ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ

Wednesday, Mar 09, 2022 - 08:59 PM (IST)

ਜਲੰਧਰ : ਦੇਸ਼ ਦੇ 5 ਸੂਬਿਆਂ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਕੱਲ੍ਹ ਯਾਨੀ 10 ਮਾਰਚ ਨੂੰ ਐਲਾਨੇ ਜਾ ਰਹੇ ਹਨ, ਜਿਸ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਵੀ ਵੋਟਾਂ ਦੀ ਗਿਣਤੀ ਨੂੰ ਲੈ ਕੇ ਹਰੀ ਝੰਡੀ ਦੇ ਦਿੱਤੀ ਹੈ। ਕੱਲ੍ਹ 5 ਰਾਜਾਂ 'ਚ ਨਵੀਆਂ ਸਰਕਾਰਾਂ ਹੋਂਦ 'ਚ ਆਉਣਗੀਆਂ। ਇਨ੍ਹਾਂ ਨਤੀਜਿਆਂ ਦੀ ਹਰ ਦੇਸ਼ ਵਾਸੀ ਉਡੀਕ ਕਰ ਰਿਹਾ ਹੈ। ਜੇਕਰ ਗੱਲ ਰੂਸ-ਯੂਕ੍ਰੇਨ ਜੰਗ ਦੀ ਕਰੀਏ ਤਾਂ ਰੂਸ ਨੇ ਧਮਕੀ ਦਿੰਦਿਆਂ ਕਿਹਾ ਹੈ ਕਿ ਜੇਕਰ ਪਾਬੰਦੀਆਂ ਵਧੀਆਂ ਤਾਂ ਉਹ ਗੈਸ ਸਪਲਾਈ ਰੋਕ ਦੇਵੇਗਾ। ਅਜਿਹੀਆਂ ਹੀ ਘਟਨਾਵਾਂ ਸਬੰਧੀ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ-

ਚੋਣ ਨਤੀਜਿਆਂ ਤੋਂ ਪਹਿਲਾਂ ਪੰਜਾਬ 'ਚ ਹੋਇਆ ਧਮਾਕਾ, ਪੁਲਸ ਚੌਕੀ ਨੂੰ ਉਡਾਉਣ ਦੀ ਕੀਤੀ ਗਈ ਕੋਸ਼ਿਸ਼
ਚੋਣ ਨਤੀਜਿਆਂ ਤੋਂ ਠੀਕ ਇਕ ਦਿਨ ਪਹਿਲਾਂ ਜ਼ਿਲ੍ਹਾ ਰੂਪਨਗਰ 'ਚ ਇਕ ਵੱਡਾ ਧਮਾਕਾ ਹੋਇਆ, ਜਿਸ ਵਿਚ ਪੁਲਸ ਚੌਕੀ ਕਲਵਾਂ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜ਼ਿਲ੍ਹਾ ਰੂਪਨਗਰ ਦੇ ਕਸਬਾ ਨੂਰਪੁਰ ਬੇਦੀ ਦੇ ਨੇੜੇ ਅੱਡਾ ਕਲਵਾਂ ਮੌੜ ਵਿਖੇ ਉਦੋਂ ਹਫ਼ੜਾ-ਦਫੜੀ ਵਾਲਾ ਮਾਹੌਲ ਬਣ ਗਿਆ, ਜਦੋਂ ਇਕ ਜ਼ਬਰਦਸਤ ਧਮਾਕੇ ਨਾਲ ਸਾਰਾ ਆਲਾ-ਦੁਆਲਾ ਕੰਬ ਉੱਠਿਆ।

ਚੋਣ ਨਤੀਜਿਆਂ ਤੋਂ ਪਹਿਲਾਂ ਕਾਂਗਰਸ 'ਚ ਹਲਚਲ, ਭਲਕੇ ਸ਼ਾਮ 5 ਵਜੇ ਸਿੱਧੂ ਨੇ ਵਿਧਾਇਕ ਦਲ ਦੀ ਸੱਦੀ ਮੀਟਿੰਗ
ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਠੀਕ ਇਕ ਦਿਨ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਇਹ ਫੈਸਲਾ ਕੀਤਾ ਗਿਆ ਕਿ ਕਾਂਗਰਸ ਵਿਧਾਇਕ ਦਲ ਦੀ ਪਹਿਲੀ ਮੀਟਿੰਗ 10 ਮਾਰਚ ਨੂੰ ਸ਼ਾਮ 5 ਵਜੇ ਪ੍ਰਦੇਸ਼ ਕਾਂਗਰਸ ਦੇ ਦਫਤਰ (ਕਾਂਗਰਸ ਭਵਨ, ਸੈਕਟਰ 15) ਵਿਖੇ ਹੋਵੇਗੀ।

