ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ
Thursday, Feb 03, 2022 - 08:08 PM (IST)
ਜਲੰਧਰ : ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰ ਰਾਜਨੀਤਕ ਪਾਰਟੀ ਵੱਲੋਂ ਨਾਮਜ਼ਦਗੀਆਂ ਦਾਖਲ ਕਰਨ ਤੋਂ ਬਾਅਦ ਚੋਣ ਪ੍ਰਚਾਰ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਉਮੀਦਵਾਰ ਤੇ ਉਨ੍ਹਾਂ ਦੇ ਸਮਰਥਕ ਘਰ-ਘਰ ਜਾ ਕੇ ਲੋਕਾਂ ਨੂੰ ਆਪਣੇ ਪੱਖ 'ਚ ਵੋਟ ਪਾਉਣ ਲਈ ਕਹਿ ਰਹੇ ਹਨ ਤੇ ਰੋਡ ਸ਼ੋਅ ਵੀ ਕੀਤੇ ਜਾ ਰਹੇ ਹਨ। ਪੜ੍ਹੋ ਪੰਜਾਬ ਦੀ ਸਿਆਸਤ ਨਾਲ ਜੁੜੀਆਂ ਅੱਜ ਦੀਆਂ ਪ੍ਰਮੁੱਖ ਖ਼ਬਰਾਂ :
ਇਸ ਤਾਰੀਖ਼ ਨੂੰ ਹੋਵੇਗਾ ਪੰਜਾਬ ਕਾਂਗਰਸ ਦੇ CM ਚਿਹਰੇ ਦਾ ਐਲਾਨ
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਸੀ. ਐੱਮ. ਚਿਹਰਾ ਐਲਾਨਿਆ ਗਿਆ ਹੈ, ਉੱਥੇ ਹੀ ਪੰਜਾਬ ਕਾਂਗਰਸ 'ਤੇ ਲਗਾਤਾਰ ਸੀ. ਐੱਮ. ਚਿਹਰਾ ਐਲਾਨਣ ਦਾ ਦਬਾਅ ਵੱਧ ਰਿਹਾ ਹੈ। ਇਸ ਦੇ ਮੱਦੇਨਜ਼ਰ 6 ਫਰਵਰੀ ਨੂੰ ਪੰਜਾਬ ਕਾਂਗਰਸ ਦੇ ਸੀ. ਐੱਮ. ਚਿਹਰਾ ਦਾ ਐਲਾਨ ਕੀਤਾ ਜਾਵੇਗਾ। ਇਸ ਦੇ ਲਈ ਲੁਧਿਆਣਾ 'ਚ ਵਰਚੁਅਲ ਰੈਲੀ ਕੀਤੀ ਜਾ ਰਹੀ ਹੈ।
46 ਸਾਲ ਪਹਿਲਾਂ ਕੈਪਟਨ ਤੇ ਗਿਆਨੀ ਜ਼ੈਲ ਸਿੰਘ ਨੇ ਰੱਖਿਆ ਸੀ ਕਾਲਜ ਦਾ ਨੀਂਹ ਪੱਥਰ, ਨਹੀਂ ਲੱਗੀ ਇਕ ਵੀ ਇੱਟ (ਵੀਡੀਓ)
ਚੋਣਾਂ ਨੇੜੇ ਸਿਆਸੀ ਆਗੂਆਂ ਵੱਲੋਂ ਥਾਂ-ਥਾਂ ਨੀਂਹ ਪੱਥਰ ਰੱਖੇ ਜਾਂਦੇ ਹਨ ਤਾਂ ਕਿ ਵੋਟਰਾਂ ਨੂੰ ਲੁਭਾਇਆ ਜਾ ਸਕੇ ਪਰ ਸ਼ਾਇਦ ਇਹ ਆਗੂ ਨੀਂਹ ਪੱਥਰ ਰੱਖਣ ਤੋਂ ਬਾਅਦ ਉਸ ਵੱਲ ਦੇਖਦੇ ਤੱਕ ਵੀ ਨਹੀਂ। ਇਹੀ ਵਜ੍ਹਾ ਹੈ ਕਿ ਇਹ ਨੀਂਹ ਪੱਥਰ ਦਹਾਕਿਆਂ ਬਾਅਦ ਵੀ ਨੀਂਹ ਪੱਥਰ ਹੀ ਰਹਿੰਦੇ ਹਨ, ਕਿਸੇ ਇਮਾਰਤ ਦਾ ਰੂਪ ਨਹੀਂ ਲੈਂਦੇ। ਸਰਕਾਰਾਂ ਵੱਲੋਂ ਛੱਡੇ ਅਧੂਰੇ ਕੰਮਾਂ ਦੀ ਅਜਿਹੀ ਹੀ ਇਕ ਮਿਸਾਲ ਬਠਿੰਡਾ ਦੇ ਪਿੰਡ ਅਬਲੂ 'ਚ ਮਿਲੀ, ਜਿਥੇ 'ਜਗ ਬਾਣੀ' ਦੇ ਪੱਤਰਕਾਰ ਜਗਵੰਤ ਬਰਾੜ ਵੱਲੋਂ ਦੌਰਾ ਕੀਤਾ ਗਿਆ। ਬੇਸ਼ੱਕ ਅੱਜ ਵੀ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ ਪਰ ਇਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ ਤਾਂ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਉਨ੍ਹਾਂ ਘਰ-ਘਰ ਰੁਜ਼ਗਾਰ, ਨਸ਼ੇ ਖਤਮ ਕਰਨ ਤੇ ਹੋਰ ਵੀ ਬਹੁਤ ਸਾਰੇ ਵਾਅਦੇ ਕੀਤੇ ਸਨ।
