ਟੈਂਪੂ ''ਚ ਵੱਜੀ ਤੇਜ਼ ਰਫਤਾਰ ਕਾਰ, ਇਕ ਨੌਜਵਾਨ ਦੀ ਮੌਤ

11/13/2019 6:51:55 PM

ਝਬਾਲ,(ਨਰਿੰਦਰ)-ਸਥਾਨਕ ਅੱਡਾ ਝਬਾਲ ਵਿਖੇ ਇਕ ਟੈਂਪੂ 'ਚ ਤੇਜ਼ ਰਫਤਾਰ ਕਾਰ ਵੱਜਣ ਕਾਰਨ ਟੈਂਪੂ 'ਚ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ ਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਪਿੰਡ ਖੈਰਦੀ ਤੋਂ 3-4 ਨੌਜਵਾਨ ਟੈਂਪੂ 'ਚ ਸਵਾਰ ਹੋ ਕੇ ਗੱਗੋਬੂਹਾ ਨੂੰ ਜਾ ਰਹੇ ਸਨ। ਜਦੋਂ ਟੈਂਪੂ ਅੱਡਾ ਝਬਾਲ ਦੇ ਬਾਹਰ ਭਿੱਖੀਵਿੰਡ ਰੋਡ 'ਤੇ ਪਹੁੰਚਿਆਂ ਤਾਂ ਹਸਪਤਾਲ ਸਾਈਡ ਤੋਂ ਆਈ ਇਕ ਤੇਜ਼ ਰਫਤਾਰ ਸਵਿਫਟ ਕਾਰ ਨੇ ਟੈਂਪੂ ਨੂੰ ਜ਼ੋਰਦਾਰ ਟੱਕਰ ਮਾਰੀ, ਜਿਸ ਨਾਲ ਟੈਂਪੂ ਪਲਟ ਗਿਆ। ਜਿਸ 'ਚ ਸਵਾਰ ਇਕ ਨੌਜਵਾਨ ਸਰਬਜੀਤ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਖੈਰਦੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਇਕ ਨੌਜਵਾਨ ਸਰਵਣ ਸਿੰਘ ਪੁੱਤਰ ਬਲਦੇਵ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਘਟਨਾ ਦਾ ਪਤਾ ਚੱਲਦਿਆਂ ਹੀ ਥਾਣਾ ਝਬਾਲ ਤੋਂ ਥਾਣੇਦਾਰ ਸੁਰਿੰਦਰ ਸਿੰਘ ਮੌਕੇ 'ਤੇ ਪਹੁੰਚਿਆ, ਜਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News