ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ 5 ਵੱਡੀਆਂ ਖ਼ਬਰਾਂ

Sunday, Jan 30, 2022 - 08:24 PM (IST)

ਜਲੰਧਰ : ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਵੱਡੇ ਪੱਧਰ 'ਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਆਪੋ-ਆਪਣੇ ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਜਾ ਰਹੇ ਹਨ। ਦਲ ਬਦਲੀ ਦਾ ਸਿਲਸਿਲਾ ਵੀ ਜਾਰੀ ਹੈ। ਅਕਾਲੀ-ਬਸਪਾ, ਭਾਜਪਾ, ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਗਠਜੋੜ ਵੱਲੋਂ ਵੀ ਆਪਣੇ ਕਈ ਉਮੀਦਵਾਰ ਚੋਣ ਅਖਾੜੇ 'ਚ ਉਤਾਰ ਦਿੱਤੇ ਗਏ ਹਨ। ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ 5 ਪ੍ਰਮੁੱਖ ਖ਼ਬਰਾਂ-

ਕਾਂਗਰਸ ਵੱਲੋਂ ਉਮੀਦਵਾਰਾਂ ਦੀ ਆਖਰੀ ਸੂਚੀ ਜਾਰੀ, ਦੋ ਸੀਟਾਂ ਤੋਂ ਚੋਣ ਲੜਨਗੇ CM ਚੰਨੀ

ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਨੇ ਅੱਜ ਉਮੀਦਵਾਰਾਂ ਦੀ ਆਖਰੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਤਹਿਤ ਕਾਂਗਰਸ ਕਮੇਟੀ ਵੱਲੋਂ ਰਹਿੰਦੇ 8 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭਦੌੜ ਤੋਂ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ, ਇਸ ਤਰ੍ਹਾਂ ਮੁੱਖ ਮੰਤਰੀ ਚੰਨੀ ਹੁਣ ਸ੍ਰੀ ਚਮਕੌਰ ਸਾਹਿਬ ਦੇ ਨਾਲ-ਨਾਲ ਭਦੌੜ ਤੋਂ ਵੀ ਚੋਣ ਲੜਨਗੇ। ਜਾਰੀ ਲਿਸਟ ਅਨੁਸਾਰ ਅਟਾਰੀ (ਐੱਸ. ਸੀ.) ਤੋਂ ਤਰਸੇਮ ਸਿੰਘ ਸਿਆਲਕਾ, ਖੇਮਕਰਨ ਤੋਂ ਸੁਖਪਾਲ ਸਿੰਘ ਭੁੱਲਰ, ਨਵਾਂਸ਼ਹਿਰ ਤੋਂ ਸਤਬੀਰ ਸਿੰਘ ਸੈਣੀ ਬਾਲੀਚਿੱਕੀ, ਲੁਧਿਆਣਾ ਦੱਖਣੀ ਤੋਂ ਈਸ਼ਵਰਜੋਤ ਸਿੰਘ ਚੀਮਾ, ਜਲਾਲਾਬਾਦ ਤੋਂ ਮੋਹਨ ਸਿੰਘ ਫਲੀਆਂਵਾਲਾ, ਭਦੌੜ (ਐੱਸ. ਸੀ.) ਤੋਂ ਚਰਨਜੀਤ ਸਿੰਘ ਚੰਨੀ, ਬਰਨਾਲਾ ਤੋਂ ਮਨੀਸ਼ ਬਾਂਸਲ, ਪਟਿਆਲਾ ਤੋਂ ਵਿਸ਼ਨੂੰ ਸ਼ਰਮਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਨਵਾਂਸ਼ਹਿਰ ਤੋਂ ਮੌਜੂਦਾ ਵਿਧਾਇਕ ਅੰਗਦ ਸਿੰਘ ਸੈਣੀ ਦੀ ਟਿਕਟ ਕੱਟ ਦਿੱਤੀ ਗਈ ਹੈ। ਇਸ ਤਰ੍ਹਾਂ ਕਾਂਗਰਸ ਪਾਰਟੀ ਨੇ ਸਾਰੇ 117 ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

ਕੇਜਰੀਵਾਲ ਦਾ ਵੱਡਾ ਐਲਾਨ, ਸਰਕਾਰ ਬਣਨ ’ਤੇ ਪੰਜਾਬ ਦੇ ਸਰਕਾਰੀ ਦਫ਼ਤਰਾਂ ’ਚ ਨਹੀਂ ਲੱਗੇਗੀ CM ਦੀ ਤਸਵੀਰ

ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਪੰਜਾਬ ਵਿਚ ਕਿਸੇ ਵੀ ਸਰਕਾਰੀ ਦਫ਼ਤਰ ’ਚ ਮੁੱਖ ਮੰਤਰੀ ਦੀ ਤਸਵੀਰ ਨਹੀਂ ਲਗਾਈ ਜਾਵੇਗੀ। ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸ਼ਹੀਦ-ਭਗਤ-ਸਿੰਘ ਅਤੇ ਬਾਬਾ ਸਾਹਿਬ ਡਾ. ਅੰਬੇਦਕਰ ਸਾਹਿਬ ਦਾ ਦੇਸ਼ ਦੀ ਆਜ਼ਾਦੀ ’ਚ ਵੱਡਾ ਯੋਗਦਾਨ ਰਿਹਾ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਨੇ 23 ਸਾਲ ਦੀ ਉਮਰ ’ਚ ਦੇਸ਼ ਦੇ ਨਾਂ ਆਪਣੀ ਜਾਨ ਨੂੰ ਕੁਰਬਾਨ ਕਰ ਦਿੱਤਾ ਸੀ। ਹੌਲੀ-ਹੌਲੀ ਲੋਕ ਦੇਸ਼ ਭਗਤਾਂ ਦੀ ਕੁਰਬਾਨੀ ਨੂੰ ਭੁੱਲਦੇ ਜਾ ਰਹੇ ਹਨ।

