ਵਿਦਿਆਰਥੀ ਦੀ ਮੌਤ ਬਾਰੇ ਸੁਣਿਆ ਤਾਂ ਪ੍ਰਿੰਸਪੀਲ ਨੇ ਵੀ ਤੋੜਿਆ ਦਮ

11/27/2018 12:11:15 PM

ਕਪੂਰਥਲਾ (ਭੂਸ਼ਣ)— ਸੋਮਵਾਰ ਦੀ ਸ਼ਾਮ ਸ਼ਹਿਰ ਦੇ ਡੇਰਾ ਜੱਗੂ ਸ਼ਾਹ ਖੇਤਰ 'ਚ ਹੋਏ ਇਕ ਦਰਦਨਾਕ ਹਾਦਸੇ ਦੌਰਾਨ ਸਕੂਲ ਬੱਸ 'ਚ ਸਵਾਰ 10ਵੀਂ ਜਮਾਤ ਦੇ ਇਕ ਵਿਦਿਆਰਥੀ ਦੀ ਕੰਧ ਨਾਲ ਸਿਰ ਟਕਰਾਉਣ 'ਤੇ ਮੌਤ ਹੋ ਗਈ। ਇਸ ਪੂਰੇ ਘਟਨਾਕ੍ਰਮ 'ਚ ਉਸ ਸਮੇਂ ਇਕ ਹੈਰਾਨ ਕਰਨ ਵਾਲਾ ਮੋੜ ਸਾਹਮਣੇ ਆਇਆ, ਜਦੋਂ ਵਿਦਿਆਰਥੀ ਦੀ ਮੌਤ ਦੀ ਸੂਚਨਾ ਮਿਲਦੇ ਹੀ ਸਕੂਲ ਦੀ ਪ੍ਰਿੰਸੀਪਲ ਦੀ ਹਾਰਟ ਅਟੈਕ ਕਾਰਨ ਮੌਤ ਹੋ ਗਈ। ਇਸ ਪੂਰੇ ਮਾਮਲੇ ਨੂੰ ਲੈ ਕੇ ਜਿੱਥੇ ਸਿਟੀ ਪੁਲਸ ਨੇ ਸਕੂਲ ਬੱਸ ਦੇ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਉਥੇ ਇਸ ਦੌਰਾਨ ਮੁਲਜ਼ਮ ਡਰਾਈਵਰ ਦੀ ਭਾਲ 'ਚ ਛਾਪਾਮਾਰੀ ਜਾਰੀ ਹੈ।

ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਤਲਵੰਡੀ ਮਹਿਮਾ 'ਚ ਚੱਲ ਰਹੇ ਇਕ ਸਕੂਲ ਦੇ ਵਿਦਿਆਰਥੀ ਛੁੱਟੀ ਹੋਣ ਤੋਂ ਬਾਅਦ ਸੋਮਵਾਰ ਦੀ ਸ਼ਾਮ ਸਕੂਲ ਬੱਸ 'ਚ ਸਵਾਰ ਹੋ ਕੇ ਆਪਣੇ ਘਰਾਂ ਨੂੰ ਵਾਪਸ ਜਾਣ ਲਈ ਸਕੂਲ ਬੱਸ 'ਚ ਸਵਾਰ ਹੋਏ ਸਨ। ਇਸ ਦੌਰਾਨ ਜਦੋਂ ਉਕਤ ਸਕੂਲ ਬੱਸ ਡੇਰਾ ਜੱਗੂ ਸ਼ਾਹ ਦੇ ਨਜ਼ਦੀਕ ਪਹੁੰਚੀ ਤਾਂ ਖੇਤਰ 'ਚ ਪੁੱਟੀ ਗਈ ਇਕ ਸੜਕ ਦੇ ਕੰਢੇ ਤੋਂ ਜਦੋਂ ਬੱਸ ਚਾਲਕ ਜੱਸੀ ਨੇ ਬੱਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਬੱਸ ਦੀ ਖਿੜਕੀ ਸੀਟ 'ਤੇ ਸਵਾਰ 10ਵੀਂ ਜਮਾਤ ਦੇ ਵਿਦਿਆਰਥੀ ਸ਼ੁਭਮ ਮੋਰੀਆ ਪੁੱਤਰ ਰਾਮ ਸ਼ਰਨ ਮੋਰੀਆ ਦੀ ਬਾਹਰਲੀ ਦੀਵਾਰ ਨਾਲ ਸਿਰ ਟਕਰਾਉਣ ਦੇ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਜਿਸ ਨੂੰ ਲੈ ਕੇ ਬੱਸ 'ਚ ਹਫੜਾ-ਦਫੜੀ ਮੱਚ ਗਈ ਅਤੇ ਬੱਸ ਦਾ ਚਾਲਕ ਖੇਤਰ ਨਿਵਾਸੀਆਂ ਨੂੰ ਨਾਲ ਲੈ ਕੇ ਜਦੋਂ ਬੱਚੇ ਦੀ ਲਾਸ਼ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਪਹੁੰਚਿਆ ਤਾਂ ਡਿਊਟੀ 'ਤੇ ਮੌਜੂਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਿਸ ਦੌਰਾਨ ਉਕਤ ਬੱਸ ਚਾਲਕ ਮ੍ਰਿਤਕ ਬੱਚੇ ਨੂੰ ਉਥੇ ਹੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।
ਇਸ ਦੌਰਾਨ ਜਦੋਂ ਸਕੂਲ ਦੀ ਪ੍ਰਿੰਸੀਪਲ ਸ਼ੁਕਲਾ ਸੂਦ ਨੂੰ ਪੂਰੇ ਘਟਨਾਕ੍ਰਮ ਦੀ ਜਾਣਕਾਰੀ ਮਿਲੀ ਤਾਂ ਸਦਮੇ ਕਾਰਨ ਹਾਰਟ ਅਟੈਕ ਆਉਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸਬ ਡਿਵੀਜ਼ਨ ਸਰਬਜੀਤ ਸਿੰਘ ਬਾਹੀਆ, ਐੱਸ. ਐੱਚ. ਓ. ਸਿਟੀ ਇੰਸਪੈਕਟਰ ਸੁਖਪਾਲ ਸਿੰਘ ਪੁਲਸ ਟੀਮ ਦੇ ਨਾਲ ਮੌਕੇ 'ਤੇ ਪੁੱਜੇ, ਜਿਸ ਦੌਰਾਨ ਜਿੱਥੇ ਮ੍ਰਿਤਕ ਵਿਦਿਆਰਥੀ ਸ਼ੁਭਮ ਮੋਰੀਆ ਦੀ ਲਾਸ਼ ਪੋਸਟਮਾਰਟਮ ਰੂਮ 'ਚ ਭੇਜ ਦਿੱਤੀ ਗਈ, ਉਥੇ ਹੀ ਸਕੂਲ ਪ੍ਰਿੰਸੀਪਲ ਸ਼ੁਕਲਾ ਸੂਦ ਦੀ ਲਾਸ਼ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਅੰਤਿਮ ਸੰਸਕਾਰ ਲਈ ਆਪਣੇ ਘਰ ਲੈ ਗਏ।

ਬੱਸ ਦੀ ਅਟੈਂਂਡੈਂਟ ਸੋਮਵਾਰ ਨੂੰ ਸੀ ਛੁੱਟੀ 'ਤੇ
ਜੇਕਰ ਉਕਤ ਸਕੂਲੀ ਬੱਸ 'ਚ ਸਰਕਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਟੈਂਡੈਂਟ ਹੁੰਦੀ ਤਾਂ ਸ਼ਾਇਦ ਅਭਾਗੇ ਸ਼ੁਭਮ ਮੋਰੀਆ ਨੂੰ ਬਚਾਇਆ ਜਾ ਸਕਦਾ ਸੀ। ਦੱਸਿਆ ਜਾਂਦਾ ਹੈ ਕਿ ਸਰਕਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਬੱਸ 'ਚ ਵੀ ਬੱਚਿਆਂ ਦੀ ਨਿਗਰਾਨੀ ਰੱਖਣ ਲਈ ਇਕ ਮਹਿਲਾ ਅਟੈਂਡੈਂਟ ਨੂੰ ਲਗਾਇਆ ਗਿਆ ਸੀ ਪਰ ਸੋਮਵਾਰ ਨੂੰ ਉਕਤ ਮਹਿਲਾ ਅਟੈਂਡੈਂਟ ਛੁੱਟੀ 'ਤੇ ਚਲੀ ਗਈ ਸੀ, ਜਿਸ ਦੌਰਾਨ ਇਸ ਬੱਸ 'ਚ ਕਿਸੇ ਹੋਰ ਅਟੈਂਡੈਂਟ ਨੂੰ ਨਹੀਂ ਭੇਜਿਆ ਗਿਆ, ਜੋ ਕਿਤੇ ਨਾ ਕਿਤੇ ਅਭਾਗੇ ਸ਼ੁਭਮ ਮੋਰੀਆ ਦੀ ਮੌਤ ਦਾ ਕਾਰਨ ਬਣ ਗਿਆ।


shivani attri

Content Editor

Related News