ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

Friday, Feb 11, 2022 - 09:10 PM (IST)

ਜਲੰਧਰ : ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਤਿਉਂ ਤਿਉਂ ਚੋਣ ਅਖਾੜਾ ਵੀ ਭਖ਼ਦਾ ਜਾ ਰਿਹਾ ਹੈ। ਸਿਆਸੀ ਪਾਰਟੀਆਂ ਚੋਣ ਪ੍ਰਚਾਰ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ। ਚੋਣਾਂ ’ਚ ਥੋੜ੍ਹਾ ਸਮਾਂ ਰਹਿੰਦਿਆਂ ਦਲ-ਬਦਲੀ ਦੀ ਸਿਆਸਤ ਵੀ ਜਾਰੀ ਹੈ। ਅੱਜ ਜਿਥੇ ਰੋਡ ਸ਼ੋਅ ਦੌਰਾਨ 'ਆਪ' ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਨਾਲ ਘਟਨਾ ਵਾਪਰ ਗਈ, ਉਥੇ ਕਾਂਗਰਸੀ ਵਿਧਾਇਕ ਬਲਵਿੰਦਰ ਲਾਡੀ ਮੁੜ ਭਾਜਪਾ ’ਚ ਸ਼ਾਮਲ ਹੋ ਗਏ। ਇਸੇ ਤਰ੍ਹਾਂ ਦੀਆਂ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਪ੍ਰਮੁੱਖ ਖ਼ਬਰਾਂ :

ਕਾਂਗਰਸ ਨੂੰ ਝਟਕਾ, ਵਿਧਾਇਕ ਬਲਵਿੰਦਰ ਲਾਡੀ ਮੁੜ ਭਾਜਪਾ ’ਚ ਹੋਏ ਸ਼ਾਮਲ (ਵੀਡੀਓ)

ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਤਿਉਂ ਤਿਉਂ ਚੋਣ ਅਖਾੜਾ ਵੀ ਭਖ਼ਦਾ ਜਾ ਰਿਹਾ ਹੈ। ਸਿਆਸੀ ਪਾਰਟੀਆਂ ਚੋਣ ਪ੍ਰਚਾਰ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ। ਚੋਣਾਂ ’ਚ ਥੋੜ੍ਹਾ ਸਮਾਂ ਰਹਿੰਦਿਆਂ ਦਲ-ਬਦਲੀ ਦੀ ਸਿਆਸਤ ਵੀ ਜਾਰੀ ਹੈ। ਇਸੇ ਦਰਮਿਆਨ ਸ੍ਰੀ ਹਰਗੋਬਿੰਦਪੁਰ ਤੋਂ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਮੁੜ ਭਾਜਪਾ ’ਚ ਸ਼ਾਮਲ ਹੋ ਗਏ ਹਨ। ਬਲਵਿੰਦਰ ਲਾਡੀ ਭਾਜਪਾ ਦੇ ਸਕੱਤਰ ਤਰੁਣ ਚੁੱਘ ਦੀ ਹਾਜ਼ਰੀ ’ਚ ਪਾਰਟੀ ’ਚ ਸ਼ਾਮਿਲ ਹੋਏ। ਇਸ ਦੌਰਾਨ ਉਨ੍ਹਾਂ ਦੇ ਨਾਲ ਬਟਾਲਾ ਤੋਂ ਭਾਜਪਾ ਦੇ ਉਮੀਦਵਾਰ ਫਤਹਿਜੰਗ ਸਿੰਘ ਬਾਜਵਾ ਵੀ ਹਾਜ਼ਰ ਸਨ।

ਪੰਜਾਬ ਚੋਣਾਂ 'ਚ ਦਿੱਲੀ ਤੋਂ ਬਾਅਦ ਹਰਿਆਣਾ ਤੇ ਹਿਮਾਚਲ ਦੇ ਮੁੱਖ ਮੰਤਰੀਆਂ ਦੀ ਐਂਟਰੀ

ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਚਾਰ ਲਈ ਜਿੱਥੇ ਰਾਸ਼ਟਰੀ ਆਗੂਆਂ 'ਚੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਪਹੁੰਚ ਰਹੇ ਹਨ, ਉੱਥੇ ਹੀ ਕੇਂਦਰੀ ਮੰਤਰੀ ਰਾਜਨਾਥ ਸਿੰਘ, ਸਮ੍ਰਿਤੀ ਇਰਾਨੀ, ਹਰਦੀਪ ਸਿੰਘ ਪੁਰੀ, ਗਜੇਂਦਰ ਸਿੰਘ ਸ਼ੇਖਾਵਤ ਅਤੇ ਮੀਨਾਕਸ਼ੀ ਲੇਖੀ ਇੱਥੇ ਆ ਚੁੱਕੇ ਹਨ।

