ਬੋਤਲ ’ਚ ਪੈਟਰੋਲ ਦੇਣ ਤੋਂ ਮਨ੍ਹਾ ਕਰਨ ’ਤੇ ਨੌਜਵਾਨਾਂ ਨੇ ਪੰਪ ’ਤੇ ਕੀਤੀ ਗੁੰਡਾਗਰਦੀ
Tuesday, Jun 12, 2018 - 06:18 AM (IST)

ਅੰਮ੍ਰਿਤਸਰ, (ਸੰਜੀਵ)- ਬੋਤਲ ’ਚ ਪੈਟਰੋਲ ਦੇਣ ਤੋਂ ਮਨ੍ਹਾ ਕਰਨ ’ਤੇ ਪਹਿਲਾਂ ਤਾਂ ਜਵਾਨਾਂ ਨੇ ਜੰਮ ਕੇ ਗੁੰਡਾਗਰਦੀ ਵਿਖਾਈ ਅਤੇ ਫਿਰ ਕਰਿੰਦਿਅਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਇੰਨੇ ਵਿਚ ਪੈਟਰੋਲ ਪੰਪ ਮਾਲਕ ਨੇ ਹਾਲਤ ਨੂੰ ਸੰਭਾਲਣ ਲਈ ਸੈੱਲਫ ਡਿਫੈਂਸ ਵਿਚ ਹਵਾਈ ਫਾਇਰ ਕੀਤਾ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਰਾਮਬਾਗ ਦੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
®ਜਾਣਕਾਰੀ ਅਨੁਸਾਰ ਦੁਪਹਿਰ ਦੇ ਸਮੇਂ 2-3 ਨੌਜਵਾਨ ਰਾਮ ਤਲਾਈ ਚੌਕ ਵਿਚ ਸਥਿਤ ਪੈਟਰੋਲ ਪੰਪ ’ਤੇ ਬੋਤਲ ਲੈ ਕੇ ਆਏ ਅਤੇ ਪੈਟਰੋਲ ਦੀ ਮੰਗ ਕਰਨ ਲੱਗੇ, ਜਿਸ ਦੌਰਾਨ ਪੈਟਰੋਲ ਪੰਪ ਦੇ ਕਰਿੰਦਿਆਂ ਨੇ ਨਿਯਮਾਂ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਪੈਟਰੋਲ ਦੇਣ ਤੋਂ ਮਨ੍ਹਾ ਕਰ ਦਿੱਤਾ। ਇੰਨੇ ਵਿਚ ਨੌਜਵਾਨ ਭਡ਼ਕ ਉੱਠੇ ਅਤੇ ਗੁੰਡਾਗਰਦੀ ਸ਼ੁਰੂ ਕਰ ਦਿੱਤੀ। ਨੌਜਵਾਨਾਂ ਨੇ ਕਰਿੰਦਿਆਂ ’ਤੇ ਪੱਥਰ ਚਲਾਏ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਬੁਰੀ ਤਰ੍ਹਾਂ ਕੁੱਟਿਆ।
ਪੈਟਰੋਲ ਪੰਪ ’ਤੇ ਬੈਠੇ ਮਾਲਕ ਨੇ ਜਦੋਂ ਲਡ਼ਾਈ ਹੁੰਦੀ ਵੇਖੀ ਤਾਂ ਉਹ ਤੁਰੰਤ ਬਾਹਰ ਨਿਕਲੇ ਅਤੇ ਉਸ ਨੇ ਸੈੱਲਫ ਡਿਫੈਂਸ ਵਿਚ ਪਿਸਤੌਲ ਕੱਢ ਕੇ ਹਵਾ ਵਿਚ ਗੋਲੀ ਚਲਾਈ। ਫਾਇਰ ਦੀ ਅਾਵਾਜ਼ ਸੁਣ ਕੇ ਨੌਜਵਾਨ ਮੌਕੇ ਤੋਂ ਭੱਜ ਨਿਕਲੇ। ਗੁੰਡਾਗਰਦੀ ਮਚਾ ਰਹੇ ਨੌਜਵਾਨਾਂ ਨੇ ਵੀ ਪੰਪ ’ਤੇ ਗੋਲੀ ਚਲਾਈ। ਪੂਰੀ ਵਾਰਦਾਤ ਪੈਟਰੋਲ ਪੰਪ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ, ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ।
ਕੀ ਕਹਿਣਾ ਹੈ ਪੁਲਸ ਦਾ?
ਏ.ਸੀ.ਪੀ. ਪ੍ਰਭਜੋਤ ਸਿੰਘ ਦਾ ਕਹਿਣਾ ਹੈ ਕਿ ਪੰਪ ਮਾਲਕ ਵਲੋਂ ਆਪਣੀ ਸੈੱਲਫ ਡਿਫੈਂਸ ਵਿਚ ਗੋਲੀ ਚਲਾਈ ਗਈ ਸੀ। ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ’ਤੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਜਿਨ੍ਹਾਂ ਵਿਚ ਇਕ ਨਾਂ ਸੰਨੀ ਸਾਹਮਣੇ ਆਇਆ ਹੈ। ਪੁਲਸ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਵੇਗੀ।