ਸਿੱਧੂ ਖ਼ਿਲਾਫ ਦਰਜ ਹੋਵੇ ਦੇਸ਼ਧ੍ਰੋਹ ਦਾ ਕੇਸ: ਬਾਦਲ

Monday, Feb 18, 2019 - 11:32 PM (IST)

ਸਿੱਧੂ ਖ਼ਿਲਾਫ ਦਰਜ ਹੋਵੇ ਦੇਸ਼ਧ੍ਰੋਹ ਦਾ ਕੇਸ: ਬਾਦਲ

ਚੰਡੀਗਡ਼੍ਹ, (ਭੁੱਲਰ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਨੇ ਪੁਲਵਾਮਾ ਅੱਤਵਾਦੀ ਹਮਲੇ ਦੇ ਮਾਮਲੇ ਵਿਚ ਪਾਕਿਸਤਾਨ ਅਤੇ ਇਸ ਦੀਆਂ ਖੁਫੀਆ ਏਜੰਸੀਆਂ ਨੂੰ ਕਲੀਨ ਚਿਟ ਦੇਣ ਲਈ ਅੱਜ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਖ਼ਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਨ ਅਤੇ ਉਸ ਨੂੰ ਸੂਬੇ ਦੀ ਕੈਬਨਿਟ ਵਿਚੋਂ ਕੱਢੇ ਜਾਣ ਦੀ ਮੰਗ ਕੀਤੀ ਹੈ। ਇਥੇ ਵਿਧਾਨ ਸਭਾ ਦੇ ਗਲਿਆਰੇ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਇਹ ਬਿਆਨ ਦੇ ਕੇ ਕਿ ਅੱਤਵਾਦੀ ਹਮਲੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ, ਇਕ ਰਾਸ਼ਟਰ-ਵਿਰੋਧੀ ਹਰਕਤ ਕੀਤੀ ਹੈ, ਜਦਕਿ ਇਸ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਅੱਤਵਾਦੀ ਗਰੁੱਪ ਜੈਸ਼-ਏ-ਮੁਹੰਮਦ ਨੂੰ ਪਾਕਿਸਤਾਨ ਸਰਕਾਰ ਦੀ ਸਿੱਧੀ ਹਮਾਇਤ ਹਾਸਿਲ ਹੈ। ਉਨ੍ਹਾਂ ਕਿਹਾ ਕਿ ਸਿੱਧੂ ਖ਼ਿਲਾਫ ਰਾਜਧ੍ਰੋਹ ਦਾ ਮਾਮਲਾ ਦਰਜ ਕਰਨਾ ਚਾਹੀਦਾ ਹੈ ਅਤੇ ਇਹ ਕਾਰਵਾਈ ਤੁਰੰਤ ਕਰਨੀ ਚਾਹੀਦੀ ਹੈ। ਸਾਬਕਾ ਮੁੱਖ ਮੰਤਰੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਵੀ ਕਿਹਾ ਕਿ ਉਹ ਨਵਜੋਤ ਸਿੱਧੂ ਦੀ ਪੰਜਾਬ ਦੀ ਕੈਬਨਿਟ ਵਿੱਚੋਂ ਤੁਰੰਤ ਛੁੱਟੀ ਕਰਨ। ਉਨ੍ਹਾਂ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਰਾਹੁਲ ਨੇ ਪਾਕਿਸਤਾਨ ਦੀ ਨਿਖੇਧੀ ਕੀਤੀ ਹੈ ਜਦਕਿ ਪੰਜਾਬ ਵਿਚ ਉਸ ਦੀ ਪਾਰਟੀ ਦਾ ਮੰਤਰੀ ਭਾਰਤ ਦੀ ਭੂਮੀ ਉੱਤੇ ਪਾਕਿਸਤਾਨ ਵੱਲੋਂ ਕੀਤੀ ਗਈ ਦਹਿਸ਼ਤੀ ਕਾਰਵਾਈ ਵਾਸਤੇ ਗੁਆਂਢੀ ਮੁਲਕ ਦਾ ਬਚਾਅ ਕਰ ਰਿਹਾ ਹੈ।


author

DILSHER

Content Editor

Related News