CM ਚੰਨੀ ਦਾ ਸ਼ਬਦੀ ਹਮਲਾ, ਕਿਹਾ-12ਵੀਂ ’ਚ 3 ਸਾਲ ਲਗਾਉਣ ਵਾਲਾ 'ਭਗਵੰਤ ਮਾਨ' ਰਬੜ ਦੀ ਸਟੈਂਪ

ਬਾਬਾ ਬਕਾਲਾ ਹਲਕੇ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ’ਤੇ ਕਈ ਨਿਸ਼ਾਨੇ ਵਿੰਨ੍ਹੇ ਹਨ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਰਬੜ ਦਾ ਸਟੈਂਪ ਹੈ। ਇਸ ਕੋਲ ਬਹੁਤ ਜ਼ਾਇਦਾਦ ਹੈ। ਲੋਕਾਂ ਨੂੰ ਸਬੰਧੋਨ ਕਰਦੇ ਹੋਏ ਮੁੱਖ ਮੰਤਰੀ ਚੰਨੀ ਨੇ ਭਗਵੰਤ ਮਾਨ ਦੀ ਸਿੱਖਿਆ ਨੂੰ ਲੈ ਕੇ ਕਈ ਸਵਾਲ ਚੁੱਕੇ ਹਨ। ਚੰਨੀ ਨੇ ਕਿਹਾ ਕਿ ਭਗਵੰਤ ਮਾਨ ਨੇ 12ਵੀਂ ’ਚ 3 ਸਾਲ ਲਾਏ ਹਨ ਅਤੇ ਉਹ ਅਨਪੜ੍ਹ ਬੰਦਾ ਹੈ। ਅਜਿਹੇ ਬੰਦੇ ਪੰਜਾਬ ਦਾ ਭਵਿੱਖ ਨਹੀਂ ਬਣਾ ਸਕਦੇ। 

ਸੁਨੀਲ ਜਾਖੜ ਨੇ 'ਭਾਜਪਾ' 'ਤੇ ਲਾਏ ਰਗੜੇ, ਕੈਪਟਨ ਦੀ ਪਾਰਟੀ 'ਤੇ ਵੀ ਚੁੱਕੇ ਸਵਾਲ

ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਕਾਂਗਰਸ ਭਵਨ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਏ. ਆਈ. ਸੀ. ਸੀ. ਮੀਡੀਆ ਇੰਚਾਰਜ ਪਵਨ ਖੇੜਾ ਵੀ ਮੌਜੂਦ ਸਨ। ਇਸ ਦੌਰਾਨ ਸੁਨੀਲ ਜਾਖੜ ਨੇ ਭਾਜਪਾ 'ਤੇ ਰਗੜੇ ਲਾਉਂਦੇ ਹੋਏ ਕਿਹਾ ਕਿ ਭਾਜਪਾ ਦੇ ਗਠਜੋੜ ਵਾਲੀਆਂ ਪਾਰਟੀਆਂ 'ਚੋਂ ਭਾਵੇਂ ਕਿਸੇ ਵੀ ਪਾਰਟੀ ਦਾ ਬਟਨ ਨੱਪ ਦਿਓ, ਵੋਟਾਂ ਭਾਜਪਾ ਨੂੰ ਹੀ ਪੈਣਗੀਆਂ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਜਿਹੜਾ ਵਰਤਾਓ ਕੀਤਾ ਹੈ, ਉਹ ਕਿਸੇ ਤੋਂ ਲੁਕਿਆ ਨਹੀਂ ਹੈ।

