂ ਨੇ ਹੀ ਸੜਕ 'ਤੇ ਦਮ ਤੋੜ ਦਿੱਤਾ। 

6. ਹਾਦਸੇ ਦੀ ਛੇਵੀਂ ਬੁਰੀ ਖਬਰ ਰੋਪੜ ਤੋਂ ਸਾਹਮਣੇ ਆਈ, ਜਿੱਥੇ ਹਿਮਾਚਲ ਰੋਡਵੇਜ਼ ਦੀ ਬੱਸ ਨੇ ਮੋਟਰਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟੱਕਰ 'ਚ ਮੋਟਰਸਾਈਕਲ ਚਾਲਕ ਜ਼ਖਮੀ ਹੋ ਗਿਆ ਤੇ ਪਿੱਛੇ ਬੈਠੀ ਮਹਿਲਾ ਦੀ ਮੌਤ ਹੋ ਗਈ। 

ਜਲੰਧਰ—3 ਦੀ ਮੌਤ
ਨਾਭਾ—2 ਦੀ ਮੌਤ, 1 ਜ਼ਖਮੀ
ਤਲਵੰਡੀ ਸਾਬ—1 ਦੀ ਮੌਤ ਤੇ 2 ਜ਼ਖਮੀ
ਊਨਾ—1 ਦੀ ਮੌਤ, 22 ਜ਼ਖਮੀ
ਮੋਗਾ— 2 ਦੀ ਮੌਤ
ਰੋਪੜ— 1 ਦੀ ਮੌਤ, 1 ਜ਼ਖਮੀ

ਇਸ ਨੂੰ ਲੋਕਾਂ ਦੀ ਅਣਗਹਿਲੀ ਕਹੀਏ ਜਾਂ ਫਿਰ ਕਾਨੂੰਨ ਦੀ ਉਲੰਘਣਾ, ਕਾਰਨ ਚਾਹੇ ਕੁਝ ਵੀ ਹੋਏ ਪਰ 10 ਲੋਕਾਂ ਦੀ ਬੇਸ਼ਕੀਮਤੀ ਜਾਨ ਸੜਕ 'ਤੇ ਹੀ ਦਮ ਤੋੜ ਗਈ, ਜੋ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। 


Related News