ਫਰਜ਼ੀ ਟ੍ਰੈਵਲ ਏਜੰਟਾਂ ਦਾ ਨੈੱਟਵਰਕ ਸਰਗਰਮ, 15 ਦਿਨਾਂ ’ਚ ਠੱਗੀ ਦੇ 15 ਮਾਮਲੇ ਦਰਜ
Tuesday, Jul 14, 2026 - 12:02 PM (IST)
ਅੰਮ੍ਰਿਤਸਰ (ਨੀਰਜ)- ਨੌਜਵਾਨਾਂ ਨੂੰ ਫਰਜ਼ੀ ਟ੍ਰੈਵਲ ਏਜੰਟਾਂ ਤੋਂ ਬਚਾਉਣ ਲਈ ਸਰਕਾਰ ਵੱਲੋਂ ਸਾਲ 2012 ਦੌਰਾਨ ‘ਦਿ ਪੰਜਾਬ ਪ੍ਰੀਵੈਂਸ਼ਨ ਆਫ਼ ਹਿਊਮਨ ਸਮੱਗਲਿੰਗ ਐਕਟ’ ਬਣਾਇਆ ਗਿਆ, ਜਿਸ ਨੂੰ ਸੋਧ ਕੇ 2013 ਅਤੇ 2014 ਵਿਚ ‘ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ’ ਦਾ ਨਾਂ ਦਿੱਤਾ ਗਿਆ। ਪ੍ਰਸ਼ਾਸਨ ਵੱਲੋਂ ਬਕਾਇਦਾ ਰਜਿਸਟਰਡ ਟ੍ਰੈਵਲ ਏਜੰਟਾਂ ਦੀ ਵੈੱਬਸਾਈਟ ਵੀ ਬਣਾਈ ਗਈ ਪਰ ਇਸ ਦੇ ਬਾਵਜੂਦ ਮਹਾਨਗਰ ਵਿਚ ਫਰਜ਼ੀ ਟ੍ਰੈਵਲ ਏਜੰਟਾਂ ਦਾ ਫਰਜ਼ੀਵਾੜਾ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਹੜ੍ਹ ਦਾ ਅਲਰਟ! ਪਹਾੜਾਂ ’ਚ ਬੱਦਲ ਫਟਣ ਕਾਰਨ ਰਾਵੀ ਦਰਿਆ ਹੋ ਸਕਦੈ ਓਵਰਫਲੋਅ
ਆਲਮ ਇਹ ਹੈ ਕਿ ਜ਼ਿਲਾ ਅੰਮ੍ਰਿਤਸਰ ’ਚ ਪਿਛਲੇ 15 ਦਿਨਾਂ ਦੌਰਾਨ ਟ੍ਰੈਵਲ ਏਜੰਟਾਂ ਦੀ ਠੱਗੀ ਦੇ 15 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚ ਵੱਖ-ਵੱਖ ਪੁਲਸ ਥਾਣਿਆਂ ਵੱਲੋਂ ਐੱਫ. ਆਈ. ਆਰ. ਦਰਜ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਇਕ ਮਾਮਲੇ ਵਿਚ ਥਾਣਾ ਰਮਦਾਸ ਅਧੀਨ ਇਕ ਪਿਤਾ ਨੇ ਆਤਮਹੱਤਿਆ ਕਰ ਲਈ, ਕਿਉਂਕਿ ਟ੍ਰੈਵਲ ਏਜੰਟ ਨੇ ਉਸ ਦੀ ਬੇਟੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 13 ਲੱਖ ਰੁਪਏ ਠੱਗ ਲਏ ਪਰ ਉਸ ਨੂੰ ਵਿਦੇਸ਼ ਨਹੀਂ ਭੇਜਿਆ। ਇਨ੍ਹਾਂ ਮਾਮਲਿਆਂ ਵਿਚ ਖ਼ਾਸ ਗੱਲ ਇਹ ਹੈ ਕਿ ਕੁਝ ਲਾਇਸੈਂਸੀ ਟ੍ਰੈਵਲ ਏਜੰਟਾਂ ’ਤੇ ਧੋਖਾਦੇਹੀ ਦੇ ਮਾਮਲੇ ਦਰਜ ਹੋਏ ਹਨ, ਜਿਸ ਨਾਲ ਪ੍ਰਸ਼ਾਸਨ ਵੀ ਹੈਰਾਨ ਹੈ। ਏ. ਡੀ. ਸੀ. (ਜ) ਦਫ਼ਤਰ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੌਨਸੂਨ ਵਿਚਾਲੇ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
7 ਸਾਲ ਦੀ ਸਜ਼ਾ ਅਤੇ 5 ਲੱਖ ਰੁਪਏ ਜੁਰਮਾਨੇ ਦੀ ਵਿਵਸਥਾ, ਫਿਰ ਵੀ ਬੇਰੋਜ਼ਗਾਰ ਨੌਜਵਾਨ ਸ਼ਿਕਾਰ
ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਹਿਊਮਨ ਸਮੱਗਲਿੰਗ ਐਕਟ 2014 ਦੀ ਗੱਲ ਕਰੀਏ ਤਾਂ ਐਕਟ ਤਹਿਤ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਕਰਨ ਵਾਲੇ ਏਜੰਟ ਖ਼ਿਲਾਫ਼ 5 ਲੱਖ ਰੁਪਏ ਤੱਕ ਜੁਰਮਾਨਾ ਅਤੇ 7 ਸਾਲ ਤੱਕ ਦੀ ਸਜ਼ਾ ਦੀ ਵਿਵਸਥਾ ਰੱਖੀ ਗਈ ਹੈ। ਇਸ ਦੇ ਬਾਵਜੂਦ ਆਏ ਦਿਨ ਬੇਰੋਜ਼ਗਾਰ ਨੌਜਵਾਨਾਂ ਨਾਲ ਠੱਗੀ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਬਹੁਤ ਹੀ ਘੱਟ ਮਾਮਲੇ ਦੇਖਣ ਵਿੱਚ ਆਏ ਹਨ, ਜਿੱਥੇ ਕਿਸੇ ਟ੍ਰੈਵਲ ਏਜੰਟ ਨੂੰ 7 ਸਾਲ ਦੀ ਸਜ਼ਾ ਅਤੇ 5 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੋਵੇ, ਕਿਉਂਕਿ ਜ਼ਿਆਦਾਤਰ ਮਾਮਲਿਆਂ ਵਿੱਚ ਪੀੜਤ ਲੋਕ ਅਦਾਲਤ ਤੱਕ ਨਹੀਂ ਪਹੁੰਚ ਪਾਉਂਦੇ, ਜਿਸ ਕਾਰਨ ਦੋਸ਼ੀ ਬਰੀ ਹੋ ਜਾਂਦੇ ਹਨ।
ਇਹ ਵੀ ਪੜ੍ਹੋ- ਪੰਜਾਬ: ਅੱਧੀ ਰਾਤ ਘਰ ਵੜ ਆਏ ਲੁਟੇਰੇ, ਔਰਤ ਦੇ ਮੂੰਹ 'ਚ ਪਿਸਤੌਲ ਰੱਖ ਲੁੱਟ ਲਿਆ ਸਾਰਾ ਘਰ
ਜ਼ਿਲਾ ਪ੍ਰਸ਼ਾਸਨ ਦੇ ਰਿਕਾਰਡ ਵਿਚ ਲੱਗਭਗ 1011 ਟ੍ਰੈਵਲ ਏਜੰਟ ਰਜਿਸਟਰਡ ਹਨ ਅਤੇ ਪ੍ਰਸ਼ਾਸਨ ਦੀ ਵੈੱਬਸਾਈਟ ’ਤੇ ਇਨ੍ਹਾਂ ਦੇ ਨਾਂ, ਰਜਿਸਟ੍ਰੇਸ਼ਨ ਨੰਬਰ ਅਤੇ ਫ਼ੋਨ ਨੰਬਰ ਲਿਖੇ ਹੁੰਦੇ ਹਨ। ਟ੍ਰੈਵਲ ਏਜੰਟਾਂ ਦੀ ਠੱਗੀ ਦੇ ਮਾਮਲਿਆਂ ਵਿੱਚ ਦੇਖਣ ਵਿੱਚ ਆਇਆ ਹੈ ਕਿ ਜ਼ਿਆਦਾਤਰ ਕੇਸਾਂ ਵਿੱਚ ਪਿੰਡਾਂ ਵਿੱਚ ਰਹਿਣ ਵਾਲੇ ਨੌਜਵਾਨਾਂ ਨੂੰ ਇਹ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ। ਏ. ਡੀ. ਸੀ. (ਜ) ਦਫ਼ਤਰ ਵੱਲੋਂ ਪਿਛਲੇ 12 ਮਹੀਨਿਆਂ ਦੌਰਾਨ 41 ਟ੍ਰੈਵਲ ਏਜੰਟਾਂ ਦੇ ਲਾਇਸੰਸ ਰੱਦ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਖ਼ਿਲਾਫ਼ ਪੁਲਸ ਜਾਂਚ ਸ਼ੁਰੂ ਹੋਈ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ੁਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਕੇਵਲ ਰਜਿਸਟਰਡ ਟ੍ਰੈਵਲ ਏਜੰਟਾਂ ਨਾਲ ਹੀ ਕਰਨ ਸੰਪਰਕ: ਏ. ਡੀ. ਸੀ.
ਜ਼ਿਲੇ ਦੀ ਨਵ-ਨਿਯੁਕਤ ਏ. ਡੀ. ਸੀ. (ਜ) ਪੱਲਵੀ ਮਿਸ਼ਰਾ ਨੇ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕੇਵਲ ਪ੍ਰਸ਼ਾਸਨ ਵੱਲੋਂ ਰਜਿਸਟਰਡ ਟ੍ਰੈਵਲ ਏਜੰਟਾਂ ਨਾਲ ਹੀ ਸੰਪਰਕ ਕਰਨ। ਉਨ੍ਹਾਂ ਦੱਸਿਆ ਕਿ ਜੋ ਨਵੇਂ ਠੱਗੀ ਦੇ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਵਿੱਚ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾ ਸਕੇ।
ਹਾਲ ਹੀ ਵਿਚ ਪੁਲਸ ਵਲੋਂ ਦਰਜ ਕੀਤੇ ਗਏ ਠੱਗੀ ਦੇ ਮੁੱਖ ਮਾਮਲੇ
19 ਜੂਨ: ਥਾਣਾ ਰਣਜੀਤ ਐਵੇਨਿਊ ਦੀ ਪੁਲਸ ਵੱਲੋਂ ਵਰਕ ਵੀਜ਼ਾ ਦੇ ਨਾਂ ’ਤੇ 21 ਲੱਖ ਦੀ ਠੱਗੀ ਕਰਨ ਦੇ ਦੋਸ਼ ਹੇਠ ਗੌਰਵ ਸ਼ਰਮਾ ਅਤੇ ਮੈਨੇਜਰ ਵਿਕਾਸ ਸ਼ਰਮਾ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿੱਚ ਜਗਦੀਪ ਸਿੰਘ ਦੀ ਸ਼ਿਕਾਇਤ ’ਤੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 1.78 ਲੱਖ ਦੀ ਠੱਗੀ ਕਰਨ ਦਾ ਮਾਮਲਾ ਵੀ ਇਨ੍ਹਾਂ ਦੋਵਾਂ ਰਜਿਸਟਰਡ ਏਜੰਟਾਂ ’ਤੇ ਦਰਜ ਹੋਇਆ।
