ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

02/14/2022 9:14:36 PM

ਜਲੰਧਰ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਾ ਹੈ। ਅੱਜ ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਲੰਧਰ 'ਚ ਲੋਕਾਂ ਨੂੰ ਸੰਬੋਧਨ ਕੀਤਾ ਗਿਆ, ਉਥੇ ਮੁੱਖ ਮੰਤਰੀ ਚੰਨੀ ਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਵੀ ਥਾਂ-ਥਾਂ ਜਨ ਸਭਾਵਾਂ ਕੀਤੀਆਂ ਗਈਆਂ। ਅਜਿਹੀਆਂ ਹੀ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਪ੍ਰਮੁੱਖ ਖ਼ਬਰਾਂ :

CM ਚੰਨੀ ਦਾ ਹੈਲੀਕਾਪਟਰ ਰੋਕੇ ਜਾਣ ’ਤੇ PM ਨਰਿੰਦਰ ਮੋਦੀ ਨੇ ਦਿੱਤਾ ਵੱਡਾ ਬਿਆਨ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਨੂੰ ਲੈ ਕੇ ਸਿਆਸੀ ਵਿਵਾਦ ਸ਼ੁਰੂ ਹੋ ਗਿਆ ਹੈ। ਇਸ ਵਾਰ ਇਹ ਵਿਵਾਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੈਲੀਕਾਪਟਰ ਨੂੰ ਲੈ ਕੇ ਹੈ। ਦਰਅਸਲ ਮੁੱਖ ਮੰਤਰੀ ਚੰਨੀ ਨੂੰ ਪਹਿਲਾਂ ਅੱਜ ਚੰਡੀਗੜ੍ਹ ਅਤੇ ਫਿਰ ਸੁਜਾਨਪੁਰ ’ਚ ਰੋਕਿਆ ਗਿਆ ਸੀ। ਇਸ ਦੇ ਬਾਅਦ ਸੀ. ਐੱਮ. ਚੰਨੀ ਭੜਕ ਗਏ ਸਨ ਅਤੇ ਉਨ੍ਹਾਂ ਕਿਹਾ ਸੀ ਕਿ ਸਿਆਸੀ ਵਜ੍ਹਾ ਕਰਕੇ ਮੈਨੂੰ ਪ੍ਰਚਾਰ ਨਹੀਂ ਕਰਨ ਦਿੱਤਾ ਜਾ ਰਿਹਾ ਹੈ। ਮੈਂ ਸੂਬੇ ਦਾ ਮੁੱਖ ਮੰਤਰੀ ਹਾਂ, ਕੋਈ ਅੱਤਵਾਦੀ ਨਹੀਂ। 

CM ਚੰਨੀ ਦੇ ਚੌਪਰ ਨੂੰ ਉੱਡਣ ਦੀ ਨਹੀਂ ਮਿਲੀ ਮਨਜ਼ੂਰੀ, ਜਾਣੋ ਕੀ ਰਿਹਾ ਕਾਰਨ

ਇੱਥੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਚੌਪਰ ਨੂੰ ਉੱਡਣ ਦੀ ਮਨਜ਼ਰੂੀ ਨਹੀਂ ਮਿਲ ਸਕੀ ਹੈ। ਇਸ ਦੇ ਮੱਦੇਨਜ਼ਰ ਮੁੱਖ ਮੰਤਰੀ ਚੰਨੀ ਕਰੀਬ ਇਕ ਘੰਟਾ ਹੈਲੀਪੇਡ 'ਤੇ ਫਸੇ ਰਹੇ। ਦੱਸਣਯੋਗ ਹੈ ਕਿ ਅੱਜ ਹੁਸ਼ਿਆਰਪੁਰ 'ਚ ਰਾਹੁਲ ਗਾਂਧੀ ਦੀ ਰੈਲੀ ਹੈ, ਜਿੱਥੇ ਮੁੱਖ ਮੰਤਰੀ ਚੰਨੀ ਨੇ ਵੀ ਪੁੱਜਣਾ ਸੀ ਪਰ ਉਨ੍ਹਾਂ ਦਾ ਚੌਪਰ ਉੱਡ ਨਹੀਂ ਸਕਿਆ।

