ਕੇਂਦਰ ਸਰਕਾਰ ਜਲਦ ਖੇਤੀ ਕਾਨੂੰਨ ਰੱਦ ਕਰਕੇ ਕਿਸਾਨਾਂ ਨੂੰ ਦੇਵੇ ਰਾਹਤ: ਮੰਤਰੀ ਓ.ਪੀ. ਸੋਨੀ
Tuesday, Jan 26, 2021 - 04:39 PM (IST)
ਕਪੂਰਥਲਾ ( ਵਿਪਨ ਮਹਾਜਨ)- ਅੱਜ ਪੂਰੇ ਦੇਸ਼ ਭਰ ਵਿਚ ਗਣਤੰਤਰ ਦਿਵਸ ਮਨਾਇਆ ਗਿਆ। ਗਣਤੰਤਰ ਦਿਵਸ ਮੌਕੇ ਹੋਏ ਕਪੂਰਥਲਾ ਵਿਖੇ ਹੋਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੁੱਲ 7 ਟੁਕੜੀਆਂ ਨੇ ਮਾਰਚ ਪਾਸਟ ਅਤੇ ਪਰੇਡ ਵਿਚ ਹਿੱਸਾ ਲਿਆ।
ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ ’ਚ ਜਲੰਧਰ ’ਚ ਕੱਢੀ ਗਈ ‘ਟਰੈਕਟਰ ਰੈਲੀ’, ਦੁਕਾਨਦਾਰਾਂ ਨੇ ਵੀ ਇੰਝ ਦਿੱਤਾ ਸਾਥ
ਇਥੇ ਕੈਬਨਿਟ ਮੰਤਰੀ ਓ. ਪੀ. ਸੋਨੀ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਸੀ। ਸਮੱਚੀ ਪਰੇਡ ਦੀ ਅਗਵਾਈ ਡੀ. ਐੱਸ. ਪੀ. ਸੰਦੀਪ ਸਿੰਘ ਮੰਡ ਨੇ ਕੀਤੀ। ਇਸ ਮੌਕੇ ਓ. ਪੀ. ਸੋਨੀ ਨੇ ਕਿਸਾਨਾਂ ਵੱਲੋਂ ਕੱਢੇ ਜਾ ਰਹੀ ਟਰੈਕਟਰ ਪਰੇਡ ਨੂੰ ਲੈ ਕੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਜੋ ਇਤਿਹਾਸਕ ਟਰੈਕਟਰ ਮਾਰਚ ਆਯੋਜਿਤ ਕੀਤਾ ਗਿਆ ਹੈ, ਉਹ ਕੇਂਦਰ ਸਰਕਾਰ ਨੂੰ ਜ਼ੋਰਧਾਰ ਸੰਘਰਸ਼ ਦਾ ਸੰਦੇਸ਼ ਹੈ। ਕੇਂਦਰ ਸਰਕਾਰ ਨੂੰ ਵੀ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਕੇ ਕਿਸਾਨਾਂ ਨੂੰ ਰਾਹਤ ਦੇਣੀ ਚਾਹੀਦੀ ਹੈ ਤਾਂਕਿ ਕਿਸਾਨ ਆਪਣੇ-ਆਪਣੇ ਘਰਾਂ ਵਿਚ ਵਾਪਸ ਜਾ ਸਕਣ।
