ਮਹਾਰਾਸ਼ਟਰ ਨੂੰ ਮੋਦੀ ਦੇਣਗੇ 41,000 ਕਰੋੜ ਦਾ ਤੋਹਫਾ (ਪੜ੍ਹੋ 18 ਦਸੰਬਰ ਦੀਆਂ ਖਾਸ ਖਬਰਾਂ)
Tuesday, Dec 18, 2018 - 02:05 AM (IST)

ਜਲੰਧਰ (ਨੈਸ਼ਨਲ ਡੈਸਕ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਹਾਰਾਸ਼ਟਰ 'ਚ ਕਰੀਬ 41000 ਕਰੋੜ ਰੁਪਏ ਦੀ ਰਿਹਾਇਸ਼ ਤੇ ਬੁਨਿਆਦੀ ਢਾਂਚਾ ਪ੍ਰਾਜੈਕਟ ਦੀ ਸ਼ੁਰੂਆਤ ਕਰਨਗੇ। ਮੋਦੀ ਠਾਣੇ ਜ਼ਿਲੇ 'ਚ ਠਾਣੇ-ਭਿਵੰਡੀ-ਕਲਿਆਣ ਮੈਟਰੋ ਰੇਲਮਾਰਗ-ਪੰਜ ਤੇ ਦਹੀਸਰ-ਮੀਰਾ ਭਯੰਦਰ ਮੈਟਰੋ ਰੇਲਮਾਰਗ-ਨੌ ਦਾ ਨੀਂਹ ਪੱਥਰ ਰੱਖਣਗੇ।
ਹਾਮਿਦ ਨਿਹਾਲ ਅੰਸਾਰੀ ਨੂੰ ਅੱਜ ਰਿਹਾ ਕਰੇਗਾ ਪਾਕਿ
ਪਾਕਿਸਤਾਨ ਦੇ ਪੇਸ਼ਾਵਰ ਹਾਈਕੋਰਟ ਵਿਚ ਇੱਕ ਲੰਮੀ ਕਾਨੂੰਨੀ ਲੜਾਈ ਲੜਣ ਦੇ ਬਾਅਦ ਆਖ਼ਿਰਕਾਰ ਪਾਕਿਸਤਾਨ ਸਰਕਾਰ ਨੇ ਭਾਰਤੀ ਕੈਦੀ ਇੰਜੀਨੀਅਰ ਹਾਮਿਦ ਨਿਹਾਲ ਅੰਸਾਰੀ ਨੂੰ ਰਿਹਾਅ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਜਾਣਕਾਰੀ ਦੇ ਅਨੁਸਾਰ ਮੁੰਬਈ ਨਿਵਾਸੀ ਹਾਮਿਦ ਨਿਹਾਲ ਅੰਸਾਰੀ ਸਾਲ 2012 ਵਿਚ ਇੱਕ ਪਾਕਿਸਤਾਨੀ ਲੜਕੀ ਦੇ ਪ੍ਰੇਮ ਵਿਚ ਫੇਸਬੁਕ 'ਤੇ ਫਸ ਗਿਆ ਸੀ ਜਿਸ ਨੂੰ ਮਿਲਣ ਲਈ ਉਹ ਅਫਗਾਨਿਸਤਾਨ ਦੇ ਰਸਤੇ ਗੈਰਕਾਨੂਨੀ ਢੰਗ ਨਾਲ ਅਫਗਾਨ-ਪਾਕਿਸਤਾਨ ਬਾਰਡਰ ਦੇ ਇਲਾਕੇ ਵਿਚ ਸਥਿਤ ਇੱਕ ਹੋਟਲ ਵਿਚ ਗਿਆ ਪਰ ਉੱਥੇ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
18 ਦਸੰਬਰ ਤੱਕ ਬੂਥ ਲੈਵਲ ਏਜੰਟਾਂ ਦੀਆਂ ਸੂਚੀਆਂ ਜਮ੍ਹਾਂ ਕਰਵਾਉਣ ਰਾਜਨੀਤਕ ਪਾਰਟੀਆਂ
ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਅੱਜ ਇੱਥੇ ਪੰਜਾਬ ਰਾਜ ਦੀਆਂ ਸਮੂੰਹ ਰਜਿਸਟਰਡ ਅਤੇ ਅਨਰਜਿਸਟਰਡ ਰਾਜਨੀਤਕ ਪਾਰਟੀਆਂ ਦੇ ਪ੍ਰਤੀਨਿੱਧਾਂ ਨਾਲ ਫੋਟੋ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਚੱਲ ਰਹੀ ਮੁਹਿੰਮ ਬਾਰੇ ਮੀਟਿੰਗ ਕੀਤੀ । ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ.ਈ.ਓ. ਡਾ. ਰਾਜੂ ਨੇ ਪੰਜਾਬ ਰਾਜ ਦੀਆਂ ਸਮੂਹ ਰਜਿਸਟਰਡ ਅਤੇ ਅਨਰਜਿਸਟਰਡ ਰਾਜਨੀਤਕ ਪਾਰਟੀਆਂ ਦੇ ਪ੍ਰਤੀਨਿੱਧਾਂ ਨੁੰ ਕਿਹਾ ਕਿ 18 ਦਸੰਬਰ 2018 ਤੱਕ ਬੂਥ ਲੈਵਲ ਏਜੰਟਾਂ ਦੀਆਂ ਸੂਚੀਆਂ ਜ਼ਰੂਰ ਜਮ੍ਹਾਂ ਕਰਵਾਉਣ।
ਅੱਜ ਤੋਂ ਸ਼ੁਰੂ ਹੋਵੇਗਾ ਬਰਗਾੜੀ ਮੋਰਚਾ
ਬੇਅਦਬੀ ਮਾਮਲਿਆਂ ਵਿੱਚ ਇਨਸਾਫ ਲਈ 6 ਮਹੀਨੇ ਚੱਲਿਆ ਬਰਗਾੜੀ ਮੋਰਚਾ ਬੇਸ਼ੱਕ ਖਤਮ ਹੋ ਚੁੱਕਿਆ ਹੈ ਪਰ ਇੱਕ ਵਾਰ ਫਿਰ ਅਜਿਹੇ ਮੋਰਚੇ ਦੀ ਤਿਆਰੀ ਤੇਜ਼ ਹੋ ਗਈ ਹੈ। ਯੂਨਾਈਟੇਡ ਸਿੱਖ ਮੂਵਮੈਂਟ ਨੇ ਐਲਾਨ ਕੀਤਾ ਹੈ ਕਿ ਬਰਗਾੜੀ ਮੋਰਚਾ ਮੁੜ ਸ਼ੁਰੂ ਕੀਤਾ ਜਾਵੇਗਾ, ਹਾਲਾਂਕਿ ਮੋਰਚੇ ਲਈ ਸਮਾਂ, ਤਾਰੀਖ ਅਤੇ ਹੋਰ ਰਣਨੀਤੀ 18 ਦਸੰਬਰ ਨੂੰ ਬੈਠਕ ਵਿੱਚ ਉਲੀਕੀ ਜਾਵੇਗੀ।
ਲੋਕ ਸਭਾ 'ਚ ਤਿੰਨ ਤਲਾਕ ਬਿੱਲ ਪੇਸ਼
11 ਦਸੰਬਰ ਤੋਂ ਮੋਦੀ ਸਰਕਾਰ ਦਾ ਅੰਤਿਮ ਸਰਦ ਰੁੱਤ ਸੈਸ਼ਨ ਚੱਲ ਰਿਹਾ ਹੈ। ਪਿਛਲੇ ਦਿਨੀਂ ਰਾਫੇਲ ਡੀਲ, ਕਾਵੇਰੀ ਮੁੱਦਾ ਤੇ ਰਾਮ ਮੰਦਰ ਮੁੱਦੇ ਨੂੰ ਲੈ ਕੇ ਸੰਸਦ ਦੀ ਕਾਰਵਾਈ ਰੁੱਕਦੀ ਰਹੀ ਉਥੇ ਹੀ ਸੋਮਵਾਰ ਨੂੰ ਮੋਦੀ ਸਰਕਾਰ ਨੇ ਲੰਬੇ ਸਮੇਂ ਤੋਂ ਲਟਕੇ ਤਿੰਨ ਤਲਾਕ ਬਿੱਲ ਨੂੰ ਪੇਸ਼ ਕੀਤਾ, ਜਿਸ ਨੂੰ ਲੈ ਕੇ ਲੋਕ ਸਭਾ 'ਚ ਹੰਗਾਮਾ ਹੋ ਗਿਆ ਤੇ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਰੋਕਣੀ ਪਈ। ਮੰਨਿਆ ਜਾ ਰਿਹਾ ਹੈ ਕਿ ਸਦਨ 'ਚ ਤਿੰਨ ਤਲਾਕ ਬਿੱਲ ਨੂੰ ਲੈ ਕੇ ਬਹਿਸ ਹੋ ਸਕਦੀ ਹੈ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਭਾਰਤ ਬਨਾਮ ਆਸਟਰੇਲੀਆ (ਦੂਜਾ ਟੈਸਟ, ਪੰਜਵਾਂ ਦਿਨ)
ਆਈ. ਪੀ. ਐੱਲ.-2019 ਲਈ ਖਿਡਾਰੀਆਂ ਦੀ ਨੀਲਾਮੀ
ਕਬੱਡੀ : ਪ੍ਰੋ ਕਬੱਡੀ ਲੀਗ-2018