ਸੱਤ ਫੇਰੇ ਲੈ ਕੇ ਪਰਦੇਸ ਭੱਜੇ ਧੋਖੇਬਾਜ਼ ਲਾੜਿਆਂ ''ਤੇ ਵੱਡੀ ਕਾਰਵਾਈ

07/02/2020 12:29:42 PM

ਚੰਡੀਗੜ੍ਹ : ਪੰਜਾਬ 'ਚ ਸੱਤ ਫੇਰੇ ਲੈ ਕੇ ਪਤਨੀਆਂ ਨੂੰ ਧੋਖਾ ਦੇਣ ਤੋਂ ਬਾਅਦ ਪਰਦੇਸ ਭੱਜ ਜਾਣ ਵਾਲੇ ਲਾੜਿਆਂ 'ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਵਿਆਹ ਕਰਵਾਉਣ ਤੋਂ ਬਾਅਦ ਵਿਦੇਸ਼ ਜਾਣ ਵਾਲੇ ਅਜਿਹੇ 450 ਦੇ ਕਰੀਬ ਲਾੜਿਆਂ ਦੇ ਪਾਸਪੋਰਟ ਰੀਜਨਲ ਪਾਸਪੋਰਟ ਦਫਤਰ, ਚੰਡੀਗੜ੍ਹ ਨੇ ਰੱਦ ਕਰ ਦਿੱਤੇ ਹਨ। ਇਸ ਤੋਂ ਇਲਾਵਾ 83 ਲਾੜੇ ਦਫਤਰ ਦੀ ਕਾਰਵਾਈ ਤੋਂ ਬਾਅਦ ਭਾਰਤ ਵਾਪਸ ਪਰਤ ਆਏ ਹਨ। ਇਸ ਦੌਰਾਨ ਰੀਜਨਲ ਪਾਸਪੋਰਟ ਦਫਤਰ ਨੇ ਕੈਨੇਡਾ, ਬ੍ਰਿਟੇਨ ਅਤੇ ਅਮਰੀਕਾ ਸਮੇਤ ਕਈ ਹੋਰ ਦੇਸ਼ਾਂ ਨੂੰ ਅਜਿਹੇ ਭਾਰਤੀਆਂ ਖਿਲਾਫ ਕਾਰਵਾਈ ਲਈ ਲਿਖਿਆ ਹੈ, ਜੋ ਭਾਰਤ 'ਚ ਵਿਆਹ ਕਰਨ ਤੋਂ ਬਾਅਦ ਪਤਨੀਆਂ ਨੂੰ ਧੋਖਾ ਦੇ ਕੇ ਵਿਦੇਸ਼ ਭੱਜ ਗਏ। ਇਨ੍ਹਾਂ ਸਭ ਦੇ ਪਾਸਪੋਰਟ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਮੋਹਾਲੀ 'ਚ ਪੈਰ ਪਸਾਰ ਰਿਹੈ 'ਕੋਰੋਨਾ', 2 ਨਵੇਂ ਕੇਸਾਂ ਦੀ ਪੁਸ਼ਟੀ
ਜ਼ਿਕਰਯੋਗ ਹੈ ਕਿ ਵਾਪਸ ਪਰਤਣ 'ਤੇ 18 ਮਹੀਨਿਆਂ ਅੰਦਰ ਅਜਿਹੇ 45 ਅਤੇ 6 ਮਹੀਨਿਆਂ ਅੰਦਰ ਅਜਿਹੇ 10 ਲਾੜਿਆਂ ਨੂੰ ਫੜ੍ਹਿਆ ਗਿਆ ਜਾਂ ਉਨ੍ਹਾਂ ਨੇ ਖੁਦ ਸਰੰਡਰ ਕਰ ਦਿੱਤਾ। ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਦੇ 20 ਹਜ਼ਾਰ ਤੋਂ ਜ਼ਿਆਦਾ ਲਾੜੇ ਵਿਆਹ ਕਰਨ ਤੋਂ ਬਾਅਦ ਵਿਦੇਸ਼ ਭੱਜੇ ਹੋਏ ਹਨ ਪਰ ਕੋਰੋਨਾ ਸੰਕਟ ਕਾਰਨ ਹੁਣ ਇਕ ਦਰਜਨ ਅਜਿਹੇ ਲਾੜੇ ਵਿਦੇਸ਼ਾਂ 'ਚੋਂ ਵਾਪਸ ਭਾਰਤ ਪਰਤ ਆਏ ਹਨ। ਪਾਸਪੋਰਟ ਦਫਤਰ ਕੋਲ ਪੀੜਤ ਪੱਖਾਂ ਵੱਲੋਂ ਵਿਆਹ ਕਰਕੇ ਵਿਦੇਸ਼ ਭੱਜੇ ਲਾੜਿਆਂ ਦੇ ਪਾਸਪੋਰਟ ਰੱਦ ਕਰਨ ਦੀ ਮੰਗ ਪਹੁੰਚ ਰਹੀ ਹੈ। ਪਾਸਪੋਰਟ ਦਫਤਰ ਦੀ ਕਾਰਵਾਈ ਤੋਂ ਬਾਅਦ ਵਾਪਸ ਪਰਤੇ ਲਾੜੇ ਹੁਣ ਇਕ ਵਾਰ ਫਿਰ ਆਪਣੇ ਪਰਿਵਾਰ ਦੇ ਨਾਲ ਰਹਿਣ ਨੂੰ ਰਾਜ਼ੀ ਹੋ ਗਏ ਹਨ। 
ਇਹ ਵੀ ਪੜ੍ਹੋ : 'ਪੰਜਾਬੀ ਯੂਨੀਵਰਸਿਟੀ' 'ਚ ਮੁੜ ਹਾਜ਼ਰ ਹੋਵੇਗਾ ਪੂਰਾ ਸਟਾਫ਼; ਨਿਰਦੇਸ਼ ਜਾਰੀ


Babita

Content Editor

Related News