ਮੰਤਰੀ ਓ. ਪੀ. ਸੋਨੀ ਨੇ ਪੰਜਾਬੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਧਰਮਾਂ,ਜਾਤਾਂ ਤੋਂ ਉੱਪਰ ਉੱਠ ਕੇ ਆਪਸੀ ਨਫ਼ਰਤ ਨੂੰ ਭੁੱਲ ਕੇ ਦੇਸ਼ ਦੀ ਏਕਤਾ, ਅਖੰਡਤਾ ,ਭਾਈਚਾਰਕ ਸਾਂਝ ਅਤੇ ਸੰਵਿਧਾਨ ਦੀ ਰਾਖੀ ਲਈ ਪੂਰੀ ਤਨਦੇਹੀ ਨਾਲ ਸੇਵਾ ਨਿਭਾਉਣ। ਉਨ੍ਹਾਂ ਕਿਹਾ ਕਿ ਵੱਖ-ਵੱਖ ਭਾਸ਼ਾਵਾਂ, ਧਰਮਾਂ, ਨਸਲਾਂ ਵਾਲੇ ਦੇਸ਼ ਹੋਣ ਦੇ ਬਾਵਜੂਦ ਸੰਵਿਧਾਨ ਦੇ ਸਾਰੇ ਦੇਸ਼ ਨੂੰ ਇਕ ਸੂਤਰ ਵਿਚ ਪਰੋਇਆ ਹੋਇਆ ਹੈ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਪੰਜਾਬ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਉਨ੍ਹਾਂ ਨੂੰ ਉਸ ਧਰਤੀ ’ਤੇ ਤਿਰੰਗਾ ਲਹਿਰਾਉਣ ਦਾ ਸੁਭਾਗ ਮਿਲਿਆ ਹੈ, ਜਿੱਥੇ ਗੁਰੂ ਨਾਨਕ ਸਾਹਿਬ ਦੀ ਨੇ ਮੂਲ ਮੰਤਰ ਦਾ ਉਚਾਰਨ ਕੀਤਾ ਅਤੇ ਮੋਦੀ ਖਾਨੇ ਵਿਚ ਨੌਕਰੀ ਕਰਕੇ ਕਿਰਤ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਜਿੱਥੇ ਜਬਰ ਵਿਰੁੱਧ ਜ਼ੋਰਦਾਰ ਆਵਾਜ ਬੁਲੰਦ ਕੀਤੀ ਅਤੇ ਬਲੀਦਾਨ ਦਿੱਤੇ ਜਿਸ ਤੋਂ ਸੇਧ ਲੈ ਕੇ ਆਜਾਦੀ ਦੀ ਪ੍ਰਾਪਤੀ ਲਈ ਚੱਲੇ ਲੰਬੇ ਸੰਘਰਸ਼ ਵਿੱਚ ਪੰਜਾਬੀਆਂ ਨੇ 80 ਫੀਸਦੀ ਤੋਂ ਵੱਧ ਯੋਗਦਾਨ ਪਾਇਆ।
ਉਨ੍ਹਾਂ ਗਣਤੰਤਰ ਦਿਵਸ ਮੌਕੇ ਦੇਸ਼ ਦੀਆਂ ਸਮੂਹ ਸੈਨਾਵਾਂ, ਅਰਧ ਸੈਨਿਕ ਬਲਾਂ ਅਤੇ ਸੂਬਿਆਂ ਦੀਆਂ ਪੁਲਸ ਫੋਰਸਾਂ ਵੱਲੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਕਾਇਮ ਰੱਖਣ ਲਈ ਕੀਤੇ ਬਲਿਦਾਨ ਨੂੰ ਨਮਨ ਕਰਦਿਆਂ ਕਿਹਾ ਕਿ ਆਜਾਦੀ ਉਪਰੰਤ ਬਹਾਦਰ ਪੰਜਾਬੀਆਂ ਨੇ ਜਿੱਥੇ ਦੇਸ ਦੀਆਂ ਸੈਨਾਵਾਂ ਵਿੱਚ ਸ਼ਾਮਲ ਹੋ ਕੇ ਆਪਣਾ ਯੋਗਦਾਨ ਪਾਉਂਦਿਆਂ 1948, 1962, 1965, 1971 ਤੇ ਕਾਰਗਿਲ ਜੰਗ ਵਿੱਚ ਕੁਰਬਾਨੀਆਂ ਦਿੱਤੀਆਂ, ਉਥੇ ਹੀ ਕਿਸਾਨਾਂ ਨੇ ਦੇਸ ਦੇ ਅੰਨ ਭੰਡਾਰ ਵਿੱਚ ਅਥਾਹ ਯੋਗਦਾਨ ਪਾ ਕੇ ਦੇਸ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਇਆ।
