ਪੰਜਾਬ ਵਾਸੀਆਂ ਲਈ ਜਾਰੀ ਹੋਈ ਐਡਵਾਈਜ਼ਰੀ, ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ

Friday, May 22, 2026 - 06:27 PM (IST)

ਪੰਜਾਬ ਵਾਸੀਆਂ ਲਈ ਜਾਰੀ ਹੋਈ ਐਡਵਾਈਜ਼ਰੀ, ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ

ਮੋਗਾ (ਸੰਦੀਪ ਸ਼ਰਮਾ) : ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਡਾ. ਅਸ਼ੋਕ ਸਿੰਗਲਾ ਸਿਵਲ ਸਰਜਨ ਮੋਗਾ ਵੱਲੋਂ ਜ਼ਿਲਾ ਨਿਵਾਸੀਆਂ ਨੂੰ ਲੂਅ ਤੋਂ ਬਚਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਅਸ਼ੋਕ ਸਿੰਗਲਾ ਸਿਵਲ ਸਰਜਨ ਨੇ ਦੱਸਿਆ ਕਿ ਗਰਮ ਹਵਾਵਾਂ ਸਾਡੀ ਤ੍ਰੇਹ (ਪਿਆਸ) ਵਧਾਉਣ ਦੇ ਨਾਲ-ਨਾਲ ਸਾਡੇ ਸਰੀਰ ਖਾਸ ਕਰਕੇ ਅੱਖਾਂ ਅਤੇ ਚਮੜੀ ਨੂੰ ਪੂਰੀ ਤਰ੍ਹਾਂ ਝੁਲਸਾ ਦਿੰਦੀ ਹੈ। ਜ਼ਿਆਦਾ ਗਰਮੀ ਹੋਣ ’ਤੇ ਸਾਡਾ ਸਰੀਰ ਪਸੀਨੇ ਦੇ ਰੂਪ ਵਿਚ ਗਰਮੀ ਬਾਹਰ ਕੱਢਦਾ ਹੈ ਅਤੇ ਤਾਪਮਾਨ ਨੂੰ ਨਿਯੰਤਰਿਤ ਰੱਖਦਾ ਹੈ, ਜਿਸ ਨਾਲ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ।

ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ, ਹੁਣ ਉੱਠਣ ਲੱਗੀ ਇਹ ਮੰਗ

ਇਕ ਨਿਸ਼ਚਿਤ ਸੀਮਾ ਤੋਂ ਬਾਅਦ ਸਾਡੇ ਸਰੀਰ ਦਾ ਇਹ ਸਿਸਟਮ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਸਰੀਰ ਬਾਹਰ ਦੇ ਤਾਪਮਾਨ ਦੇ ਸਮਾਨ ਗਰਮ ਹੋ ਜਾਂਦਾ ਹੈ, ਜਿਸ ਨੂੰ ਲੂ ਲੱਗਣਾ ਜਾਂ ਹੀਟ ਸਟਰੋਕ ਕਹਿੰਦੇ ਹਨ। ਆਮ ਤੌਰ ’ਤੇ ਲੋਕ ਇਸਨੂੰ ਹਲਕੇ ਵਿਚ ਲੈਂਦੇ ਹਨ ਅਤੇ ਮੰਨਦੇ ਹਨ ਕਿ ਉਨ੍ਹਾਂ ਨੂੰ ਲੂ ਲੱਗ ਹੀ ਨਹੀਂ ਸਕਦੀ, ਪਰੰਤੂ ਇਕ ਰਿਪੋਰਟ ਅਨੁਸਾਰ ਲੂ ਲੱਗਣਾ (ਹੀਟ ਸਟਰੋਕ) ਬਹੁਤ ਖਤਰਨਾਕ ਬੀਮਾਰੀ ਹੈ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਮੋਟਾਪੇ ਤੋਂ ਪੀੜਤ ਲੋਕ, ਦਿਲ ਦੇ ਮਰੀਜ਼, ਸਰੀਰਕ ਰੂਪ ਨਾਲ ਕਮਜ਼ੋਰ ਲੋਕ ਅਤੇ ਕੁਝ ਵਿਸ਼ੇਸ਼ ਦਵਾਈਆਂ, ਜਿਨ੍ਹਾਂ ਦਾ ਸਰੀਰ ਦੇ ਰਸਾਇਣਾਂ ਜਾਂ ਖੂਨ ਦੀਆਂ ਨਾਲੀਆਂ ’ਤੇ ਅਸਰ ਪੈਂਦਾ ਹੈ ਨੂੰ ਖਾਣ ਵਾਲੇ ਲੋਕਾਂ ਨੂੰ ਗਰਮੀ ਲੱਗਣ ਦੇ ਸਭ ਤੋਂ ਜ਼ਿਆਦਾ ਖਤਰਾ ਹੁੰਦਾ ਹੈ। ਇਸ ਤੋਂ ਇਲਾਵਾ ਮਜ਼ਦੂਰ ਵਰਗ, ਦਿਹਾੜੀਦਾਰ ਅਤੇ ਬੇਘਰ ਹੋ ਕੇ ਸੜਕਾਂ ਅਤੇ ਰੇਲਵੇ ਸਟੇਸ਼ਨਾਂ ਉੱਤੇ ਰਹਿਣ ਵਾਲੇ ਲੋਕੀਂ ਇਸ ਦਾ ਜਲਦੀ ਸ਼ਿਕਾਰ ਬਣ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਗਰਮੀ ਲੱਗਣ ਦਾ ਖਤਰਾ ਜ਼ਿਆਦਾ ਹੁੰਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਮੁਲਾਜ਼ਮਾਂ ਲਈ ਖ਼ੁਸ਼ਖਬਰੀ, ਡੀ. ਏ. ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ

ਇਸ ਮੌਕੇ ਸਿਵਲ ਸਰਜਨ ਮੋਗਾ ਨੇ ਜ਼ਿਲੇ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਆਪਣੇ ਅਧੀਨ ਏਰੀਆ ਵਿਚ ਸਿਹਤ ਸਟਾਫ ਅਤੇ ਸਮਾਜ ਸੇਵੀ ਸੰਸਥਾਵਾਂ ਅਤੇ ਮੀਡੀਏ ਦੇ ਸਹਿਯੋਗ ਨਾਲੇ ਆਮ ਜਨਤਾ ਨੂੰ ਲੂਅ ਤੋਂ ਬਚਣ ਲਈ ਜਾਗਰੂਕ ਕੀਤਾ ਜਾਵੇ। ਡਾਕਟਰ ਸਿੰਗਲਾ ਨੇ ਜ਼ਿਲਾ ਨਿਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਸਿਹਤ ਵਿਭਾਗ ਦੁਆਰਾ ਲੂਅ ਤੋਂ ਬਚਣ ਲਈ ਦੱਸੀਆਂ ਗਈਆਂ ਸਾਵਧਾਨੀਆਂ ਨੂੰ ਅਮਲ ਵਿਚ ਲਿਆ ਕੇ ਜ਼ਿਆਦਾ ਸਮਾਂ ਘਰ ਵਿਚ ਰਹੋ, ਸੁਰੱਖਿਅਤ ਰਹੋ ਤੇ ਸਵਸਥ ਰਹੋ। ਇਸ ਮੌਕੇ ਡਾ. ਗੌਰਵਪ੍ਰੀਤ ਸਿੰਘ ਸੋਢੀ ਜ਼ਿਲਾ ਟੀ. ਬੀ. ਅਫਸਰ, ਸੁਮਿਤ ਬਜਾਜ ਜ਼ਿਲਾ ਕੈਸ਼ੀਅਰ, ਡਾਕਟਰ ਨਰੇਸ਼ ਆਮਲਾ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਪੰਜਾਬ ਦਾ ਨੈਸ਼ਨਲ ਹਾਈਵੇਅ ਜਾਮ! ਗੱਡੀਆਂ ਦੀਆਂ ਲੱਗ ਗਈਆਂ ਲੰਮੀਆਂ ਲਾਈਨਾਂ

