ਸੂਫੀਆ ਬਾਗ ਭਿਆਨਕ ਅਗਨੀਕਾਂਡ ਕਾਰਨ ਰਿਕਸ਼ਾ ਫੈਕਟਰੀ ਮਿਲੀ ਮਿੱਟੀ ''ਚ
Friday, Nov 24, 2017 - 05:07 AM (IST)

ਲੁਧਿਆਣਾ(ਰਾਜਪਾਲ)-ਮਹਾਨਗਰ ਦੇ ਸੂਫੀਆ ਬਾਗ ਖੇਤਰ 'ਚ ਅਮਰਸਨ ਪੋਲੀਮਰਸ ਫੈਕਟਰੀ 'ਚ ਅੱਗ ਲੱਗਣ ਤੋਂ ਬਾਅਦ ਡਿੱਗੀ 6 ਮੰਜ਼ਿਲਾ ਇਮਾਰਤ ਦਾ ਕੁੱਝ ਮਲਬਾ ਨਾਲ ਲੱਗਦੀ ਜਨਤਾ ਰਿਕਸ਼ਾ ਫੈਕਟਰੀ 'ਤੇ ਵੀ ਡਿੱਗਿਆ, ਜਿਸ ਨਾਲ ਦੋ ਮੰਜ਼ਿਲਾ ਜਨਤਾ ਰਿਕਸ਼ਾ ਫੈਕਟਰੀ ਦੀ ਇਮਾਰਤ ਵੀ ਪੂਰੀ ਤਰ੍ਹਾਂ ਮਿੱਟੀ 'ਚ ਮਿਲ ਗਈ। ਜਨਤਾ ਫੈਕਟਰੀ ਚਲਾ ਰਹੇ ਰਿਕਸ਼ਾ ਕੰਪਨੀ ਦੇ ਮਾਲਕ ਸੁਰਿੰਦਰ ਕਪੂਰ ਨੇ ਅੱਜ ਸ਼ਾਮ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਸ ਇਮਾਰਤ 'ਚ ਉਹ ਨਵੇਂ ਰਿਕਸ਼ੇ ਬਣਾਉਣ ਦਾ ਯੂਨਿਟ ਵੀ ਚਲਾ ਰਹੇ ਸਨ। ਇਮਾਰਤ ਡਿੱਗਣ ਨਾਲ ਉਸ ਦਾ ਸਭ ਕੁੱਝ ਬਰਬਾਦ ਹੋ ਗਿਆ। ਉਨ੍ਹਾਂ ਨੇ ਘਟਨਾ ਦੀ ਜਾਣਕਾਰੀ ਦਿੰਦੇ ਦੱਸਿਆ ਕਿ ਰਿਕਸ਼ਾ ਕੰਪਨੀ ਦੇ ਨਾਲ ਲੱਗਦੀ ਇਮਾਰਤ 'ਚ ਅੱਗ ਦੀ ਸੂਚਨਾ ਮਿਲਣ 'ਤੇ ਉਹ ਆਪਣੇ ਭਰਾ ਦਵਿੰਦਰ ਕਪੂਰ, ਅਜੇ ਕਪੂਰ, ਬੇਟੇ ਰੋਹਿਤ ਕਪੂਰ ਅਤੇ ਵਿਸ਼ਾਲ ਕਪੂਰ ਨਾਲ ਉਥੇ ਪਹੁੰਚਿਆ ਅਤੇ ਅੱਗ ਬੁਝਾਉਣ 'ਚ ਪਰਿਵਾਰ ਸਮੇਤ ਜੁਟ ਗਿਆ। ਕੁੱਝ ਦੇਰ ਬਾਅਦ ਉਹ ਸਾਰੇ ਬਾਹਰ ਆਏ ਅਤੇ ਇੰਨੇ 'ਚ ਹੀ ਇਮਾਰਤ ਹੇਠਾਂ ਡਿੱਗੀ ਅਤੇ ਮਲਬੇ 'ਚ ਬਦਲ ਗਈ। ਇਸ ਦਾ ਕੁੱਝ ਹਿੱਸਾ ਉਨ੍ਹਾਂ ਦੀ ਫੈਕਟਰੀ ਦੀ ਇਮਾਰਤ 'ਤੇ ਡਿੱਗਿਆ, ਜਿਸ 'ਚ ਉਨ੍ਹਾਂ ਦਾ ਬੇਟਾ ਰੋਹਿਤ ਕਪੂਰ ਮਲਬੇ 'ਚ ਦੱਬ ਗਿਆ। ਉਸ ਨੂੰ ਪਰਿਵਾਰ ਦੇ ਮੈਂਬਰ ਅਤੇ ਹੋਰ ਬਚਾਅ ਕਰਮਚਾਰੀਆਂ ਨੇ ਦੋ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਅਤੇ ਸੀ. ਐੱਮ. ਸੀ. ਹਸਪਤਾਲ ਪਹੁੰਚਾਇਆ।
