ਲਾਲ ਕਿਲ੍ਹੇ ਦੀ ਹਿੰਸਾ ਨੂੰ ਲੈ ਕੇ ਜਲੰਧਰ ’ਚ ਦਿੱਲੀ ਪੁਲਸ ਦੀ ਰੇਡ

Friday, Jan 29, 2021 - 05:17 PM (IST)

ਲਾਲ ਕਿਲ੍ਹੇ ਦੀ ਹਿੰਸਾ ਨੂੰ ਲੈ ਕੇ ਜਲੰਧਰ ’ਚ ਦਿੱਲੀ ਪੁਲਸ ਦੀ ਰੇਡ

ਜਲੰਧਰ (ਮਿ੍ਰਦੁਲ)— 26 ਜਨਵਰੀ ਵਾਲੇ ਦਿਨ ਲਾਲ ਕਿਲ੍ਹੇ ’ਚ ਵਾਪਰੀ ਹਿੰਸਾ ਦੇ ਤਾਰ ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਜੁੜਦੇ ਵਿਖਾਈ ਦੇ ਰਹੇ ਹਨ। ਇਸੇ ਸਬੰਧ ’ਚ ਪੁਲਸ ਵੱਲੋਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਲਾਲ ਕਿਲ੍ਹੇ ਦੀ ਹਿੰਸਾ ਦੇ ਸਬੰਧ ’ਚ ਇਹ ਪਤਾ ਲੱਗਾ ਹੈ ਕਿ ਦਿੱਲੀ ਦੇ ਲਾਲ ਕਿਲ੍ਹੇ ’ਚ ਹੋਈ ਹਿੰਸਾ ਦੌਰਾਨ ਜਲੰਧਰ ਦਾ ਇਕ ਨੌਜਵਾਨ ਵੀ ਸ਼ਾਮਲ ਸੀ। ਇਸੇ ਸਬੰਧ ’ਚ ਦਿੱਲੀ ਪੁਲਸ ਵੱਲੋਂ ਜਲੰਧਰ ਵਿਖੇ ਅੱਜ ਅਚਾਨਕ ਰੇਡ ਕੀਤੀ ਗਈ ਹੈ। 

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦਾ ਵੱਡਾ ਦਾਅਵਾ, ਦਿੱਲੀ ਪੁਲਸ ਵੱਲੋਂ ਚਲਾਈ ਗੋਲੀ ਨਾਲ ਹੋਈ ਸੀ ਨਵਰੀਤ ਸਿੰਘ ਦੀ ਮੌਤ

ਮਿਲੀ ਜਾਣਕਾਰੀ ਮੁਤਾਬਕ 26 ਜਨਵਰੀ ਨੂੰ ਲਾਲ ਕਿਲੇ ’ਤੇ ਨਿਸ਼ਾਨ ਸਾਹਿਬ ਲਹਿਰਾਉਣ ਵਾਲੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਵਾਂ ਤਾਰਾ ਸਿੰਘ ਦੇ ਨੌਜਵਾਨ ਜੁਗਰਾਜ ਸਿੰਘ ਦੇ ਸਾਥੀ ਨਵਪ੍ਰੀਤ ਸਿੰਘ ਉਰਫ਼ ਜੋਤ ਸਿੰਘ ਜੋਤ ਦੀ ਭਾਲ ਵਿਚ ਅੱਜ ਦਿੱਲੀ ਕ੍ਰਾਈਮ ਬ੍ਰਾਂਚ ਦੀ ਇਕ ਟੀਮ ਜਲੰਧਰ ਦੇ ਬਸਤੀ ਪੀਰਦਾਦ ਇਲਾਕੇ ਵਿਚ ਛਾਪਾ ਮਾਰਨ ਆਈ ਪਰ ਮੁਲਜ਼ਮ ਪੁਲਸ ਦੇ ਹੱਥ ਨਹੀਂ ਲੱਗਾ।