ਕਾਂਗਰਸ ਦਾ ਨਵਜੋਤ ਸਿੰਘ ਸਿੱਧੂ ਨੂੰ ਵੱਡਾ ਝਟਕਾ, ਸਟਾਰ ਪ੍ਰਚਾਰਕਾਂ ਦੀ ਸੂਚੀ ’ਚੋਂ ਕੱਟਿਆ ਨਾਂ
ਕਾਂਗਰਸ ਪਾਰਟੀ ਨੇ ਨਵਜੋਤ ਸਿੰਘੂ ਸਿੱਧੂ ਨੂੰ ਵੱਡਾ ਝਟਕਾ ਦਿੰਦੇ ਹੋਏ ਸਟਾਰ ਪ੍ਰਚਾਰਕਾਂ ਦੀ ਸੂਚੀ ’ਚੋਂ ਬਾਹਰ ਕੱਢ ਦਿੱਤਾ ਹੈ। ਦਰਅਸਲ 14 ਫਰਵਰੀ ਨੂੰ ਉੱਤਰਾਖੰਡ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ 30 ਸਟਾਰ ਪ੍ਰਚਾਰਕਾਂ ਦੀ ਸੂਚੀ ਕਾਂਗਰਸ ਪਾਰਟੀ ਵੱਲੋਂ ਜਾਰੀ ਕੀਤੀ ਗਈ ਹੈ। ਕਾਂਗਰਸ ਵੱਲੋਂ 30 ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂ ਤਾਂ ਸ਼ਾਮਲ ਹੈ ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਨਾਂ ਸਟਾਰ ਪ੍ਰਚਾਰਕਾਂ ਵਿਚੋਂ ਕੱਟ ਦਿੱਤਾ ਗਿਆ ਹੈ।
ਭਾਜਪਾ ਵੱਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ, PM ਮੋਦੀ ਸਮੇਤ ਇਹ ਦਿੱਗਜ ਪੰਜਾਬ 'ਚ ਕਰਨਗੇ ਚੋਣ ਪ੍ਰਚਾਰ
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ 30 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਲਈ ਪੰਜਾਬ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਕੇਂਦਰੀ ਮੰਤਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਸਮੇਤ ਕਈ ਦਿੱਗਜ਼ ਪ੍ਰਚਾਰ ਕਰਨਗੇ।
CM ਚਿਹਰੇ 'ਤੇ ਸੁਨੀਲ ਜਾਖੜ ਦਾ ਵੱਡਾ ਬਿਆਨ, ਕਿਹਾ-ਲੜਾਈ ਦੇ ਮੈਦਾਨ 'ਚ ਘੋੜੇ ਨਹੀਂ ਬਦਲੇ ਜਾਂਦੇ
ਸੰਸਦ ਮੈਂਬਰ, ਵਿਧਾਇਕ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਬੇਦਾਗ ਅਕਸ ਵਾਲੇ ਸੁਨੀਲ ਜਾਖੜ ਇਸ ਵਾਰ ਚੋਣ ਮੈਦਾਨ ਵਿਚ ਨਹੀਂ ਹਨ। ਪਾਰਟੀ ਦੇ ਹੀ ਕੁੱਝ ਨੇਤਾਵਾਂ ਦੀ ਕਥਿਤ ਸੋਚ ਖ਼ਿਲਾਫ਼ ਨਰਾਜ਼ਗੀ ਦੇ ਚਲਦੇ ਉਨ੍ਹਾਂ ਨੇ ਚੋਣ ਨਾ ਲੜਨ ਦਾ ਫ਼ੈਸਲਾ ਤਾਂ ਕਰ ਲਿਆ ਪਰ ਸੂਬੇ ਵਿਚ ਉਨ੍ਹਾਂ ਦੀ ਰਾਜਨੀਤਕ ਹਾਜ਼ਰੀ ਪਾਰਟੀ ਲਈ ਬੇਹੱਦ ਜ਼ਰੂਰੀ ਹੈ। 4 ਮਹੀਨੇ ਪਹਿਲਾਂ ਮੁੱਖ ਮੰਤਰੀ ਅਹੁਦੇ ਦੇ ਪ੍ਰਬਲ ਦਾਅਵੇਦਾਰ ਬਣ ਕੇ ਉੱਭਰੇ ਸੁਨੀਲ ਜਾਖੜ ਨਾਲ ਪੰਜਾਬ ਦੇ ਰਾਜਨੀਤਕ ਮਾਹੌਲ ਬਾਰੇ ਗੱਲ ਕੀਤੀ ‘ਜਗ ਬਾਣੀ’ ਤੋਂ ਹਰੀਸ਼ਚੰਦਰ ਨੇ।
