ਬੰਦ ਪਈਆਂ ਰਾਈਸ ਮਿੱਲਾਂ ਨੂੰ ਫਿਰ ਤੋਂ ਚਲਾਏਗੀ ਸਰਕਾਰ : ਕੈਪਟਨ
Friday, Sep 29, 2017 - 07:13 AM (IST)
ਚੰਡੀਗੜ੍ਹ (ਭੁੱਲਰ) - ਪੰਜਾਬ ਵਿਚ ਬੰਦ ਪਈਆਂ ਰਾਈਸ ਮਿੱਲਾਂ ਨੂੰ ਮੁੜ ਚਲਾਉਣ ਲਈ ਰਾਜ ਸਰਕਾਰ ਪਹਿਲ ਦੇ ਆਧਾਰ 'ਤੇ ਕਦਮ ਉਠਾਏਗੀ ਕਿਉਂਕਿ ਰਾਈਸ ਮਿੱਲਾਂ ਦੀਆਂ ਯੂਨਿਟਾਂ ਦਾ ਰੁਜ਼ਗਾਰ ਮੁਹੱਈਆ ਕਰਵਾਉਣ ਤੇ ਰਾਜ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿਚ ਅਹਿਮ ਯੋਗਦਾਨ ਹੈ। ਇਹ ਅਹਿਮ ਐਲਾਨ ਅੱਜ ਇਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਲ ਇੰਡੀਆ ਰਾਈਸ ਮਿੱਲ ਐਸੋਸੀਏਸ਼ਨ ਤੇ ਪੰਜਾਬ ਸਟੇਟ ਰਾਈਸ ਮਿੱਲਰਜ਼ ਐਸੋਸੀਏਸ਼ਨ ਵੱਲੋਂ ਤਰਸੇਮ ਸੈਣੀ ਦੀ ਅਗਵਾਈ ਵਿਚ ਆਯੋਜਿਤ ਰਾਈਸ ਮਿੱਲਰਜ਼ ਦੀ ਰਾਜ ਪੱਧਰੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤੀ। ਉਨ੍ਹਾਂ ਰਾਈਸ ਮਿੱਲਰਜ਼ ਦੀਆਂ ਹੋਰ ਸਮੱਸਿਆਵਾਂ ਦਾ ਵੀ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਭਰੋਸਾ ਦਿਵਾਇਆ। ਮੁੱਖ ਮੰਤਰੀ ਨੇ ਵਿਚਾਰ ਪੇਸ਼ ਕਰਦਿਆਂ ਇਹ ਵੀ ਐਲਾਨ ਕੀਤਾ ਕਿ ਸਾਉਣੀ ਦੇ ਆਉਂਦੇ ਸੀਜ਼ਨ ਵਿਚ ਕਿਸਾਨਾਂ ਨੂੰ ਝੋਨੇ ਦੀ ਅਦਾਇਗੀ ਅਤੇ ਫਸਲ ਦੀ ਚੁਕਾਈ ਲਈ 48 ਘੰਟਿਆਂ ਦੀ ਸਮਾਂ-ਹੱਦ ਨੂੰ ਉਨ੍ਹਾਂ ਦੀ ਸਰਕਾਰ ਦ੍ਰਿੜ੍ਹਤਾ ਨਾਲ ਯਕੀਨੀ ਬਣਾਏਗੀ। ਫਸਲ ਦੀ ਖਰੀਦ ਸਬੰਧੀ ਨਕਦ ਕਰਜ਼ਾ ਹੱਦ (ਸੀ. ਸੀ. ਐੱਲ.) ਦੇ ਮੁੱਦੇ ਨੂੰ ਉਨ੍ਹਾਂ ਦੀ ਸਰਕਾਰ ਵੱਲੋਂ ਹੱਲ ਕਰ ਲਏ ਜਾਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਝੋਨੇ ਦੀ ਨਿਰਵਿਘਨ ਖਰੀਦ ਲਈ ਪੂਰੇ ਬੰਦੋਬਸਤ ਕਰ ਲਏ ਗਏ ਹਨ ਅਤੇ ਇਸ ਵਾਰ ਮੰਡੀਆਂ ਵਿਚ 182 ਲੱਖ ਮੀਟ੍ਰਿਕ ਟਨ ਝੋਨਾ ਆਉਣ ਦੀ ਉਮੀਦ ਹੈ ਜਦਕਿ ਪਿਛਲੇ ਸਾਲ 165 ਲੱਖ ਮੀਟ੍ਰਿਕ ਟਨ ਝੋਨੇ ਦਾ ਟੀਚਾ ਤੈਅ ਕੀਤਾ ਗਿਆ ਸੀ।