ਗਰਮੀ ਜਾਂ ਲੂ ਲੱਗਣ ਦੇ ਲੱਛਣ

*ਅੱਖਾਂ ਦੇ ਸਾਹਮਣੇ ਹਨੇਰਾ ਛਾ ਜਾਣਾ।
*ਚੱਕਰ ਖਾ ਕੇ ਡਿੱਗ ਪੈਣਾ।
*ਬੇਚੈਨੀ ਅਤੇ ਘਬਰਾਹਟ।
*ਹਲਕਾ ਜਾਂ ਤੇਜ਼ ਬੁਖਾਰ।
*ਜੀਅ ਖਰਾਬ ਹੋਣਾ।
*ਲੋੜ ਤੋਂ ਜ਼ਿਆਦਾ ਪਿਆਸ ਲੱਗਣਾ।
*ਸਿਰ ਵਿਚ ਤੇਜ਼ ਦਰਦ ਅਤੇ ਉਲਟੀਆਂ ਆਉਣਾ।
*ਕਮਜ਼ੋਰੀ ਮਹਿਸੂਸ ਹੋਣਾ।
*ਗਰਮੀ ਕਰਕੇ ਪਿੱਤ ਦਾ ਹੋਣਾ।
*ਗਰਮੀ ਦੇ ਬਾਵਜੂਦ ਪਸੀਨਾ ਘੱਟ ਆਉਣਾ।
*ਮਾਸ਼ ਪੇਸ਼ੀਆਂ ਵਿਚ ਦਰਦ।
*ਲਾਲ ਗਰਮ ਤੇਖੁਸ਼ਕ ਚਮੜੀ।
ਲੂ ਲੱਗਣ ’ਚ ਮਰੀਜ਼ ਨੂੰ ਪਸੀਨਾ ਆਉਂਦੇ ਰਹਿਣਾ ਇੱਕ ਵਧੀਆ ਲੱਛਣ ਹੈ, ਇਸ ਨਾਲ ਸਰੀਰ ਦਾ ਤਾਪਮਾਨ ਸਥਿਰ ਰਹਿੰਦਾ ਹੈ

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, 12 ਤੋਂ 3 ਵਜੇ ਤੱਕ ਘਰੋਂ ਬਾਹਰ ਨਾ ਨਿਕਲਣ ਦੀ ਹਦਾਇਤ