ਜਾਖੜ ਦੇ ਬਹਾਨੇ ‘ਆਪ’ ਦੇ ਕਾਂਗਰਸ ’ਤੇ ਨਿਸ਼ਾਨੇ, ਰਾਘਵ ਚੱਢਾ ਨੇ CM ਚਿਹਰੇ ਨੂੰ ਲੈ ਕੇ ਪੁੱਛੇ 4 ਸਵਾਲ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਬਹਾਨੇ ਆਮ ਆਦਮੀ ਪਾਰਟੀ ਨੇ ਕਾਂਗਰਸ ’ਤੇ ਤਿੱਖੇ ਨਿਸ਼ਾਨੇ ਵਿੰਨ੍ਹੇ ਹਨ। ਆਮ ਆਦਮੀ ਪਾਰਟੀ ਦੇ ਪੰਜਾਬ ਇਕਾਈ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਕਾਂਗਰਸ ਪਾਰਟੀ ਧਰਮ ਦੇ ਨਾਂ ’ਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ। ਦਰਅਸਲ ਬੀਤੇ ਦਿਨੀਂ ਅਬੋਹਰ ’ਚ ਆਪਣੇ ਭਤੀਜੇ ਸੰਦੀਪ ਜਾਖੜ ਦੇ ਹੱਕ ’ਚ ਪ੍ਰਚਾਰ ਕਰਦੇ ਹੋਏ ਸੁਨੀਲ ਜਾਖੜ ਨੇ ਕਿਹਾ ਸੀ ਕਿ ਸੀ. ਐੱਮ. ਦੀ ਚੋਣ ਦੌਰਾਨ ਉਨ੍ਹਾਂ ਦੇ ਹੱਕ ’ਚ 42 ਵਿਧਾਇਕ ਸਨ ਜਦਕਿ ਚਰਨਜੀਤ ਸਿੰਘ ਚੰਨੀ ਦੇ ਹੱਕ ’ਚ ਸਿਰਫ਼ 6 ਵਿਧਾਇਕ ਸਨ। ਹੱਕ ’ਚ 42 ਵਿਧਾਇਕ ਹੋਣ ਦੇ ਬਾਵਜੂਦ ਵੀ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ।
ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਐਲਾਨ, ਸਰਕਾਰ ਬਣਨ ’ਤੇ ਪੰਜਾਬ ’ਚ ਲਾਗੂ ਕਰਾਂਗੇ ਨਵੀਂ ਸਿੱਖਿਆ ਪਾਲਿਸੀ
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪੰਜਾਬ ਲਈ ਸਿੱਖਿਆ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਪੰਜਾਬ ਭਾਜਪਾ ਮੁਤਾਬਕ ਜੇਕਰ ਉਨ੍ਹਾਂ ਦੀ ਸੂਬੇ ’ਚ ਸਰਕਾਰ ਬਣਦੀ ਹੈ ਤਾਂ ਸਭ ਤੋਂ ਪਹਿਲਾਂ ਨਵੀਂ ਸਿੱਖਿਆ ਪਾਲਿਸੀ ਨੂੰ ਲਾਗੂ ਕੀਤਾ ਜਾਵੇਗਾ। ਕੇਂਦਰ ਦੀ ਮੋਦੀ ਸਰਕਾਰ ਨੇ ਸਾਲ 2020 ’ਚ ਨਵੀਂ ਸਿੱਖਿਆ ਪਾਲਿਸੀ ਜਾਰੀ ਕੀਤੀ ਸੀ, ਜਿਸ ਵਿੱਚ 5+3+3+4 ਵਾਲੀ ਪ੍ਰਣਾਲੀ ਰੱਖੀ ਹੈ। ਮੌਜੂਦਾ ਸਮੇਂ ਪੰਜਾਬ ’ਚ 10+2 ਵਾਲਾ ਪੈਟਰਨ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਭਾਜਪਾ ਲੀਡਰ ਅਤੇ ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਰਜਿਸਟਰਾਰ ਜਸਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਨਵੀਂ ਸਿੱਖਿਆ ਪਾਲਿਸੀ ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ’ਚ ਲਾਗੂ ਹੋ ਚੁੱਕੀ ਹੈ ਅਤੇ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਇਸ ਨੂੰ ਪੰਜਾਬ ਵਿਚ ਵੀ ਲਾਗੂ ਕਰਾਂਗੇ।