ਦਿੱਲੀ ਕ੍ਰਾਈਮ ਬ੍ਰਾਂਚ ਦੇ ਸਬ-ਇੰਸਪੈਕਟਰ ਸੁਰਿੰਦਰ ਰਾਣਾ ਦੀ ਅਗਵਾਈ ਵਿਚ ਆਈ ਟੀਮ ਨੇ ਸਵੇਰੇ ਕਰੀਬ 7 ਵਜੇ ਬਸਤੀ ਪੀਰਦਾਦ ਨਾਲ ਲੱਗਦੇ ਦਸਮੇਸ਼ ਨਗਰ ਦੇ ਮਕਾਨ ਨੰਬਰ 9 ਵਿਚ ਛਾਪਾ ਮਾਰਿਆ। ਇਸ ਦੌਰਾਨ ਉਨ੍ਹਾਂ ਪਹਿਲਾਂ ਸਥਾਨਕ ਪੁਲਸ ਨਾਲ ਵੀ ਸੰਪਰਕ ਨਹੀਂ ਕੀਤਾ। ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜੋਤ ਸਿੰਘ ਇਸੇ ਮਕਾਨ ਵਿਚ ਲੁਕਿਆ ਹੋਇਆ ਹੈ ਕਿਉਂਕਿ ਉਸ ਦੇ ਮੋਬਾਇਲ ਦੀ ਲੋਕੇਸ਼ਨ ਉਕਤ ਮਕਾਨ ਵਿਚ ਆ ਰਹੀ ਸੀ। ਜਾਂਚ ਵਿਚ ਪਤਾ ਲੱਗਾ ਕਿ ਜਿਸ ਘਰ ਵਿਚ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਛਾਪਾ ਮਾਰਿਆ, ਉਹ ਜੋਤ ਸਿੰਘ ਜੋਤ ਦੇ ਚਾਚੇ ਦਾ ਹੈ, ਜਿੱਥੇ ਉਸ ਦੇ ਚਾਚੇ ਦਾ ਪੁੱਤ ਕੰਵਰ ਸਿੰਘ ਆਪਣੀ ਪਤਨੀ ਅਤੇ ਮਾਂ ਦੇ ਨਾਲ ਰਹਿੰਦਾ ਹੈ। ਪੁਲਸ ਨੇ ਸਾਰੇ ਘਰ ਦੀ ਤਲਾਸ਼ੀ ਲਈ।

ਇਹ ਵੀ ਪੜ੍ਹੋ: ਲਾਲ ਕਿਲ੍ਹੇ ਦੀ ਹਿੰਸਾ ’ਚ ਭਾਜਪਾ ਦੀ ਭੂਮਿਕਾ ਕਾਂਗਰਸ ਸਿਰ ਮੜ ਰਹੇ ਨੇ ਜਾਵਡੇਕਰ : ਕੈਪਟਨ

ਏ. ਸੀ. ਪੀ. ਵੈਸਟ ਪਲਵਿੰਦਰ ਸਿੰਘ ਅਨੁਸਾਰ ਕੰਵਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਸ ਦਾ ਚਾਚੇ ਦਾ ਪੁੱਤ ਜੋਤ ਸਿੰਘ ਕੱਲ ਰਾਤ ਉਨ੍ਹਾਂ ਦੇ ਘਰ ਰਿਹਾ ਸੀ ਪਰ ਉਹ ਸਵੇਰੇ ਹੀ ਚਲਾ ਗਿਆ ਸੀ। ਸਾਦੇ ਕੱਪੜਿਆਂ ਵਿਚ ਆਏ ਕ੍ਰਾਈਮ ਬ੍ਰਾਂਚ ਦੇ ਅਫਸਰਾਂ ਤੇ ਮੁਲਾਜ਼ਮਾਂ ਨੇ ਕੰਵਰ ਸਿੰਘ, ਉਸ ਦੀ ਪਤਨੀ ਅਤੇ ਮਾਂ ਦੇ ਬਿਆਨ ਰਿਕਾਰਡ ਕਰ ਲਏ ਹਨ।
ਕ੍ਰਾਈਮ ਬ੍ਰਾਂਚ ਦੇ ਸਬ-ਇੰਸਪੈਕਟਰ ਅਤੇ ਛਾਪਾਮਾਰ ਟੀਮ ਦੇ ਇੰਚਾਰਜ ਸੁਰਿੰਦਰ ਰਾਣਾ ਨੇ ਦੱਸਿਆ ਕਿ ਲਾਲ ਕਿਲੇ ’ਤੇ ਨਿਸ਼ਾਨ ਸਾਹਿਬ ਲਹਿਰਾਉਣ ਵਾਲੇ ਜੁਗਰਾਜ ਸਿੰਘ ਅਤੇ ਉਸਦੇ ਦੋਸਤ ਜੋਤ ਸਿੰਘ ਦੀ ਭਾਲ ਵਿਚ ਛਾਪੇ ਮਾਰੇ ਜਾ ਰਹੇ ਹਨ। ਜੁਗਰਾਜ ਸਿੰਘ ਬਾਰੇ ਪੁਲਸ ਕੋਲ ਅਜੇ ਕੋਈ ਜਾਣਕਾਰੀ ਨਹੀਂ ਹੈ। ਜੋਤ ਦਾ ਮੋਬਾਇਲ 26 ਜਨਵਰੀ ਦੇ ਬਾਅਦ ਤੋਂ ਬੰਦ ਸੀ, ਜਿਹੜਾ ਇਕ ਰਾਤ ਪਹਿਲਾਂ ਆਨ ਹੋਇਆ ਸੀ, ਜਿਸ ਨੂੰ ਟਰੇਸ ਕਰਦੇ ਹੋਏ ਉਹ ਜਲੰਧਰ ਪਹੁੰਚੇ। ਇਸ ਸਬੰਧੀ ਏ. ਸੀ. ਪੀ. ਪਲਵਿੰਦਰ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਦਿੱਲੀ ਪੁਲਸ ਵੱਲੋਂ ਉਕਤ ਨੌਜਵਾਨ ਦੇ ਘਰ ’ਚ ਸਵੇਰੇ ਅਚਾਨਕ ਛਾਪਾ ਮਾਰਿਆ ਗਿਆ ਹੈ। 