ਖ਼ਤਰਨਾਕ ਸਥਿਤੀ-

ਤੇਜ਼ ਬੁਖਾਰ, ਜੋ 40 ਡਿਗਰੀ ਸੈਲਸੀਅਸ ਜਾਂ 104—105 ਡਿਗਰੀ ਫਾਰਨਹਾਈਟ ਤੋਂ ਜ਼ਿਆਦਾ ਹੋਵੇ।
ਸਰੀਰ ਦੇ ਗਰਮ ਹੋਣ ਉੱਤੇ ਪਸੀਨਾ ਆਉਣਾ ਬੰਦ ਹੋ ਜਾਵੇ ਅਤੇ ਚਮੜੀ ਰੁੱਖੀ ਹੋ ਜਾਵੇ।
ਮਰੀਜ਼ ਦਾ ਬੇਹੋਸ਼ ਹੋ ਜਾਣਾ, ਘਬਰਾਹਟ ਹੀ ਘਬਰਾਹਟ ਵਿਚ ਹੋਣਾ ਜਾਂ ਪਾਗਲਾਂ ਵਰਗਾ ਵਿਵਹਾਰ ਕਰਨ ਲੱਗ ਪੈਣਾ।
ਲੂ ਦੇ ਲੱਛਣ ਨਜ਼ਰ ਆਉਣ ’ਤੇ ਕੀ ਕੀਤਾ ਜਾਵੇ-
ਵਿਅਕਤੀ ਨੂੰ ਛਾਵੇਂ ਬਿਠਾ ਦਿੱਤਾ ਜਾਵੇ।
ਵਿਅਕਤੀ ਦੇ ਕੱਪੜੇ ਢਿੱਲੇ ਕਰ ਦਿੱਤੇ ਜਾਣ।
ਵਿਅਕਤੀ ਨੂੰ ਪੀਣ ਲਈ ਕੁਝ ਤਰਲ ਪਦਾਰਥ ਦਿੱਤਾ ਜਾਵੇ।
ਸਰੀਰ ਦੇ ਤਾਪਮਾਨ ਨੂੰ ਘੱਟ ਕਰਨ ਦੇ ਲਈ ਠੰਢੇ ਪਾਣੀ ਦੀਆਂ ਪੱਟੀਆਂ ਕੀਤੀਆਂ ਜਾਣ।
ਠੰਡੇ ਪਾਣੀ ਨਾਲ ਭਰੇ ਬਾਥਟੱਬ ਵਿਚ ਮਰੀਜ਼ ਨੂੰ ਗਲੇ ਤੱਕ ਲਿਟਾਇਆ ਜਾ ਸਕਦਾ ਹੈ।
ਬੁਖਾਰ ਨੂੰ ਘੱਟ ਕਰਨ ਦੇ ਲਈ ਆਮ ਦਵਾਈਆਂ ਦਾ ਪ੍ਰਯੋਗ ਨਾ ਕੀਤਾ ਜਾਵੇ।
ਮਰੀਜ਼ ਨੂੰ ਜਿੰਨੀ ਜਲਦੀ ਹੋ ਸਕੇ ਹਸਪਤਾਲ ਲੈ ਕੇ ਜਾਇਆ ਜਾਵੇ।
ਗਰਮੀ ’ਚ ਲੂਅ ਤੋਂ ਬਚਣ ਦੇ ਲਈ ਕੀ ਕੀਤਾ ਜਾਵੇ
ਜਦੋਂ ਵੀ ਘਰ ਤੋਂ ਬਾਹਰ ਨਿਕਲਣਾ ਹੋਏ ਤਾਂ ਜ਼ਿਆਦਾ ਮਾਤਰਾ ਵਿਚ ਪਾਣੀ ਪੀਤਾ ਜਾਵੇ।
ਸੂਤੀ, ਹਲਕੇ ਅਤੇ ਆਰਾਮਦਾਇਕ ਕੱਪੜੇ ਪਾ ਕੇ ਅਤੇ ਸਿਰ ਨੂੰ ਢੱਕ ਕੇ ਰੱਖਿਆ ਜਾਵੇ।
ਤਰਲ ਪਦਾਰਥਾਂ ਜਿਵੇਂ ਪਾਣੀ, ਲੱਸੀ, ਓ. ਆਰ. ਐੱਸ. ਦੇ ਘੋਲ ਦਾ ਵੱਧ ਤੋਂ ਵੱਧ ਸੇਵਨ ਕੀਤਾ ਜਾਵੇ।
ਦੁਪਹਿਰ ਦੇ ਵੇਲੇ ਘਰ ਤੋਂ ਬਾਹਰ ਲੋੜ ਪੈਣ ’ਤੇ ਹੀ ਨਿਕਲਿਆ ਜਾਵੇ।

ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਮੁਲਾਜ਼ਮਾਂ 'ਤੇ ਦਰਜ ਹੋਵੇਗੀ ਐੱਫ. ਆਈ. ਆਰ., ਤਨਖ਼ਾਹਾਂ ਰੋਕਣ ਦੇ ਹੁਕਮ

ਕੀ ਨਾ ਕੀਤਾ ਜਾਵੇ

ਖਾਲੀ ਪੇਟ ਘਰੋਂ ਬਾਹਰ ਨਾ ਨਿਕਲਿਆ ਜਾਵੇ।
ਜ਼ਿਆਦਾ ਮਿਰਚ ਅਤੇ ਮਸਾਲੇਦਾਰ ਭੋਜਨ ਤੋਂ ਪ੍ਰਹੇਜ਼ ਕੀਤਾ ਜਾਵੇ।
ਕੁਲਰ ਜਾਂ ਏ. ਸੀ. ਵਾਲੇ ਕਮਰੇ ਵਿਚ ਬੈਠਣ ਤੋਂ ਬਾਅਦ ਇਕ ਦਮ ਧੁੱਪ ਵਿਚ ਨਾ ਨਿਕਲਿਆ ਜਾਵੇ।
ਦੁਪਹਿਰ ਦੇ ਸਮੇਂ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News