ਪੰਜਾਬ ਵਾਸੀਆਂ ਲਈ ਜਾਰੀ ਹੋਇਆ Red Alert, ਭਿਆਨਕ ਗਰਮੀ ਤੋੜੇਗੀ ਸਾਰੇ ਰਿਕਾਰਡ, ਪੜ੍ਹੋ ਪੂਰੀ ਖ਼ਬਰ

05/19/2024 11:45:01 AM

ਚੰਡੀਗੜ੍ਹ : ਸਿਆਣੇ ਆਖਦੇ ਹਨ ਕਿ ਜੇਠ ਦਾ ਮਹੀਨਾ ਸਭ ਤੋਂ ਵੱਡਾ ਅਤੇ ਡਾਹਢਾ ਹੁੰਦਾ ਹੈ, ਇਹ ਕਹਾਵਤ ਸੱਚ ਹੁੰਦੀ ਜਾਪਦੀ ਹੈ ਕਿਉਂਕਿ 14 ਮਈ ਨੂੰ ਜਿਉਂ ਹੀ ਜੇਠ ਦੀ ਸੰਗਰਾਂਦ ਆਈ, ਉਦੋਂ ਤੋਂ ਹੀ ਗਰਮੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਅਤੇ ਪੰਜਾਬ 'ਚ ਪਾਰਾ 46 ਡਿਗਰੀ ਨੂੰ ਵੀ ਪਾਰ ਕਰ ਗਿਆ ਹੈ। ਇਸ ਕਾਰਨ ਵਗ ਰਹੀ ਤੇਜ਼ ਲੂ ਨੇ ਹਰ ਵਿਅਕਤੀ ਨੂੰ ਝਿੰਜੋੜ ਕੇ ਰੱਖ ਦਿੱਤਾ। ਜਿਸ ਤਰ੍ਹਾਂ ਪਾਰਾ ਲਗਾਤਾਰ ਵੱਧ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਪਾਰੇ ਸਬੰਧੀ ਸਾਰੇ ਪੁਰਾਣੇ ਰਿਕਾਰਡ ਟੁੱਟਣ ਵਾਲੇ ਹਨ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ : ਪੰਜਾਬ ਆਉਣ ਤੋਂ ਪਹਿਲਾਂ ਕਿਸਾਨਾਂ ਲਈ ਵੱਡਾ ਐਲਾਨ ਕਰ ਸਕਦੇ ਹਨ PM ਮੋਦੀ

ਅਜਿਹੇ ਹਾਲਤ ਨੂੰ ਦੇਖਦੇ ਹੋਏ ਪੂਰੇ ਸੂਬੇ 'ਚ ਮੌਸਮ ਵਿਭਾਗ ਨੇ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਆਉਣ ਵਾਲੇ ਦਿਨਾਂ ਦੌਰਾਨ ਵੀ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਮੌਸਮ ਵਿਭਾਗ ਨੇ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ 'ਚ ਗਰਮੀ ਨੂੰ ਲੈ ਕੇ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਸੂਬੇ ਦੇ ਬਾਕੀ 19 ਜ਼ਿਲ੍ਹਿਆਂ 'ਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ 20 ਮਈ ਤੱਕ ਮੌਸਮ ਅਜਿਹਾ ਹੀ ਰਹਿਣ ਵਾਲਾ ਹੈ, ਜਿਸ ਦਾ ਮਤਲਬ ਹੈ ਕਿ ਗਰਮੀ ਲੋਕਾਂ ਨੂੰ ਪੂਰੀ ਤਰ੍ਹਾਂ ਨਿਚੋੜ ਕੇ ਰੱਖ ਦੇਵੇਗੀ।

ਇਹ ਵੀ ਪੜ੍ਹੋ : ਪੰਜਾਬ ਮਗਰੋਂ ਹੁਣ ਚੰਡੀਗੜ੍ਹ ’ਚ ਵੀ ਯੋਗੀ ਆਦਿੱਤਿਆਨਾਥ ਦੀ ਮੰਗ, 20 ਨੂੰ ਕਰਨਗੇ ਰੈਲੀ

ਵਿਭਾਗ ਵਲੋਂ ਸੂਬੇ ਦੇ ਲੋਕਾਂ ਲਈ ਪਹਿਲਾਂ ਹੀ ਐਡਵਾਈਜ਼ਰੀ ਜਾਰੀ ਕੀਤੀ ਜਾ ਚੁੱਕੀ ਹੈ ਕਿ ਸਵੇਰੇ 11 ਵਜੇ ਤੋਂ 4 ਵਜੇ ਤੱਕ ਲੂ ਚੱਲੇਗੀ ਅਤੇ ਜ਼ਰੂਰੀ ਕੰਮ ਨਾ ਹੋਣ 'ਤੇ ਲੋਕ ਆਪਣੇ ਘਰਾਂ ਅੰਦਰ ਹੀ ਰਹਿਣ। ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਅਤੇ ਪੰਜਾਬ 'ਚ 5 ਦਿਨਾਂ ਤੱਕ ਗਰਮੀ ਵੱਧਣ ਵਾਲੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਕੁੱਝ ਇਲਾਕਿਆਂ 'ਚ ਆਉਣ ਵਾਲੇ ਦਿਨਾਂ ਦੌਰਾਨ ਤਾਪਮਾਨ 47 ਡਿਗਰੀ ਤੋਂ ਪਾਰ ਜਾ ਸਕਦਾ ਹੈ। ਮੌਸਮ ਵਿਭਾਗ ਵਲੋਂ ਜਾਰੀ ਅੰਕੜਿਆਂ ਮੁਤਾਬਕ ਬੀਤੇ ਦਿਨ ਲੁਧਿਆਣਾ ਦੇ ਸਮਰਾਲਾ 'ਚ ਤਾਪਮਾਨ ਪੰਜਾਬ 'ਚ ਸਭ ਤੋਂ ਵੱਧ ਸੀ। ਇੱਥੇ ਪਾਰਾ 46.3 ਡਿਗਰੀ ਤੱਕ ਪਹੁੰਚ ਗਿਆ ਹੈ, ਜਦੋਂ ਕਿ ਪਠਾਨਕੋਟ 'ਚ ਤਾਪਮਾਨ 45.1 ਡਿਗਰੀ ਦਰਜ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News