ਚਮਕੌਰ ਸਾਹਿਬ ’ਚ ਹੋਵੇਗੀ ਸਖ਼ਤ ਟੱਕਰ, ਕੀ ਮੁੱਖ ਮੰਤਰੀ ਚੰਨੀ ਲਗਾ ਸਕਣਗੇ ਜਿੱਤ ਦਾ ਚੌਕਾ?
ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੀ ਸਭ ਤੋਂ ਚਰਚਿਤ ਹਾਟ ਸੀਟ ਹਲਕਾ ਸ੍ਰੀ ਚਮਕੌਰ ਸਾਹਿਬ, ਜਿੱਥੋਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਆਪਣੀ ਚੌਥੀ ਵਾਰ ਕਿਸਮਤ ਅਜ਼ਮਾ ਰਹੇ ਹਨ ’ਤੇ ਮੁਕਾਬਲਾ ਬੇਹੱਦ ਫਸਵਾਂ ਨਜ਼ਰ ਆ ਰਿਹਾ ਹੈ। ਦੱਸਣਯੋਗ ਹੈ ਕਿ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ 2007 ਵਿਚ ਆਜ਼ਾਦ ਚੋਣ ਲੜੇ ਅਤੇ ਜਿੱਤ ਪ੍ਰਾਪਤ ਕੀਤੀ।

ਪੰਜਾਬ ਵਿਧਾਨ ਸਭਾ ਚੋਣਾਂ: ਐਗਜ਼ਿਟ ਪੋਲ ਅਨੁਸਾਰ ਆਏ ਨਤੀਜੇ ਤਾਂ ਪੰਜਾਬ ’ਚ ਫੇਲ ਸਾਬਿਤ ਹੋਵੇਗਾ ਡੇਰਾ ਫੈਕਟਰ
ਪੰਜਾਬ ’ਚ ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣਗੇ। ਉਸ ਤੋਂ ਪਹਿਲਾਂ ਵੱਖ-ਵੱਖ ਚੈਨਲਾਂ ਨੇ ਸਰਵੇ ਕੰਪਨੀਆਂ ਨਾਲ ਮਿਲ ਕੇ ਐਗਜ਼ਿਟ ਪੋਲ ’ਚ ਸੰਭਾਵਨਾਵਾਂ ਨੂੰ ਸਾਫ਼ ਕੀਤਾ ਹੈ। ਲੋਕਾਂ ਨਾਲ ਗੱਲਬਾਤ ਦੇ ਆਧਾਰ ’ਤੇ ਇਹ ਸਰਵੇ ਕੀਤੇ ਗਏ ਹਨ, ਜਿਸ ’ਚ ਸਾਰੀਆਂ ਪਾਰਟੀਆਂ ਨੂੰ ਮਿਲਣ ਵਾਲੀਆਂ ਸੰਭਾਵਿਕ ਸੀਟਾਂ ਦਾ ਬਿਓਰਾ ਜਾਰੀ ਕੀਤਾ ਗਿਆ ਹੈ।

ਵਿਧਾਇਕਾਂ ਦੇ ਟੁੱਟਣ ਦਾ ਡਰ : ਨਤੀਜਿਆਂ ਦੇ ਦਿਨ ਚੁਣਾਵੀ ਸੂਬਿਆਂ 'ਚ ਮੌਜੂਦ ਰਹਿਣਗੇ ਕਾਂਗਰਸ ਦੇ ਆਬਜ਼ਰਵਰ
5 ਸੂਬਿਆਂ 'ਚ ਹੋਈਆਂ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੇ ਗਏ ਐਗਜ਼ਿਟ ਪੋਲ 'ਚ ਕਾਂਗਰਸ ਨੂੰ ਕਿਤੇ ਵੀ ਬਹੁਮਤ ਨਾ ਮਿਲਣ ਦੀ ਗੱਲ ਕੀਤੀ ਜਾ ਰਹੀ ਹੈ, ਹਾਲਾਂਕਿ ਇਸ ਦੀ ਤਸਵੀਰ ਵੀਰਵਾਰ ਨੂੰ ਨਤੀਜਿਆਂ ਦੇ ਐਲਾਨ ਤੋਂ ਬਾਅਦ ਹੀ ਸਾਫ਼ ਹੋ ਸਕੇਗੀ ਪਰ ਉਸ ਤੋਂ ਪਹਿਲਾਂ ਕਾਂਗਰਸ ਨੂੰ ਆਪਣੇ ਵਿਧਾਇਕਾਂ ਦੇ ਟੁੱਟਣ ਦਾ ਡਰ ਸਤਾ ਰਿਹਾ ਹੈ।