ਉਨ੍ਹਾਂ ਕਿਹਾ ਕਿ ਪਿਛਲਾ ਸਾਲ ਪੂਰੀ ਦੁਨੀਆਂ ਲਈ ਕੋਰੋਨਾ ਕਾਰਨ ਬਹੁਤ ਚੁਣੌਤੀ ਭਰਿਆ ਰਿਹਾ ਹੈ ਅਤੇ ਅਜੇ ਵੀ ਅਸੀਂ ਪੂਰੀ ਤਰ੍ਹਾਂ ਇਸ ਬਿਮਾਰੀ ਤੋਂ ਬਾਹਰ ਨਹੀਂ ਨਿਕਲ ਸਕੇ। ਉਨ੍ਹਾਂ ਕਿਹਾ ਕਿ ਇਸ ਕੋਰੋਨਾ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਕਈ ਉਪਰਾਲੇ ਕੀਤੇ ਗਏ, ਜਿਸ ਸਦਕਾ ਅਸੀਂ ਇਸ ਬੀਮਾਰੀ ਉਤੇ ਕਾਬੂ ਪਾਉਣ ਵਿਚ ਕਾਫ਼ੀ ਹਦ ਤੱਕ ਕਾਮਯਾਬ ਹੋਏ ਹਾਂ। ਸੋਨੀ ਨੇ ਕਿਹਾ ਕਿ ਕੋਰੋਨਾ ਦੇ ਦੌਰ ਵਿਚ ਵੀ ਪੰਜਾਬ ਸਰਕਾਰ ਵੱਲੋਂ ਸਮਾਰਟ ਵਿਲੈਜ ਯੋਜਨਾ ਦੇ ਪਹਿਲੇ ਪੜਾਅ ਤਹਿਤ 38.6 ਕਰੋੜ ਰੁਪਏ ਦੀ ਲਾਗਤ ਨਾਲ 1018 ਪ੍ਰਾਜੈਕਟ ਮੁਕੰਮਲ ਕੀਤੇ ਗਏ ਹਨ। ਇਸੇ ਯੋਜਨਾ ਦੇ ਦੂਜੇ ਪੜਾਅ ਤਹਿਤ 93.50 ਕਰੋੜ ਦੀ ਲਾਗਤ ਨਾਲ 2297 ਪ੍ਰਾਜੈਕਟਾਂ ਉਤੇ ਕੰਮ ਚਲ ਰਿਹਾ ਹੈ।
ਸਿੱਖਿਆ ਦੇ ਖੇਤਰ ਵਿਚ ਜਿਲ੍ਹੇ ਦੇ ਕੁੱਲ 782 ਸਰਕਾਰੀ ਸਕੂਲਾਂ ਵਿੱਚੋਂ 727 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾ ਦਿੱਤਾ ਗਿਆ ਹੈ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਘੰਟਾ ਘਰ ਦੀਆਂ ਵਿਦਿਆਰਥਣਾਂ ਵਲੋਂ ਸ਼ਬਦ ਗਾਇਨ ਤੇ ਰਾਸ਼ਟਰੀ ਗਾਨ ਵੀ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸੋਨੀ ਅਤੇ ਵਿਧਾਇਕ ਸ. ਨਵਤੇਜ ਸਿੰਘ ਚੀਮਾ ਦਾ ਸਨਮਾਨ ਵੀ ਕੀਤਾ ਗਿਆ।
ਇਹ ਵੀ ਪੜ੍ਹੋ: ਗਣਤੰਤਰ ਦਿਵਸ: ਜਲੰਧਰ ’ਚ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਲਹਿਰਾਇਆ ਤਿਰੰਗਾ