ਜ਼ਿਕਰਯੋਗ ਹੈ ਕਿ ਕਿਸਾਨ ਟਰੈਕਟਰ ਪਰੇਡ ਦੌਰਾਨ ਵਾਪਰੀਆਂ ਹਿੰਸਕ ਘਟਨਾਵਾਂ ਦੇ ਚੱਲਦੇ ਸੰਯੁਕਤ ਕਿਸਾਨ ਮੋਰਚੇ ਦੇ 37 ਕਿਸਾਨ ਆਗੂਆਂ ’ਤੇ ਦਿੱਲੀ ਪੁਲਸ ਵਲੋਂ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਪੁਲਸ ਵੱਲੋਂ ਦਾਇਰ ਕੀਤੀ ਗਈ ਇਸ ਐੱਫ .ਆਈ. ਆਰ. 'ਚ ਇਨ੍ਹਾਂ 37 ਕਿਸਾਨ ਆਗੂਆਂ 'ਤੇ ਅਪਰਾਧਿਕ ਸਾਜਿਸ਼, ਲੁੱਟ, ਡਕੈਤੀ ਦੌਰਾਨ ਮਾਰੂ ਹਥਿਆਰਾਂ ਦੀ ਵਰਤੋਂ ਕਤਲ ਦੀ ਕੋਸ਼ਿਸ਼ ਵਰਗੀਆਂ 13 ਵੱਡੀਆਂ ਧਰਾਵਾਂ ਲਗਾਇਆਂ ਗਈਆਂ ਹਨ। ਪੁਲਸ ਨੇ ਕਿਸਾਨ ਆਗੂਆਂ ਖ਼ਿਲਾਫ਼ ਅੱਜ ਲੁੱਕ ਆਊਟ ਨੋਟਿਸ ਵੀ ਜਾਰੀ ਕੀਤੇ ਹਨ। 

ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੇ ਇਸ ਪੰਜਾਬੀ ਨੇ ਚਮਕਾਇਆ ਨਾਂ, ਭਾਰਤੀ ਜਲ ਸੈਨਾ ਵਿਚ ਹਾਸਲ ਕੀਤਾ ਵੱਡਾ ਅਹੁਦਾ

ਜਾਣਕਾਰੀ ਮੁਤਾਬਕ ਗਣਤੰਤਰ ਦਿਵਸ ਦੌਰਾਨ ਕਿਸਾਨਾਂ ਦੀ ਟਰੈਕਟਰ ਪਰੇਡ ’ਚ ਹੋਈ ਹਿੰਸਾ ’ਚ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦੋਹਾਂ ਦੀ ਅਹਿਮ ਭੂਮਿਕਾ ਰਹੀ ਹੈ। ਕਿਸਾਨ ਜਥੇਬੰਦੀਆਂ ਨੇ ਦਿੱਲੀ ’ਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਅਤੇ ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਲਹਿਰਾਉਣ ਦੇ ਮਾਮਲੇ ਨੂੰ ਲੈ ਕੇ ਦੀਪ ਸਿੱਧੂ ’ਤੇ ਦੋਸ਼ ਲਾਇਆ ਹੈ। ਦੋਸ਼ ਹੈ ਕਿ ਦੀਪ ਸਿੱਧੂ ਨੇ ਕਿਸਾਨਾਂ ਨੂੰ ਭੜਕਾਇਆ ਅਤੇ ਆਊਟਰ ਰਿੰਗ ਰੋਡ ਤੋਂ ਲਾਲ ਕਿਲ੍ਹੇ ਤੱਕ ਲੈ ਗਏ। ਇਸ ਤੋਂ ਇਲਾਵਾ ਲੱਖਾ ਸਿਧਾਣਾ ’ਤੇ ਵੀ ਟਰੈਕਟਰ ਪਰੇਡ ਦੌਰਾਨ ਹਿੰਸਾ ਭੜਕਾਉਣ ਦੇ ਦੋਸ਼ ਲੱਗੇ ਸਨ। ਹਾਲਾਂਕਿ ਦੀਪ ਅਤੇ ਲੱਖਾ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਖ਼ੁਦ ਨੂੰ ਬੇਗੁਨਾਹ ਦੱਸ ਚੁੱਕੇ ਹਨ।

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News