ਕੇਜਰੀਵਾਲ ਨੇ ਲਪੇਟੇ ’ਚ ਲਈਆਂ ਵਿਰੋਧੀ ਪਾਰਟੀਆਂ, CM ਚੰਨੀ ਨੂੰ ਦਿੱਤੀ ਆਰਾਮ ਕਰਨ ਦੀ ਸਲਾਹ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਵਿਰੋਧੀ ਪਾਰਟੀਆਂ ’ਤੇ ਕਈ ਨਿਸ਼ਾਨੇ ਸਾਧੇ ਹਨ। ਕੇਜਰੀਵਾਲ ਨੇ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਆਪਸ ’ਚ ਮਿਲ ਕੇ ਉਨ੍ਹਾਂ ਖ਼ਿਲਾਫ਼ ਲੜ ਰਹੀਆਂ ਹਨ। ਵਿਰੋਧੀ ਪਾਰਟੀਆਂ ਪਿਛਲੇ ਕਈ ਦਿਨਾਂ ਤੋਂ ਮੈਨੂੰ ਅਤੇ ਭਗਵੰਤ ਮਾਨ ਨੂੰ ਲਗਾਤਾਰ ਗਾਲ੍ਹਾਂ ਕੱਢ ਰਹੀਆਂ ਹਨ। ਅਮਿਤ ਸ਼ਾਹ ਅਤੇ ਪ੍ਰਿਯੰਕਾ ਗਾਂਧੀ ਵੀ ਹੁਣ ਉਨ੍ਹਾਂ ਨੂੰ ਗਾਲ੍ਹਾਂ ਕੱਢ ਰਹੇ ਹਨ। ਉਕਤ ਸਾਰੀਆਂ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਨਹੀਂ ਸਗੋਂ ਪੰਜਾਬ ਨੂੰ ਹਰਾਉਣਾ ਚਾਹੁੰਦੀਆਂ ਹਨ। 

ਸੁਖਬੀਰ ਬਾਦਲ ਵੱਲੋਂ ਬੁਢਾਪਾ ਪੈਨਸ਼ਨ 3100 ਰੁਪਏ ਕਰਨ ਦਾ ਐਲਾਨ, 80 ਤੋਂ ਵੱਧ ਸੀਟਾਂ ਜਿੱਤਣ ਦਾ ਦਾਅਵਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਇਸ ਵਾਰ ਵਿਧਾਨ ਸਭਾ ਦੀਆਂ ਚੋਣਾਂ ’ਚ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ 80 ਤੋਂ ਵੱਧ ਸੀਟਾਂ ’ਤੇ ਜਿੱਤ ਦਰਜ ਕਰੇਗਾ। ਮਹਿਲ ਕਲਾਂ ਵਿਖੇ ਆਪਣੇ ਸੰਬੋਧਨ ’ਚ ਜਿੱਥੇ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ’ਤੇ ਵੱਡੇ ਸ਼ਬਦੀ ਹਮਲੇ ਕੀਤੇ, ਉਥੇ ਹੀ ਆਮ ਆਦਮੀ ਪਾਰਟੀ ’ਤੇ ਵੀ ਨਿਸ਼ਾਨੇ ਸਾਧੇ। ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਪਰ ‘ਆਪ’ ਪਾਰਟੀ ਨੂੰ ਮਾਝਾ ਅਤੇ ਦੋਆਬਾ ’ਚ ਇਕ ਵੀ ਸੀਟ ਨਹੀਂ ਮਿਲੇਗੀ।

ਹੁਸ਼ਿਆਰਪੁਰ 'ਚ ਰੈਲੀ ਦੌਰਾਨ ਬੋਲੇ ਰਾਹੁਲ ਗਾਂਧੀ- ਮੋਦੀ ਸਰਕਾਰ ਕਾਰਨ ਦੇਸ਼ 'ਚ ਵਧ ਰਹੀ ਬੇਰੁਜ਼ਗਾਰੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਯਾਨੀ ਸੋਮਵਾਰ ਨੂੰ ਪੰਜਾਬ ਦੌਰੇ 'ਤੇ ਹੁਸ਼ਿਆਰਪੁਰ ਆਏ ਹੋਏ ਹਨ। ਇੱਥੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਪੰਜਾਬ ਦੀਆਂ ਚੋਣਾਂ ਬਹੁਤ ਅਹਿਮ ਹਨ। ਕੁਝ ਮਹੀਨੇ ਪਹਿਲਾਂ ਚੰਨੀ ਜੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ।'' ਰਾਹੁਲ ਨੇ ਕਿਹਾ ਕਿ ਚਰਨਜੀਤ ਚੰਨੀ ਜੀ ਗਰੀਬ ਘਰ ਦੇ ਬੇਟੇ ਹਨ। ਉਹ ਡੂੰਘਾਈ ਨਾਲ ਗਰੀਬੀ ਨੂੰ ਸਮਝਦੇ ਹਨ। ਉਹ ਪੰਜਾਬ 'ਚ ਰਸੂਖਦਾਰਾਂ ਦੀ ਸਰਕਾਰ ਨਹੀਂ ਚਲਾਉਣਗੇ। ਪੰਜਾਬ 'ਚ ਕਿਸਾਨਾਂ, ਗਰੀਬਾਂ, ਮਜ਼ਦੂਰਾਂ ਦੀ ਸਰਕਾਰ ਚਲਾਉਣਗੇ। ਨੋਟਬੰਦੀ ਦੇ ਬਾਅਦ ਤੋਂ ਦੇਸ਼ ਦੀ ਬੁਰੀ ਹਾਲਤ ਸ਼ੁਰੂ ਹੋਈ।

