ਖ਼ਤਮ ਹੋਈ ਉਡੀਕ, ਭਲਕੇ ਸ਼ੁਰੂ ਹੋਵੇਗਾ ਮਲੋਟ-ਸ੍ਰੀ ਮੁਕਤਸਰ ਸਾਹਿਬ ਮਾਰਗ ਦੇ ਨਵੀਨੀਕਰਨ ਦਾ ਕੰਮ
Sunday, Jun 11, 2023 - 06:35 PM (IST)
 
            
            ਮਲੋਟ (ਗੋਇਲ) : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵੱਡੀ ਪਹਿਲ ਕਦਮੀ ਤਹਿਤ ਮਲੋਟ-ਸ੍ਰੀ ਮੁਕਤਸਰ ਸਾਹਿਬ ਸੜਕ ਨੂੰ ਚੌੜਾ ਕਰਨ ਅਤੇ ਇਸਦੇ ਨਵੀਨੀਕਰਨ ਦੇ ਕੰਮ ਦਾ ਨੀਂਹ ਪੱਥਰ 12 ਜੂਨ ਨੂੰ ਰੱਖਿਆ ਜਾ ਰਿਹਾ ਹੈ। ਇਹ ਜਾਣਕਾਰੀ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਦਿੱਤੀ ਹੈ। ਇਹ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਮੁੱਖ ਸੜਕ ਸੀ ਅਤੇ ਪਿਛਲੇ ਕਈ ਸਾਲਾਂ ਤੋਂ ਇਸ ਸੜਕ ਦਾ ਹਾਲ ਬੇਹੱਦ ਖਸਤਾ ਸੀ ਅਤੇ ਨਾ ਕੇਵਲ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਲੋਕ ਸਗੋਂ ਇਸ ਮਾਰਗ ਰਾਹੀਂ ਜਾਣ ਵਾਲੇ ਹੋਰ ਲੋਕ ਵੀ ਇਸ ਸੜਕ ਦੇ ਨਾ ਬਣਨ ਕਾਰਨ ਪ੍ਰੇਸ਼ਾਨ ਸਨ ਪਰ ਪੰਜਾਬ ਸਰਕਾਰ ਨੇ ਇਕ-ਇਕ ਕਰਕੇ ਇਸ ਸੜਕ ਵਿਚ ਆ ਰਹੇ ਅੜਿੱਕੇ ਦੂਰ ਕਰਕੇ ਇਸ ਪ੍ਰਾਜੈਕਟ ਦੀ ਸ਼ੁਰੂਆਤ ਦਾ ਸ਼ੁੱਭ ਦਿਨ ਲਿਆਂਦਾ ਹੈ।
ਇਹ ਵੀ ਪੜ੍ਹੋ- ਮੰਤਰੀ ਅਨਮੋਲ ਗਗਨ ਮਾਨ ਦਾ ਵਿਰੋਧੀਆਂ 'ਤੇ ਤਿੱਖਾ ਨਿਸ਼ਾਨਾ, ਕਿਹਾ- ਹੌਕੇ ਨਾ ਲਓ, ਬੈਠਕੇ ਦੇਖੋ
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਹ ਕੌਮੀ ਰਾਜ ਮਾਰਗ ਨੰਬਰ 354 ਦਾ ਭਾਗ ਹੋਵੇਗਾ ਅਤੇ ਇਸਦੀ ਕੁੱਲ ਲਾਗਤ 152.58 ਕਰੋੜ ਰੁਪਏ ਹੋਵੇਗੀ। ਇਸਦੀ ਕੁੱਲ ਲੰਬਾਈ 27.660 ਕਿਲੋਮੀਟਰ ਹੋਵੇਗੀ ਅਤੇ ਦਿਹਾਤੀ ਖੇਤਰਾਂ ਵਿਚ ਇਸਦੀ ਚੌੜਾਈ 10 ਮੀਟਰ ਅਤੇ ਬਿਲਡ ਅੱਪ ਖੇਤਰਾਂ ਵਿਚ 12 ਮੀਟਰ ਹੋਵੇਗੀ। ਨਿਰਮਾਣ ਕਰਨ ਲਈ ਕੰਮ ਦੀ ਅਲਾਟਮੈਂਟ ਹੋ ਗਈ ਹੈ ਅਤੇ ਨਿਰਮਾਣ ਲਈ ਲੋੜੀਂਦੇ ਸਮਾਨ ਦੀ ਵੀ ਵਿਵਸਥਾ ਕਰ ਲਈ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ DGP ਦੀ ਨਿਯੁਕਤੀ ਲਈ ਪੁਲਸ ਐਕਟ ਵਿੱਚ ਸੋਧ ਕਰਨ ਦੀ ਬਣਾ ਰਹੀ ਯੋਜਨਾ
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਜ਼ਿਲ੍ਹੇ ਦੇ ਲੋਕ ਅਤੇ ਖ਼ਾਸ ਕਰਕੇ ਮਲੋਟ ਇਲਾਕੇ ਦੇ ਲੋਕ ਲੰਬੇ ਸਮੇਂ ਤੋਂ ਇਸ ਸੜਕ ਦੇ ਕੰਮ ਦੀ ਸ਼ੁਰੂਆਤ ਹੋਣ ਦੀ ਉਡੀਕ ਕਰ ਰਹੇ ਸਨ ਅਤੇ ਹੁਣ ਉਹ ਦਿਨ ਆ ਗਿਆ ਹੈ ਜਦ 12 ਜੂਨ 2023 ਨੂੰ ਸਵੇਰੇ 11 ਵਜੇ ਪੀ. ਡਬਲਯੂ. ਡੀ. ਦਫ਼ਤਰ ਮਲੋਟ ਵਿਖੇ ਹੋਣ ਵਾਲੇ ਸਮਾਗਮ ਦੌਰਾਨ ਇਸ ਮਹੱਤਵਪੂਰਨ ਪ੍ਰਾਜੈਕਟ ਦੇ ਕੰਮ ਦੀ ਸ਼ੁਰੂਆਤ ਕਰਵਾਈ ਜਾਵੇਗੀ। ਉਨ੍ਹਾਂ ਨੇ ਸਮੂਹ ਇਲਾਕਾ ਵਾਸੀਆਂ ਨੂੰ ਵੀ ਇਸ ਸ਼ੁੱਭ ਮੌਕੇ 'ਤੇ ਪਹੁੰਚਣ ਦਾ ਹਾਰਦਿਕ ਸੱਦਾ ਦਿੱਤਾ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            