ਮੌਸਮ ਵਿਭਾਗ ਦੀ ਚਿਤਾਵਨੀ! ਲੂ ਲੱਗਣ ਦਾ ਵੱਧ ਰਿਹੈ ਖ਼ਤਰਾ, ਅਗਲੇ 5 ਦਿਨਾਂ ਲਈ ਅਲਰਟ ਜਾਰੀ
Wednesday, May 22, 2024 - 06:01 AM (IST)
ਜਲੰਧਰ (ਪੁਨੀਤ)– 43 ਡਿਗਰੀ ਤਾਪਮਾਨ ’ਚ ਆਸਮਾਨ ਤੋਂ ਅੱਗ ਵਰ੍ਹ ਰਹੀ ਹੈ, ਜਿਸ ਕਾਰਨ ਹੀਟ ਸਟ੍ਰੋਕ (ਲੂ) ਦਾ ਖ਼ਤਰਾ ਵੱਧ ਰਿਹਾ ਹੈ। ਅਜਿਹੇ ’ਚ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੋ ਗਈ ਹੈ, ਨਹੀਂ ਤਾਂ ਵਿਅਕਤੀ ਬੀਮਾਰ ਹੋ ਸਕਦਾ ਹੈ। ਇਸ ਨੂੰ ਧਿਆਨ ’ਚ ਰੱਖਦਿਆਂ ਛੱਤਰੀ ਦੀ ਵਰਤੋਂ ਕਰਨਾ ਸਭ ਤੋਂ ਵਧੀਆ ਤੇ ਪ੍ਰਭਾਵਸ਼ਾਲੀ ਹੱਲ ਹੈ। ਗਰਮੀ ਤੋਂ ਬਚਾਅ ਲਈ ਲੋਕ ਰੁਮਾਲ ਤੇ ਚੁੰਨੀ ਆਦਿ ਮੂੰਹ ’ਤੇ ਬੰਨ੍ਹ ਕੇ ਬਾਹਰ ਨਿਕਲ ਰਹੇ ਹਨ।
ਹਾਲਾਤ ਅਜਿਹੇ ਹਨ ਕਿ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵਲੋਂ ਅਗਲੇ 5 ਦਿਨਾਂ ਲਈ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਕਾਰਨ ਗਰਮੀ ਦੀ ਲਹਿਰ ਲਗਾਤਾਰ ਵਧਣ ਦੀ ਚਿਤਾਵਨੀ ਦਿੱਤੀ ਗਈ ਹੈ। ਅਜਿਹੀ ਸਥਿਤੀ ’ਚ ਕਿਸੇ ਨੂੰ ਸਿੱਧੀ ਧੁੱਪ ’ਚ ਜਾਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਸਿੱਧੀ ਧੁੱਪ ’ਚ ਜਾਣ ਨਾਲ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
ਇਹ ਖ਼ਬਰ ਵੀ ਪੜ੍ਹੋ : 23 ਦੀ ਪਟਿਆਲਾ ਰੈਲੀ ’ਚ ਪ੍ਰਧਾਨ ਮੰਤਰੀ ਦਾ ਵਿਰੋਧ ਕਰਨਗੇ ਕਿਸਾਨ, ਹਜ਼ਾਰਾਂ ਕਿਸਾਨ ਕਰਨਗੇ ਪਟਿਆਲਾ ਕੂਚ
ਮਾਹਿਰਾਂ ਦਾ ਕਹਿਣਾ ਹੈ ਕਿ ਚਮੜੀ ਦੇ ਜਲਣ ਦੀ ਸਮੱਸਿਆ ਤੋਂ ਬਚਣ ਲਈ ਆਪਣੇ ਚਿਹਰੇ ਨੂੰ ਢਕ ਕੇ ਰੱਖਣਾ ਚਾਹੀਦਾ ਹੈ, ਜਦਕਿ ਬਾਹਾਂ ਆਦਿ ਨੂੰ ਢਕਣ ਨੂੰ ਵੀ ਮਹੱਤਵ ਦੇਣਾ ਚਾਹੀਦਾ ਹੈ। ਸਿੱਧੀ ਧੁੱਪ ’ਚ ਜਾਂਦੇ ਸਮੇਂ ਜਿਸ ਹਿੱਸੇ ਨੂੰ ਢਕਿਆ ਨਹੀਂ ਜਾਂਦਾ, ਉਸ ਨਾਲ ਚਮੜੀ ’ਚ ਜਲਣ ਹੁੰਦੀ ਹੈ ਤੇ ਚਮੜੀ ਨੂੰ ਨੁਕਸਾਨ ਹੁੰਦਾ ਹੈ।
ਗਰਮ ਹਵਾ ਕਾਰਨ ਘੱਟ ਹੋਈ ਨਮੀ ਦੀ ਮਾਤਰਾ
ਸ਼ਹਿਰ ’ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਗਰਮੀ ਦਾ ਕਹਿਰ ਜਾਰੀ ਹੈ ਤੇ ਲੂ ਨੇ ਹਵਾ ’ਚੋਂ ਕਾਫ਼ੀ ਨਮੀ ਜਜ਼ਬ ਕਰ ਲਈ ਹੈ। ਇਸ ਕਾਰਨ ਮਾਹੌਲ ਬੇਹੱਦ ਗਰਮ ਹੋ ਗਿਆ ਹੈ। ਸਥਿਤੀ ਇਹ ਹੈ ਕਿ ਸਾਰਾ ਦਿਨ ਗਰਮੀ ਨਾਲ ਝੁਲਸ ਰਿਹਾ ਹੈ ਤੇ ਰਾਤ ਨੂੰ ਤੇਜ਼ ਹਵਾਵਾਂ ਚੱਲਣ ਕਾਰਨ ਮੌਸਮ ਠੰਡਾ ਨਹੀਂ ਹੋ ਰਿਹਾ ਹੈ। ਸੂਰਜ ਛਿਪਣ ਤੋਂ ਬਾਅਦ ਵੀ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ।
ਸ਼ਾਮ ਨੂੰ ਚੌਪਾਟੀ ’ਤੇ ਵੀ ਘਟੀ ਰੌਣਕ
ਮੌਸਮ ਵਿਭਾਗ ਮੁਤਾਬਕ ਅਜੇ ਗਰਮੀ ਹੋਰ ਵਧੇਗੀ। ਸਥਿਤੀ ਇਹ ਹੈ ਕਿ ਦਿਨ ਦੇ ਨਾਲ-ਨਾਲ ਰਾਤ ਨੂੰ ਵੀ ਗਰਮੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਖ਼ਾਸ ਕਰਕੇ ਦੁਪਹਿਰ ਵੇਲੇ ਤਾਂ ਸੜਕਾਂ ਤੇ ਬਾਜ਼ਾਰ ਖਾਲੀ ਨਜ਼ਰ ਆਉਂਦੇ ਹਨ, ਜਦਕਿ ਸ਼ਾਮ ਵੇਲੇ ਆਦਰਸ਼ ਨਗਰ ਤੇ ਮਾਡਲ ਟਾਊਨ ਦੀ ਚੌਪਾਟੀ ’ਚ ਵੀ ਰੌਣਕ ਘੱਟ ਗਈ ਹੈ। ਕਾਰਨ ਇਹ ਹੈ ਕਿ ਹਰ ਕੋਈ ਭਿਆਨਕ ਗਰਮੀ ਨਾਲ ਜੂਝ ਰਿਹਾ ਹੈ ਤੇ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਗੁਰੇਜ਼ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।