ਜਲੰਧਰ: ਪੀ. ਐੱਮ. ਮੋਦੀ ਨੇ ਚੋਣ ਰੈਲੀ ’ਚ ਦਿੱਤਾ ਨਾਅਰਾ- ਨਵਾਂ ਪੰਜਾਬ, ਨਵੀਂ ਟੀਮ ਦੇ ਨਾਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਸੋਮਵਾਰ ਨੂੰ ਚੁਣਾਵੀ ਰੈਲੀ ਨੂੰ ਸੰਬੋਧਿਤ ਕਰਨ ਲਈ ਜਲੰਧਰ ਵਿਖੇ ਪੀ. ਏ. ਪੀ. ਦੀ ਗਰਾਊਂਡ ਪਹੁੰਚੇ ਹਨ। ਆਪਣੀ ਰੈਲੀ ਦੀ ਸ਼ੁਰੂਆਤ ਉਨ੍ਹਾਂ ਨੇ ਫਤਿਹ ਬੁਲਾ ਕੇ ਕੀਤੀ। ਉਨ੍ਹਾਂ ਕਿਹਾ ਕਿ ਅੱਜ ਮੈਨੂੰ ਇੱਥੇ ਆ ਕੇ ਬਹੁਤ ਖੁਸ਼ੀ ਹੋ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ‘ਪੰਜਾਬ ਕੇਸਰੀ’ ਦਾ ਜ਼ਿਕਰ ਕੀਤਾ।

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਭਾਜਪਾ 'ਚ ਸ਼ਾਮਲ

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਜ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਭਾਜਪਾ 'ਚ ਸ਼ਾਮਲ ਹੋ ਗਏ। ਇਸ ਤੋਂ ਪਹਿਲਾਂ ਕਈ ਫਿਲਮੀ ਕਲਾਕਾਰ, ਅਦਾਕਾਰ ਤੇ ਸਿਆਸੀ ਲੀਡਰ ਲਗਾਤਾਰ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ। ਮਨੀਸ਼ਾ ਗੁਲਾਟੀ ਉਦੋਂ ਸੁਰਖੀਆਂ 'ਚ ਆਏ ਸਨ, ਜਦੋਂ ਮੁੱਖ ਮੰਤਰੀ ਚੰਨੀ 'ਤੇ Me Too ਦਾ ਆਰੋਪ ਲੱਗਾ ਸੀ। ਉਸ ਵੇਲੇ ਚੰਨੀ ਤਕਨੀਕੀ ਸਿੱਖਿਆ ਮੰਤਰੀ ਸਨ।

ਵੱਡੀ ਖ਼ਬਰ: PM ਮੋਦੀ ਦੀ ਰੈਲੀ ਕਾਰਨ ਸੁਜਾਨਪੁਰ ’ਚ ਮੁੜ ਰੋਕਿਆ ਗਿਆ CM ਚੰਨੀ ਦਾ ਹੈਲੀਕਾਪਟਰ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੈਲੀਕਾਪਟਰ ਨੂੰ ਹੁਸ਼ਿਆਰਪੁਰ ਤੋਂ ਬਾਅਦ ਹੁਣ ਸੁਜਾਨਪੁਰ ਤੋਂ ਵੀ ਮੁੜ ਉਡਾਉਣ ਦੀ ਮਨਜ਼ਰੂੀ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਮੁੱਖ ਮੰਤਰੀ ਬਹੁਤ ਪਰੇਸ਼ਾਨ ਹੋ ਰਹੇ ਹਨ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਦੀ ਅੱਜ ਜਲੰਧਰ ’ਚ ਰੈਲੀ ਸੀ, ਜਿਸ ਕਾਰਨ ਨੋ ਫਲਾਈ ਜ਼ੋਨ ਦੇ ਚੱਲਦਿਆਂ ਮੁੱਖ ਮੰਤਰੀ ਦੇ ਹੈਲੀਕਾਪਟਰ ਨੂੰ ਉਡਾਉਣ ਦੀ ਪ੍ਰਸ਼ਾਸਨ ਵਲੋਂ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ।

ਅਕਾਲੀ-ਕਾਂਗਰਸੀ ਪਿਛਲੇ 50 ਸਾਲਾਂ ਤੋਂ ਮਿਲ ਕੇ ਪੰਜਾਬ ਨੂੰ ਲੁੱਟ ਰਹੇ ਨੇ : ਭਗਵੰਤ ਮਾਨ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ। ਮਾਨ ਇਕ ਦਿਨ ’ਚ ਪੰਜ-ਛੇ ਹਲਕਿਆਂ ਨੂੰ ਕਵਰ ਕਰ ਰਹੇ ਹਨ ਅਤੇ ਲੋਕਾਂ ’ਚ ਆਮ ਆਦਮੀ ਪਾਰਟੀ ਦੀ ਲੋਕਪ੍ਰਿਅਤਾ ਵਧਾ ਰਹੇ ਹਨ। ਸੋਮਵਾਰ ਨੂੰ ਮਾਨ ਨੇ ਨਵਾਂਸ਼ਹਿਰ ਵਿਧਾਨ ਸਭਾ ਹਲਕੇ ਤੋਂ 'ਆਪ' ਉਮੀਦਵਾਰ ਬੱਲੂ ਪਾਠਕ ਅਤੇ ਬੰਗਾ ਤੋਂ ਕੁਲਜੀਤ ਸਰਹਲ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਝਾੜੂ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਅਪੀਲ ਕੀਤੀ।


Harnek Seechewal

Content Editor

Related News