ਨਵਜੋਤ ਸਿੱਧੂ ਦਾ ਦਾਅਵਾ, ਵਾਅਦੇ ਪੂਰੇ ਨਾ ਹੋਏ ਤਾਂ ਛੱਡ ਦੇਵਾਂਗਾ ਸਿਆਸਤ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਜੇਕਰ ਉਨ੍ਹਾਂ ਵਲੋਂ ਕੀਤੇ ਵਾਅਦੇ ਪੂਰੇ ਨਾ ਹੋਏ ਤਾਂ ਉਹ ਸਿਆਸਤ ਛੱਡ ਦੇਣਗੇ। ਅੰਮ੍ਰਿਤਸਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਧਾਨਗੀ ਨੂੰ ਅਜੇ ਮਹਿਜ਼ 3-4 ਮਹੀਨੇ ਹੀ ਹੋਏ ਹਨ। ਅਜੇ ਤਾਂ ਸਿਰਫ ਟਰੇਲਰ ਦਿਖਾਇਆ ਹੈ, ਫਿਲਮ ਤਾਂ ਅਜੇ ਬਾਕੀ ਹੈ। ਕਾਂਗਰਸ ਵਿਚ ਚੱਲ ਰਹੀ ਧੜੇਬੰਦੀ ਦੇ ਸਵਾਲ ’ਤੇ ਸਿੱਧੂ ਨੇ ਕਿਹਾ ਕਿ ਕਾਂਗਰਸ ਨੂੰ ਪੂਰੀ ਦੁਨੀਆ ਵਿਚ ਕੋਈ ਨਹੀਂ। 

ਸਾਬਕਾ ਵਿਧਾਇਕ ਜੱਸੀ ਖੰਗੂੜਾ ਨੇ ਕਾਂਗਰਸ ’ਚੋਂ ਦਿੱਤਾ ਅਸਤੀਫ਼ਾ

ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਪੈਦਾ ਹੋਇਆ ਅੰਦਰੂਨੀ ਵਿਦਰੋਹ ਠੱਲ੍ਹਣ ਦਾ ਨਾਂ ਨਹੀਂ ਲੈ ਰਿਹਾ ਹੈ। ਟਿਕਟ ਨਾ ਮਿਲਣ ਕਾਰਣ ਆਗੂਆਂ ਵੱਲੋਂ ਪਾਰਟੀ ਛੱਡਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਹਲਕਾ ਕਿਲ੍ਹਾ ਰਾਏਪੁਰ ਤੋਂ ਸਾਬਕਾ ਵਿਧਾਇਕ ਅਤੇ ਸੀਨੀਅਰ ਆਗੂ ਜੱਸੀ ਖੰਗੂੜਾ ਨੇ ਪਾਰਟੀ ’ਚੋਂ ਅਸਤੀਫ਼ਾ ਦੇ ਦਿੱਤਾ ਹੈ। ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜੇ ਅਸਤੀਫ਼ੇ ਵਿਚ ਜੱਸੀ ਖੰਗੂੜਾ ਨੇ ਲਿਖਿਆ ਕਿ ਉਹ ਦੁਖੀ ਮਨ ਨਾਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਹੇ ਹਨ।

ਬਰਨਾਲਾ ਪੁੱਜੇ ਸੁਖਬੀਰ ਬਾਦਲ ਨੇ ਕੇਜਰੀਵਾਲ 'ਤੇ ਲਾਏ ਰਗੜੇ, ਕਹੀਆਂ ਇਹ ਗੱਲਾਂ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਰਨਾਲਾ ਵਿਖੇ ਅਕਾਲੀ ਉਮੀਦਵਾਰ ਕੁਲਵੰਤ ਸਿੰਘ ਸਿੱਧੂ ਦੇ ਹੱਕ 'ਚ ਪ੍ਰਚਾਰ ਕਰਨ ਲਈ ਪਹੁੰਚੇ। ਇਸ ਮੌਕੇ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਆਪਣੀ ਪਾਰਟੀ ਹੈ ਅਤੇ ਬਹੁਤ ਪੁਰਾਣੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਸਿਰਫ ਅਕਾਲੀ ਦਲ ਹੀ ਪੰਜਾਬ ਨੂੰ ਬਚਾ ਸਕਦੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਇਸ ਵਾਰ ਵਿਧਾਨ ਸਭਾ ਚੋਣਾਂ ਦੌਰਾਨ ਬਹੁਤ ਪਾਰਟੀਆਂ ਚੋਣ ਮੈਦਾਨ 'ਚ ਹਨ ਪਰ ਇਹ ਦੇਖਣ ਦੀ ਲੋੜ ਹੈ ਕਿ ਪੰਜਾਬ ਲਈ ਕਿਹੜੀ ਪਾਰਟੀ ਆਵਾਜ਼ ਉਠਾਉਂਦੀ ਹੈ।


Karan Kumar

Content Editor

Related News