ਜਾਖੜ ਨੂੰ ਮੁੱਖ ਮੰਤਰੀ ਨਾ ਬਣਾ ਕੇ ਕਾਂਗਰਸ ਨੇ ਹਿੰਦੂ ਭਾਈਚਾਰੇ ਦਾ ਅਪਮਾਨ ਕੀਤਾ : ਬਿਕਰਮ ਮਜੀਠੀਆ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਵਲੋਂ ਅੱਜ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ’ਚ ਉਨ੍ਹਾਂ ਨੇ ਕਾਂਗਰਸ ਸਰਕਾਰ ਨੂੰ ਲਪੇਟੇ ’ਚ ਲਿਆ।ਬੀਤੇ ਦਿਨੀਂ ਸੁਨੀਲ ਜਾਖੜ ਵੱਲੋਂ ਦਿੱਤੇ ਬਿਆਨ 'ਤੇ ਕਾਂਗਰਸ ਨੂੰ ਘੇਰਦਿਆਂ ਮਜੀਠੀਆ ਨੇ ਕਿਹਾ ਕਿ ਜਾਖੜ ਨੂੰ ਮੁੱਖ ਮੰਤਰੀ ਨਾ ਬਣਾ ਕੇ ਕਾਂਗਰਸ ਪਾਰਟੀ ਨੇ ਹਿੰਦੂ ਭਾਈਚਾਰੇ ਦਾ ਅਪਮਾਨ ਕੀਤਾ ਹੈ। ਕਾਂਗਰਸ ਨੇ 42 ਵੋਟਾਂ ਵਾਲੇ ਸ਼ਖ਼ਸ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਇਆ, ਕਿਉਂਕਿ ਉਹ ਹਿੰਦੂ ਧਰਮ ਨਾਲ ਸਬੰਧ ਰੱਖਦਾ ਹੈ। ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੇ ਅਜਿਹਾ ਫ਼ੈਸਲਾ ਕਰਕੇ ਸਹੀ ਨਹੀਂ ਕੀਤਾ।
ਇਕ ਮੌਕਾ ਮੰਗਣ ਵਾਲੇ ਬਿਆਨ 'ਤੇ ਸੁਖਬੀਰ ਬਾਦਲ ਨੇ ਘੇਰੀ 'ਆਪ', ਕੇਜਰੀਵਾਲ 'ਤੇ ਵਿੰਨ੍ਹਿਆ ਤਿੱਖਾ ਨਿਸ਼ਾਨਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੀਤੇ ਜਾ ਰਹੇ ਸਬੰਧੋਨ ’ਚ ਵਿਰੋਧੀ ਪਾਰਟੀਆਂ ’ਤੇ ਕਈ ਨਿਸ਼ਾਨੇ ਵਿੰਨ੍ਹੇ। ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੇ ਲੋਕਾਂ ਤੋਂ ਇਕ ਮੌਕਾ ਮੰਗਣ ਦੇ ਬਿਆਨ ’ਤੇ ਸੁਖਬੀਰ ਬਾਦਲ ਨੇ ਕਿਹਾ ਕਿ ਜੋ ਪਿਛਲੇ ਪੰਜ ਸਾਲ ਪੰਜਾਬ ’ਚ ਨਹੀਂ ਆਇਆ, ਉਸ ਨੂੰ ਲੋਕ ਇਕ ਮੌਕਾ ਕਿਉਂ ਦੇਣ। ਕੇਜਰੀਵਾਲ ਨੂੰ ਪੰਜਾਬ ਦੇ ਬਾਰੇ ਕੁਝ ਪਤਾ ਨਹੀਂ। ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਪੰਜਾਬ ਦੇ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਹੋਈਆਂ ਅਤੇ ਨਰਮੇ ਨੂੰ ਸੁੰਢੀ ਪਈ, ਉਦੋਂ ਕੇਜਰੀਵਾਲ ਪੰਜਾਬ ਨਹੀਂ ਆਇਆ।