ਸੁਖਬੀਰ ਬਾਦਲ ਦਾ ਵੱਡਾ ਐਲਾਨ, ਸਰਕਾਰ ਆਉਣ ’ਤੇ ਫ਼ਸਲਾਂ ਦਾ ਪ੍ਰਤੀ ਏਕੜ 50 ਹਜ਼ਾਰ ਦਾ ਹੋਵੇਗਾ ਬੀਮਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਗੁਰੂਹਰਸਹਾਏ ਵਿਖੇ ਆਪਣੇ ਉਮਦੀਵਾਰ ਨੌਨੀ ਮਾਨ ਦੇ ਹੱਕ ’ਚ ਰੈਲੀ ਕੀਤੀ ਗਈ। ਇਸ ਦੌਰਾਨ ਜਿੱਥੇ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ’ਤੇ ਸ਼ਬਦੀ ਹਮਲੇ, ਉਥੇ ਹੀ ਅਰਵਿੰਦ ਕੇਜਰੀਵਾਲ ’ਤੇ ਵੀ ਤੰਜ ਕੱਸੇ। ਆਪਣੇ ਸੰਬੋਧਨ ਦੌਰਾਨ ਸੁਖਬੀਰ ਬਾਦਲ ਨੇ ਵੱਡੇ ਐਲਾਨ ਕਰਦੇ ਹੋਏ ਕਿਹਾ ਕਿ ਅਕਾਲੀ-ਬਸਪਾ ਦੀ ਸਰਕਾਰ ਆਉਣ ’ਤੇ ਪਹਿਲੇ ਮਹੀਨੇ ’ਚ ਹੀ ਗੁਰੂਹਰਸਹਾਏ ਵਿਖੇ ਕੁੜੀਆਂ ਦਾ ਕਾਲਜ ਖੋਲ੍ਹਣ ਦੀ ਮੰਗ ਪੂਰੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਾਦਲ ਸਾਬ੍ਹ ਜੇਕਰ ਕਿਸੇ ਦੀ ਫ਼ਸਲ ਖ਼ਰਾਬ ਹੁੰਦੀ ਸੀ ਤਾਂ ਬਾਦਲ ਸਾਬ੍ਹ ਉਸ ਦਾ ਮੁਆਵਜ਼ਾ ਦਿੰਦੇ ਸਨ ਪਰ ਕਾਂਗਰਸ ਸਰਕਾਰ ਨੇ ਪਿਛਲੇ 5 ਸਾਲਾਂ ’ਚ ਕੋਈ ਮੁਆਵਜ਼ਾ ਨਹੀਂ ਦਿੱਤਾ।

ਭਗਵੰਤ ਮਾਨ ਦੇ ਹੱਕ 'ਚ ਸੁਨੀਤਾ ਕੇਜਰੀਵਾਲ ਅਤੇ ਹਰਸ਼ਿਤਾ ਦਾ ਚੋਣ ਪ੍ਰਚਾਰ, ਕੀਤਾ ਵੱਡਾ ਦਾਅਵਾ (ਤਸਵੀਰਾਂ)

ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਐਲਾਨੇ ਗਏ ਭਗਵੰਤ ਮਾਨ ਲਈ ਪਾਰਟੀ ਸੁਪਰੀਮੋ ਕੇਜਰੀਵਾਲ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਅਤੇ ਧੀ ਹਰਸ਼ਿਤਾ ਕੇਜਰੀਵਾਲ ਵੱਲੋਂ ਧੂਰੀ ਵਿਖੇ ਅੱਜ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਸਿਰਫ ਭਗਵੰਤ ਮਾਨ ਹੀ ਅਜਿਹੇ ਸੰਸਦ ਮੈਂਬਰ ਹਨ, ਜੋ ਕਿ ਪਾਰਲੀਮੈਂਟ 'ਚ ਪੰਜਾਬ ਦੇ ਮੁੱਦੇ ਚੁੱਕਦੇ ਹਨ ਅਤੇ ਬੀਤੇ ਦਿਨੀਂ ਵੀ ਉਨ੍ਹਾਂ ਨੇ ਆਪਣਾ ਚੋਣ ਪ੍ਰਚਾਰ ਵਿਚਾਲੇ ਛੱਡ ਕੇ ਕਿਸਾਨਾਂ ਦੇ ਹੱਕ 'ਚ ਸੰਸਦ 'ਚ ਆਪਣੀ ਆਵਾਜ਼ ਬੁਲੰਦ ਕੀਤੀ ਸੀ। ਉਨ੍ਹਾਂ ਕਿਹਾ ਕਿ ਮੇਰੇ ਪਤੀ (ਕੇਜਰੀਵਾਲ) ਭਗਵੰਤ ਮਾਨ ਨੂੰ ਆਪਣਾ ਛੋਟਾ ਭਰਾ ਸਮਝਦੇ ਹਨ ਅਤੇ ਇਸ ਦੇ ਨਾਤੇ ਭਗਵੰਤ ਮਾਨ ਨਾਲ ਮੇਰਾ ਰਿਸ਼ਤਾ ਦਿਓਰ ਵਾਲਾ ਹੋਇਆ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਹਨ।


Harnek Seechewal

Content Editor

Related News