ਮਿੱਲ ਮਾਲਕਾਂ ਦੀ ਮੰਗ ਪ੍ਰਤੀ ਹੁੰਗਾਰਾ ਭਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਰਦਾਨੇ ਦੀ ਵਰਤੋਂ ਅਤੇ ਢੋਆ-ਢੁਆਈ ਦੀਆਂ ਦਰਾਂ ਦਾ ਮਸਲਾ ਉਹ ਕੇਂਦਰ ਸਰਕਾਰ ਕੋਲ ਉਠਾਉਣਗੇ ਅਤੇ ਅਗਲੇ ਹਫ਼ਤੇ ਉਨ੍ਹਾਂ ਦੀ ਕੇਂਦਰੀ ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਨਾਲ ਮੀਟਿੰਗ ਹੈ। ਉਨ੍ਹਾਂ ਵਾਧੂ ਝੋਨੇ ਵਾਲੇ ਜ਼ਿਲਿਆਂ ਵਿਚ ਉਨ੍ਹਾਂ ਦੀ ਅਸਲ ਅਖਤਿਆਰ 140 ਫੀਸਦੀ ਦੀ ਦਰ 'ਤੇ ਝੋਨਾ ਮੁਹੱਈਆ ਕਰਵਾਉਣ ਦੇ ਮੁੱਦੇ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਮਿੱਲਰਜ਼ ਨੂੰ ਭਰੋਸਾ ਦਿੱਤਾ ਕਿ ਕਿਸੇ ਵੀ ਮਿੱਲ ਨੂੰ ਉਸ ਦੀ ਸਮਰੱਥਾ ਤੋਂ ਵੱਧ ਝੋਨੇ ਦੀ ਮਿਲਿੰਗ ਕਰਨ ਲਈ ਮਜਬੂਰ ਨਹੀਂ ਕੀਤਾ ਜਾਵੇਗਾ ਅਤੇ ਸਿਰਫ ਉਨ੍ਹਾਂ 'ਤੇ ਵਿਚਾਰ ਕੀਤਾ ਜਾਵੇਗਾ ਜਿਹੜੇ ਵੱਧ ਝੋਨਾ ਮਿਲਿੰਗ ਕਰਨ ਦੀ ਇੱਛਾ ਪ੍ਰਗਟਾਉਣਗੇ।
ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਸਨਅਤ ਦੀ ਮੰਦਹਾਲੀ ਲਈ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਆਖਿਆ ਕਿ ਅਕਾਲੀਆਂ ਅਤੇ ਭਾਜਪਾਈਆਂ ਨੇ ਸੂਬੇ ਨੂੰ ਤਬਾਹ ਕਰ ਦਿੱਤਾ ਅਤੇ ਇਸ ਗਠਜੋੜ ਸਰਕਾਰ ਦੀਆਂ ਮਾੜੀਆਂ ਅਤੇ ਭ੍ਰਿਸ਼ਟ ਨੀਤੀਆਂ ਦੇ ਸਿੱਟੇ ਵਜੋਂ ਸੂਬੇ ਦੇ ਸਿਰ 2.08 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਗਿਆ। ਤਰਸੇਮ ਸੈਣੀ ਨੇ ਮਿੱਲ ਮਾਲਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਸੂਬੇ ਦੀ ਆਰਥਿਕਤਾ ਨੂੰ ਮੁੜ ਪੈਰਾਂ 'ਤੇ ਕਰਨ ਲਈ ਸਨਅਤ ਪੂਰਾ ਸਹਿਯੋਗ ਦੇਵੇਗੀ। ਇਸ ਮੌਕੇ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਸੀਨੀਅਰ ਉਪ ਪ੍ਰਧਾਨ ਗੁਰਮੇਜ ਸਿੰਘ, ਆਲ ਇੰਡੀਆ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਸੀਨੀਅਰ ਉਪ ਪ੍ਰਧਾਨ ਪ੍ਰਮੋਦ ਕੁਮਾਰ, ਉਪ ਪ੍ਰਧਾਨ ਸੰਜੇ ਭੂਤ ਤੋਂ ਇਲਾਵਾ ਵੱਖ-ਵੱਖ ਜ਼ਿਲਿਆਂ ਦੇ ਪ੍ਰਤੀਨਿਧੀ ਹਾਜ਼ਰ ਸਨ।
