ਰੈਸਟੋਰੈਂਟ ਦਾ ਮਾਲਕ ਲੁਧਿਆਣਾ ’ਚ 5 ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ
Monday, Jan 03, 2022 - 10:43 PM (IST)
ਲੁਧਿਆਣਾ (ਅਨਿਲ)-ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਟੀਮ ਨੇ ਅੱਜ ਇਕ ਰੈਸਟੋਰੈਂਟ ਦੇ ਮਾਲਕ ਨੂੰ 5 ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਐੱਸ. ਟੀ. ਐੱਫ. ਦੇ ਇੰਚਾਰਜ ਹਰਬੰਸ ਸਿੰਘ ਰਹਿਲ ਨੇ ਦੱਸਿਆ ਕਿ ਪੁਲਸ ਨੂੰ ਅੱਜ ਸਵੇਰੇ ਮੁਖ਼ਬਰ ਖਾਸ ਨੇ ਸੂਚਨਾ ਦਿੱਤੀ ਕਿ ਇਕ ਨਸ਼ਾ ਸਮੱਗਲਰ ਅੰਮ੍ਰਿਤਸਰ ਤੋਂ ਹੈਰੋਇਨ ਦੀ ਖੇਪ ਲੈ ਕੇ ਲੁਧਿਆਣਾ ’ਚ ਆਪਣੇ ਗਾਹਕਾਂ ਨੂੰ ਸਪਲਾਈ ਕਰਨ ਆਇਆ ਹੋਇਆ ਹੈ, ਜਿਸ ’ਤੇ ਐੱਸ. ਟੀ. ਐੱਫ. ਦੀ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਡਵੀਜ਼ਨ ਨੰ. 3 ਦੇ ਕਸ਼ਮੀਰ ਨਗਰ ਰੋਡ ’ਤੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਉਸ ਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ ’ਚੋਂ 1 ਕਿਲੋ 20 ਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ। ਪੁਲਸ ਟੀਮ ਨੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਉਸ ਦੀ ਪਛਾਣ ਸੰਦੀਪ ਸਿੰਘ ਸੋਨੂੰ ਬਾਬਾ (35) ਪੁੱਤਰ ਬਲਦੇਵ ਸਿੰਘ ਵਾਸੀ ਸ਼ਰਮਾ ਕਾਲੋਨੀ ਗੁਰੂ ਗੋਬਿੰਦ ਸਿੰਘ ਨਗਰ ਤਰਨਤਾਰਨ ਦੇ ਰੂਪ ’ਚ ਕੀਤੀ । ਪੁਲਸ ਨੇ ਮੁਲਜ਼ਮ ਖਿਲਾਫ ਮੋਹਾਲੀ ਪੁਲਸ ਥਾਣੇ ’ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਤੋਂ ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ 5 ਕਰੋੜ ਤੋਂ ਜ਼ਿਆਦਾ ਕੀਮਤ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਭਗਵੰਤ ਮਾਨ ਨੇ ਪਟਿਆਲਾ ਪਹੁੰਚ ਕੋਰੋਨਾ ਯੋਧਿਆਂ ਦੀ ਆਵਾਜ਼ ਕੀਤੀ ਬੁਲੰਦ, ਕਾਂਗਰਸ ਸਰਕਾਰ ’ਤੇ ਵਿੰਨ੍ਹੇ ਨਿਸ਼ਾਨੇ
ਰੈਸਟੋਰੈਂਟ ਚਲਾਉਣ ਦੇ ਨਾਲ ਹੈਰੋਇਨ ਸਮੱਗਲਿੰਗ ਦਾ ਵੀ ਕਰ ਰਿਹਾ ਸੀ ਕੰਮ
ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਨਸ਼ਾ ਸਮੱਗਲਰ ਸੰਦੀਪ ਸਿੰਘ ਪਿਛਲੇ 6 ਸਾਲਾਂ ਤੋਂ ਹੈਰੋਇਨ ਵੇਚਣ ਦਾ ਕੰਮ ਕਰ ਰਿਹਾ ਸੀ, ਜਿਸ ਦਾ ਤਰਨਤਾਰਨ ’ਚ ਏਕਮ ਚਿਕਨ ਕਾਰਨਰ ਦਾ ਰੈਸਟੋਰੈਂਟ ਵੀ ਹੈ। ਮੁਲਜ਼ਮ ’ਤੇ ਪਹਿਲਾਂ ਵੀ ਨਸ਼ਾ ਸਮੱਗਲਿੰਗ ਦੇ 2 ਕੇਸ ਦਰਜ ਹਨ, ਜਿਸ ’ਚ ਮੁਲਜ਼ਮ ਜ਼ਮਾਨਤ ’ਤੇ ਬਾਹਰ ਆਇਆ ਹੋਇਆ ਹੈ। ਮੁਲਜ਼ਮ ਅੰਮ੍ਰਿਤਸਰ ਤੋਂ ਕਿਸੇ ਨਸ਼ਾ ਸਮੱਗਲਰ ਤੋਂ ਥੋਕ ਦੇ ਮੁੱਲ ਸਸਤੇ ਰੇਟ ’ਚ ਹੈਰੋਇਨ ਖਰੀਦ ਕੇ ਲਿਆਇਆ ਸੀ ਅਤੇ ਲੁਧਿਆਣਾ ’ਚ ਆਪਣੇ ਗਾਹਕਾਂ ਨੂੰ ਪਰਚੂਨ ’ਚ ਵੇਚ ਕੇ ਮੋਟਾ ਮੁਨਾਫਾ ਕਮਾਉਣਾ ਸੀ, ਜਿਸ ਨੂੰ ਪੁਲਸ ਨੇ ਅੱਜ ਮੌਕੇ ’ਤੇ ਹੀ ਗ੍ਰਿਫਤਾਰ ਕਰ ਲਿਆ।