ਸੜਕ ਹਾਦਸੇ : ਡਾਕਟਰ ਸਮੇਤ 2 ਦੀ ਮੌਤ

01/19/2018 7:39:58 AM

ਸਮਰਾਲਾ, (ਗਰਗ, ਬੰਗੜ)- ਲੁਧਿਆਣਾ-ਚੰਡੀਗੜ੍ਹ ਰਾਸ਼ਟਰੀ ਮਾਰਗ ਉੱਪਰ ਕਾਰ ਤੇ ਟਰੱਕ ਵਿਚ ਟੱਕਰ ਹੋ ਜਾਣ ਕਾਰਨ ਇਕ ਨੌਜਵਾਨ ਡਾਕਟਰ ਦੀ ਮੌਤ ਹੋ ਗਈ। ਪੁਲਸ ਸੂਤਰਾਂ ਅਨੁਸਾਰ ਸਾਬਕਾ ਮੈਡੀਕਲ ਅਫ਼ਸਰ ਅਸ਼ੋਕ ਮਹਿਤਾ ਦਾ 30 ਸਾਲਾ ਪੁੱਤਰ ਕਰਨ ਮਹਿਤਾ ਚੰਡੀਗੜ੍ਹ ਤੋਂ ਲੁਧਿਆਣਾ ਨੂੰ ਆਪਣੀ ਕਾਰ ਵਿਚ ਆ ਰਿਹਾ ਸੀ ਕਿ ਰਾਤ 10.40 ਵਜੇ ਜਦੋਂ ਉਹ ਮੋਗਾ ਢਾਬੇ ਤੋਂ ਥੋੜ੍ਹਾ ਅੱਗੇ ਪੁੱਜਾ ਤਾਂ ਸਾਹਮਣਿਓਂ ਸਮਰਾਲਾ ਸਾਈਡ ਤੋਂ ਇਕ ਟਰੱਕ ਨੇ ਕਾਰ ਵਿਚ ਟੱਕਰ ਮਾਰ ਦਿੱਤੀ।
ਹੇਂਡੋ ਪੁਲਸ ਚੌਕੀ 'ਚ ਅਸ਼ੋਕ ਮਹਿਤਾ ਵਾਸੀ ਲੁਧਿਆਣਾ ਨੇ ਦਰਜ ਕਰਵਾਏ ਬਿਆਨਾਂ ਵਿਚ ਕਿਹਾ ਕਿ ਟਰੱਕ ਡਰਾਈਵਰ ਨੇ ਤੇਜ਼ ਰਫ਼ਤਾਰ, ਅਣਗਹਿਲੀ ਤੇ ਲਾਪ੍ਰਵਾਹੀ ਨਾਲ ਟਰੱਕ ਲਿਆ ਕੇ ਮੇਰੇ ਲੜਕੇ ਦੀ ਕਾਰ ਵਿਚ ਮਾਰਿਆ, ਜਿਸ ਕਾਰਨ ਲੜਕੇ ਦੀ ਮੌਤ ਕਾਰ ਵਿਚ ਹੀ ਹੋ ਗਈ। ਹੇਂਡੋ ਪੁਲਸ ਚੌਕੀ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ 'ਚ ਲਿਆਂਦਾ। ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ। ਪੁਲਸ ਨੇ ਟਰੱਕ ਡਰਾਈਵਰ ਪਰਮਜੀਤ ਸਿੰਘ ਵਾਸੀ ਨਵੀਂ ਆਬਾਦੀ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਜਰੀ,(ਪਾਬਲਾ)- ਬੀਤੀ ਰਾਤ ਕੁਰਾਲੀ-ਸਿਸਵਾਂ ਮਾਰਗ 'ਤੇ ਪਿੰਡ ਚੰਦਪੁਰ ਨੇੜੇ ਹੋਏ ਸੜਕ ਹਾਦਸੇ 'ਚ ਪਿੰਡ ਖੇੜਾ ਦੇ ਨੌਜਵਾਨ ਗੁਰਦੀਪ ਸਿੰਘ (25) ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਖੇੜਾ ਦਾ ਵਸਨੀਕ ਗੁਰਦੀਪ ਸਿੰਘ ਮੋਟਰਸਾਈਕਲ 'ਚ ਪੈਟਰੋਲ ਪਵਾਉਣ ਲਈ ਕੁਰਾਲੀ ਸਿਸਵਾਂ-ਮਾਰਗ 'ਤੇ ਪਿੰਡ ਚੰਦਪੁਰ ਸਥਿਤ ਪੈਟਰੋਲ ਪੰਪ ਨੂੰ ਜਾ ਰਿਹਾ ਸੀ ਕਿ ਪਿੱਛੇ ਆ ਰਹੀ ਇਕ ਕਾਰ ਨੇ ਗੁਰਦੀਪ ਸਿੰਘ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ ਤੇ ਮੋਟਰਸਾਈਕਲ ਅੱਗੇ ਜਾ ਰਹੇ ਇਕ ਮੋਟਰਸਾਈਕਲ ਨਾਲ ਟਕਰਾ ਗਿਆ, ਜਿਸ ਨਾਲ ਗੁਰਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਦੂਜੇ ਮੋਟਰਸਾਈਕਲ 'ਤੇ ਸਵਾਰ ਨੌਜਵਾਨ ਵਰਿੰਦਰ ਸਿੰਘ ਤੇ ਪਰਮਜੀਤ ਸਿੰਘ ਵਾਸੀ ਪਿੰਡ ਮੁੰਧੋ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ। 
ਗੁਰਦੀਪ ਸਿੰਘ ਦਾ ਅੱਜ ਪਿੰਡ ਖੇੜਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਕਾਰ ਚਾਲਕ ਮੌਕੇ ਤੋਂ ਕਾਰ ਸਮੇਤ ਫਰਾਰ ਹੋ ਗਿਆ। ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 


Related News