4 ਜੁਲਾਈ: ਥਾਣਾ ਏਅਰਪੋਰਟ ਦੀ ਪੁਲਸ ਵੱਲੋਂ ਦਵਿੰਦਰ ਸਿੰਘ ਅਤੇ ਸ਼ਿਖਾ ਖ਼ਿਲਾਫ਼ ਵਿਦੇਸ਼ ਭੇਜਣ ਦੇ ਨਾਂ ’ਤੇ 3 ਲੱਖ ਦੀ ਠੱਗੀ ਦਾ ਮਾਮਲਾ ਦਰਜ ਕੀਤਾ ਗਿਆ।
5 ਜੁਲਾਈ: ਥਾਣਾ ਰਣਜੀਤ ਐਵੇਨਿਊ ਦੀ ਪੁਲਸ ਵੱਲੋਂ ਗੌਰਵ ਸ਼ਰਮਾ, ਵਿਕਾਸ ਸ਼ਰਮਾ ਅਤੇ ਕਮਲਦੀਪ ਖ਼ਿਲਾਫ਼ ਕੈਨੇਡਾ ਭੇਜਣ ਦੇ ਨਾਂ ’ਤੇ 4.18 ਲੱਖ ਦੀ ਠੱਗੀ ਦਾ ਕੇਸ ਦਰਜ।
6 ਜੁਲਾਈ: ਥਾਣਾ ਇਸਲਾਮਾਬਾਦ ਦੀ ਪੁਲਸ ਵੱਲੋਂ ਗੌਰਵਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਅਮਰਿੰਦਰ ਸਿੰਘ ਅਤੇ ਕਰਿਸ਼ਮਾ ਖ਼ਿਲਾਫ਼ 7.49 ਲੱਖ ਦੀ ਠੱਗੀ ਦਾ ਮਾਮਲਾ ਦਰਜ ਕੀਤਾ ਗਿਆ। ਇਕ ਹੋਰ ਮਾਮਲੇ ਵਿਚ ਜਸਕਰਨ ਸਿੰਘ ਖ਼ਿਲਾਫ਼ ਜਰਮਨ ਭੇਜਣ ਦੇ ਨਾਂ ’ਤੇ 8.70 ਲੱਖ ਦੀ ਠੱਗੀ ਦਾ ਮਾਮਲਾ ਦਰਜ ਹੋਇਆ।
7 ਜੁਲਾਈ: ਥਾਣਾ ਰਣਜੀਤ ਐਵੇਨਿਊ ਦੀ ਪੁਲਸ ਵੱਲੋਂ ਜਰਮਨ ਇਮੀਗ੍ਰੇਸ਼ਨ ਦੇ ਟ੍ਰੈਵਲ ਏਜੰਟ ਸੰਦੀਪ ਚੌਹਾਨ ਖ਼ਿਲਾਫ਼ ਨਿਊਜ਼ੀਲੈਂਡ ਭੇਜਣ ਦੇ ਨਾਂ ’ਤੇ 3.57 ਲੱਖ ਦੀ ਠੱਗੀ ਦਾ ਮਾਮਲਾ ਦਰਜ ਕੀਤਾ ਗਿਆ।
ਹੋਰ ਮਾਮਲੇ: ਥਾਣਾ ਰਮਦਾਸ ਦੀ ਪੁਲਸ ਨੇ ਟ੍ਰੈਵਲ ਏਜੰਟ ਗੁਰਪ੍ਰੀਤ ਕੌਰ ਖ਼ਿਲਾਫ਼ ਮਾਮਲਾ ਦਰਜ ਕੀਤਾ, ਜਿਸ ਤੋਂ ਦੁਖੀ ਹੋ ਕੇ ਸੁਖਵਿੰਦਰ ਸਿੰਘ ਨੇ ਆਤਮਹੱਤਿਆ ਕਰ ਲਈ ਸੀ। ਇਸੇ ਤਰ੍ਹਾਂ ਥਾਣਾ ਰਣਜੀਤ ਐਵੇਨਿਊ ਦੀ ਪੁਲਸ ਨੇ ਨਿਊਜ਼ੀਲੈਂਡ ਭੇਜਣ ਦੇ ਨਾਂ ’ਤੇ 2.10 ਲੱਖ ਦੀ ਠੱਗੀ ਲਈ ਪਰਮਸ਼ਰਨ ਸਿੰਘ ਅਤੇ ਆਸਟ੍ਰੇਲੀਆ ਭੇਜਣ ਦੇ ਨਾਂ ’ਤੇ 3 ਲੱਖ ਦੀ ਠੱਗੀ ਲਈ ਸਾਹਿਲ ਅਰੋੜਾ ਤੇ ਸ਼ਿਖਾ ਖ਼ਿਲਾਫ਼ ਕੇਸ ਦਰਜ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