ਹਸਪਤਾਲ 'ਚ ਅੱਜ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਅਤੇ ਹੋਰ ਅਧਿਕਾਰੀਆਂ ਸਮੇਤ ਰੋਹਿਤ ਕਪੂਰ ਦਾ ਹਾਲ-ਚਾਲ ਪੁੱਛਣ ਪਹੁੰਚੇ। ਰੋਹਿਤ ਕਪੂਰ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਅਤੇ ਉਸ ਦੀ ਹਾਲਤ ਹੁਣ ਵੀ ਗੰਭੀਰ ਬਣੀ ਹੋਈ ਹੈ। ਪਰਿਵਾਰ ਦੇ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਜੋ ਰੋਹਿਤ ਦੇ ਠੀਕ ਹੋਣ ਦੀਆਂ ਦੁਆਵਾਂ ਕਰ ਰਹੇ ਹਨ।
ਮੌਤ ਨੂੰ ਨੇੜਿਓਂ ਦੇਖਿਆ: ਵਿਸ਼ਾਲ ਕਪੂਰ
ਸ਼੍ਰੀ ਬਾਲਾ ਜੀ ਸਟੇਸ਼ਨਰੀ ਦੇ ਮਾਲਕ ਵਿਸ਼ਾਲ ਕਪੂਰ ਨੇ ਦੱਸਿਆ ਕਿ ਉਸ ਨੇ ਘਟਨਾ ਵਾਲੇ ਦਿਨ ਮੌਤ ਨੂੰ ਨੇੜਿਓਂ ਦੇਖਿਆ ਹੈ। ਉਸ ਨੇ ਦੱਸਿਆ ਕਿ ਉਹ ਸਵ. ਲਛਮਣ ਦ੍ਰਾਵਿੜ ਦੇ ਨਾਲ ਦੋ ਵਾਰ ਅਮਰਸਨ ਫੈਕਟਰੀ 'ਚ ਗਿਆ। ਉਸ ਦੇ ਬਾਹਰ ਆਉਂਦੇ ਹੀ ਜ਼ੋਰਦਾਰ ਧਮਾਕਾ ਹੋਇਆ ਅਤੇ ਚਾਰੇ ਪਾਸੇ ਹਨੇਰਾ ਛਾ ਗਿਆ। ਉਹ ਬੇਹੋਸ਼ੀ ਦੀ ਹਾਲਤ ਵਿਚ ਹਨੇਰੇ 'ਚ ਫਸਿਆ ਰਿਹਾ। ਕੁੱਝ ਦੇਰ ਬਾਅਦ ਪੁਲਸ ਕਰਮਚਾਰੀਆਂ ਨੇ ਉਸ ਨੂੰ ਚੁੱਕਿਆ।
ਅੱਗ ਦੀਆਂ ਲਪਟਾਂ ਹੁਣ ਵੀ ਜਾਰੀ
'ਜਗ ਬਾਣੀ' ਟੀਮ ਨੇ ਅੱਜ ਸ਼ਾਮ ਵੀ ਘਟਨਾ ਸਥਾਨ ਦਾ ਦੌਰਾ ਕੀਤਾ। ਮਲਬੇ 'ਚ ਅੱਜ ਤੀਜੇ ਦਿਨ ਵੀ ਅੱਗ ਦੀਆਂ ਲਪਟਾਂ ਨਜ਼ਰ ਆ ਰਹੀਆਂ ਸੀ। ਫਾਇਰ ਬ੍ਰਿਗੇਡ ਅਤੇ ਹੋਰ ਸੁਰੱਖਿਆ ਕਰਮਚਾਰੀਆਂ ਵਲੋਂ ਰਾਹਤ ਕਾਰਜ ਕੀਤੇ ਜਾ ਰਹੇ ਹਨ। ਮਲਬੇ 'ਚ ਹੁਣ ਵੀ ਕੁੱਝ ਲੋਕਾਂ ਦੇ ਦੱਬੇ ਹੋਣ ਦਾ ਸ਼ੱਕ ਹੈ।