ਸਮਾਗਮ ਦੌਰਾਨ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਕਿਸ਼ੋਰ ਕੁਮਾਰ, ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ, ਡੀ ਆਈ ਜੀ ਜਲੰਧਰ ਰੇਂਜ਼ ਰਣਬੀਰ ਸਿੰਘ ਖੱਟੜਾ, ਐੱਸ. ਐੱਸ. ਪੀ. ਕੰਵਰਦੀਪ ਕੌਰ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਅਜੀਤਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐੱਸ. ਪੀ. ਆਂਗਰਾ, ਐੱਸ. ਡੀ. ਐੱਮ. ਵਰਿੰਦਰਪਾਲ ਸਿੰਘ ਬਾਜਵਾ, ਐੱਸ. ਪੀ. ਜਸਬੀਰ ਸਿੰਘ, ਐੱਸ. ਪੀ. ਵਿਸ਼ਾਲਜੀਤ ਸਿੰਘ ਅਤੇ ਹੋਰਨਾਂ ਮਹਿਕਮਿਆਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਟੁਕੜੀਆਂ ਵਿਚ ਪਹਿਲੀ ਟੁਕੜੀ ਪੰਜਾਬ ਪੁਲਸ ਮਹਿਲਾਵਾਂ ਦੀ ਸੀ, ਜਿਸ ਦੀ ਅਗਵਾਈ ਅਮਨਦੀਪ ਕੌਰ ਏ ਐੱਸ. ਆਈ. ਨੇ ਕੀਤੀ , ਦੂਜੀ ਟੁਕੜੀ ਪੰਜਾਬ ਪੁਲਸ ਪੁਰਸ਼ ਦੀ ਸੀ, ਜਿਸ ਦੀ ਅਗਵਾਈ ਏ . ਐੱਸ .ਆਈ. ਜਗੀਰ ਸਿੰਘ, ਤੀਜੀ ਟੁਕੜੀ ਪੰਜਾਬ ਹੋਮਗਾਰਡਜ ਦੀ ਸੀ, ਜਿਸ ਦੀ ਅਗਵਾਈ ਸਬ ਇੰਸਪੈਕਟਰ ਨਿਰਮਲ ਸਿੰਘ, ਚੌਥੀ ਟੁਕੜੀ ਐੱਨ. ਸੀ. ਸੀ. ਲੜਕੇ ਦੀ ਸੀ, ਜਿਸ ਦੀ ਅਗਵਾਈ ਅੰਡਰ ਅਫ਼ਸਰ ਬਲਜੀਤ ਕੁਮਾਰ, ਪੰਜਵੀਂ ਟੁਕੜੀ ਐੱਨ. ਸੀ. ਸੀ. ਲੜਕੀਆਂ ਦੀ ਸੀ, ਜਿਸ ਦੀ ਅਗਵਾਈ ਅੰਡਰ ਅਫਸਰ ਗੁਲਸਨ ਕੌਰ, ਛੇਵੀਂ ਟੁਕੜੀ ਐੱਨ. ਸੀ. ਸੀ. ਰਣਧੀਰ ਸਕੂਲ ਕਪੂਰਥਲਾ ਦੀ ਸੀ, ਜਿਸ ਦੀ ਅਗਵਾਈ ਅੰਡਰ ਅਫ਼ਸਰ ਅੰਕੁਸ਼ ਕੁਮਾਰ ਨੇ ਕੀਤੀ। ਪੁਲਸ ਬੈਂਡ ਵੱਲੋਂ ਵੀ ਮਾਰਚ ਪਾਸਟ ਵਿਚ ਹਿੱਸਾ ਲਿਆ ਗਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਅਤੇ ਐੱਸ. ਐੱਸ. ਪੀ. ਕੰਵਰਦੀਪ ਕੌਰ ਹਾਜ਼ਰ ਸਨ।
ਇਹ ਵੀ ਪੜ੍ਹੋ: ਅਮਰੀਕਾ ਰਹਿੰਦੇ ਬੇਗੋਵਾਲ ਵਾਸੀ ਦੀ ਸੜਕ ਹਾਦਸੇ ’ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