ਰੈਫਰੈਂਡਮ 2020 ਨਾਲ ਸੰਬੰਧਤ ਦੋਸ਼ੀ ਜੋਗਿੰਦਰ ਸਿੰਘ ਗੁੱਜਰ ਜ਼ਮਾਨਤ ''ਤੇ ਰਿਹਾਅ
Saturday, Aug 01, 2020 - 12:23 AM (IST)
ਭੁਲੱਥ,(ਰਜਿੰਦਰ)- ਰੈਫਰੈਂਡਮ 2020 ਨਾਲ ਸਬੰਧਿਤ ਦੋਸ਼ੀ ਜੋਗਿੰਦਰ ਸਿੰਘ ਗੁੱਜਰ ਉਰਫ ਗੋਗਾ ਨੂੰ ਸ਼ੁੱਕਰਵਾਰ ਭੁਲੱਥ ਦੀ ਅਦਾਲਤ ਵਿਖੇ ਇਕ-ਇਕ ਲੱਖ ਰੁਪਏ ਦੇ ਦੋ ਜ਼ਮਾਨਤੀ ਬਾਂਡ ਭਰਨ ਉਪਰੰਤ ਜ਼ਮਾਨਤ ਮਿਲ ਗਈ ਹੈ। ਜਿਸ ਤੋਂ ਬਾਅਦ ਦੇਰ ਸ਼ਾਮ ਉਸ ਨੂੰ ਕਪੂਰਥਲਾ ਦੀ ਮਾਡਰਨ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਦੱਸਣਯੋਗ ਹੈ ਕਿ ਬੀਤੇ ਕੱਲ ਕਪੂਰਥਲਾ ਦੀ ਐਡੀਸ਼ਨਲ ਸੈਸ਼ਨ ਕੋਰਟ ਤੋਂ ਇਸ ਦੀ ਜ਼ਮਾਨਤ ਮਨਜ਼ੂਰ ਹੋਈ ਸੀ।
ਦੱਸ ਦਈਏ ਕਿ ਸਿੱਖਸ ਫਾਰ ਜਸਟਿਸ ਦੇ ਯੂ. ਐੱਸ. ਏ. ਆਧਾਰਿਤ ਗੁਰਪਤਵੰਤ ਸਿੰਘ ਪੰਨੂੰ ਅਤੇ ਜੋਗਿੰਦਰ ਸਿੰਘ ਗੁੱਜਰ ਉਰਫ ਗੋਗਾ ਵਾਸੀ ਪਿੰਡ ਅਕਾਲਾ ਥਾਣਾ ਭੁਲੱਥ ਜ਼ਿਲ੍ਹਾ ਕਪੂਰਥਲਾ ਖਿਲਾਫ਼ 2 ਜੁਲਾਈ ਨੂੰ ਥਾਣਾ ਭੁਲੱਥ ਵਿਖੇ ਗੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ, 1967 ਦੀ ਧਾਰਾ 10 (ਏ), 10 (ਬੀ) , 11, 13(1) ਅਤੇ 17 ਅਧੀਨ ਐਫ. ਆਈ. ਆਰ. ਨੰਬਰ 49 ਦਰਜ ਕੀਤੀ ਗਈ ਸੀ। ਜਿਸ ਵਿੱਚ ਜੋਗਿੰਦਰ ਸਿੰਘ ਗੁੱਜਰ ਅਤੇ ਪੰਨੂੰ ਤੇ ਦੇਸ਼ ਧ੍ਰੋਹੀ ਅਤੇ ਵੱਖਵਾਦੀ ਗਤੀਵਿਧੀਆਂ ਦਾ ਦੋਸ਼ ਲਾਇਆ ਗਿਆ ਸੀ । ਇਸ ਦੌਰਾਨ ਥਾਣਾ ਭੁਲੱਥ ਦੀ ਪੁਲਸ ਨੇ ਜੋਗਿੰਦਰ ਸਿੰਘ ਉਰਫ਼ ਗੁੱਜਰ ਵਾਸੀ ਅਕਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਤੇ ਇਹ ਮਾਡਰਨ ਜੇਲ੍ਹ ਕਪੂਰਥਲਾ ਵਿਖੇ ਬੰਦ ਸੀ। ਜਿਸ ਦਰਮਿਆਨ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਜ਼ਮਾਨਤ ਸਬੰਧੀ ਅਰਜ਼ੀ 20 ਜੁਲਾਈ ਨੂੰ ਐਡੀਸ਼ਨਲ ਸੈਸ਼ਨ ਜੱਜ ਕਪੂਰਥਲਾ ਰਾਜਵਿੰਦਰ ਕੌਰ ਦੀ ਅਦਾਲਤ ਵਿਚ ਲਗਾਈ ਗਈ । ਜਿੱਥੇ 30 ਜੁਲਾਈ ਨੂੰ ਜ਼ਮਾਨਤ ਸਬੰਧੀ ਤਾਰੀਖ਼ ਦੀ ਸੁਣਵਾਈ ਦਰਮਿਆਨ ਮਾਣਯੋਗ ਅਦਾਲਤ ਵੱਲੋਂ ਇਸ ਦੀ ਜ਼ਮਾਨਤ 31 ਜੁਲਾਈ ਨੂੰ ਜ਼ਮਾਨਤ ਬਾਂਡ ਭਰਨ ਦੀ ਸ਼ਰਤ ਨਾਲ ਜ਼ਮਾਨਤ ਮਨਜ਼ੂਰ ਕਰ ਲਈ ਸੀ । ਜਿਸ ਤੋਂ ਬਾਅਦ ਅੱਜ ਸ਼ੁੱਕਰਵਾਰ 31 ਜੁਲਾਈ ਨੂੰ ਸਬ ਡਵੀਜ਼ਨ ਜੁਡੀਸ਼ੀਅਲ ਮੈਜਿਸਟਰੇਟ ਭੁਲੱਥ ਵਿਖੇ ਜੱਜ ਡਾ. ਸੁਸ਼ੀਲ ਬੋਧ ਦੀ ਮਾਣਯੋਗ ਅਦਾਲਤ 'ਚ ਇੱਕ-ਇੱਕ ਲੱਖ ਰੁਪਏ ਦੇ ਜ਼ਮਾਨਤੀ ਬਾਂਡ ਭਰਨ ਉਪਰੰਤ ਮਾਣਯੋਗ ਅਦਾਲਤ ਵਲੋਂ ਜੋਗਿੰਦਰ ਸਿੰਘ ਉਰਫ ਗੁੱਜਰ ਨੂੰ ਜੇਲ੍ਹ 'ਚੋਂ ਜ਼ਮਾਨਤ ਉੱਤੇ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਗਏ । ਇਸ ਦੇ ਨਾਲ ਹੀ ਮਾਣਯੋਗ ਅਦਾਲਤ ਵਲੋਂ ਜੋਗਿੰਦਰ ਸਿੰਘ ਗੁੱਜਰ ਦਾ ਪਾਸਪੋਰਟ ਵੀ ਜਬਤ ਕੀਤਾ ਜਾ ਚੁੱਕਾ ਹੈ।