ਕਾਂਗਰਸ ਦੇ ਇਸ ਦਿੱਗਜ਼ ਨੇਤਾ ਨੇ ਰਾਜਨੀਤੀ ਤੋਂ ਲਿਆ ਸੰਨਿਆਸ, ਸੋਨੀਆ ਗਾਂਧੀ ਨੂੰ ਚਿੱਠੀ ਲਿਖ ਦਿੱਤੀ ਜਾਣਕਾਰੀ
ਕਾਂਗਰਸ ਦੇ ਸੀਨੀਅਰ ਨੇਤਾ ਏ. ਕੇ. ਐਂਟੋਨੀ ਨੇ ਬੁੱਧਵਾਰ ਨੂੰ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਐਂਟੋਨੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ’ਚ ਜਾਣਕਾਰੀ ਦਿੱਤੀ ਕਿ ਉਹ ਸਰਗਰਮ ਰਾਜਨੀਤੀ ਤੋਂ ਵੱਖ ਹੋਣ ਤੋਂ ਬਾਅਦ ਦਿੱਲੀ ’ਚ ਨਹੀਂ ਰਹਿਣਗੇ ਅਤੇ ਆਪਣੇ ਗ੍ਰਹਿ ਨਗਰ ਤਿਰੂਵਨੰਤਪੁਰਮ ਪਰਤ ਜਾਣਗੇ।

5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਨੂੰ ਸੁਪਰੀਮ ਕੋਰਟ ਦੀ ਹਰੀ ਝੰਡੀ
ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਚੋਣ ਕਮਿਸ਼ਨ ਦੀਆਂ ਦਲੀਲਾਂ ਸੁਣਨ ਤੋਂ ਬਾਅਦ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ 10 ਮਾਰਚ ਨੂੰ ਤੈਅ ਸਮੇਂ ’ਤੇ ਕਰਨ ਨੂੰ ਹਰੀ ਝੰਡੀ ਵਿਖਾ ਦਿੱਤੀ।

ਨਿਊਜ਼ੀਲੈਂਡ ਦਾ ਵੱਡਾ ਕਦਮ, ਰੂਸ ਵਿਰੁੱਧ ਪਾਬੰਦੀਆਂ ਵਾਲਾ ਬਿੱਲ ਕੀਤਾ ਪਾਸ
ਨਿਊਜ਼ੀਲੈਂਡ ਦੇ ਸੰਸਦ ਮੈਂਬਰਾਂ ਨੇ ਸਰਬਸੰਮਤੀ ਨਾਲ ਰੂਸ ‘ਤੇ ਆਰਥਿਕ ਪਾਬੰਦੀਆਂ ਲਗਾਉਣ ਲਈ ਬਿੱਲ ਪਾਸ ਕਰ ਦਿੱਤਾ ਹੈ। ਰੂਸ 'ਤੇ ਪਾਬੰਦੀਆਂ ਲਗਾ ਚੁੱਕੇ ਕਈ ਦੇਸ਼ਾਂ ਦੇ ਉਲਟ, ਨਿਊਜ਼ੀਲੈਂਡ ਨੇ ਪਹਿਲਾਂ ਅਜਿਹੇ ਕਦਮ ਨਹੀਂ ਚੁੱਕੇ ਸਨ ਅਤੇ ਕਿਹਾ ਸੀ ਕਿ ਅਜਿਹੇ ਉਪਾਅ ਸੰਯੁਕਤ ਰਾਸ਼ਟਰ ਦੇ ਵਿਆਪਕ ਯਤਨਾਂ ਦਾ ਹਿੱਸਾ ਹੋਣੇ ਚਾਹੀਦੇ ਹਨ।

ਰੂਸ ਦੀ ਧਮਕੀ-ਪਾਬੰਦੀਆਂ ਵਧੀਆਂ ਤਾਂ ਗੈਸ ਸਪਲਾਈ ਰੋਕ ਦੇਵਾਂਗੇ, ਦੋ ਗੁਣਾ ਵਧ ਜਾਣਗੀਆਂ ਤੇਲ ਦੀਆਂ ਕੀਮਤਾਂ
ਰੂਸ ਨੇ ਧਮਕੀ ਦਿੱਤੀ ਕਿ ਜੇ ਪੱਛਮੀ ਦੇਸ਼ ਰੂਸੀ ਤੇਲ ’ਤੇ ਪਾਬੰਦੀ ਲਗਾਉਂਦੇ ਹਨ ਤਾਂ ਰੂਸ ਜਰਮਨੀ ਲਈ ਆਪਣੀ ਮੁੱਖ ਗੈਸ ਪਾਈਪਲਾਈਨ ਬੰਦ ਕਰ ਦੇਵੇਗਾ। ਰੂਸ ਦੇ ਉੱਪ ਪ੍ਰਧਾਨ ਮੰਤਰੀ ਅਲੈਗਜ਼ੈਂਡਰ ਨੋਵਾਕ ਨੇ ਕਿਹਾ ਕਿ ਰੂਸੀ ਤੇਲ ਦੀ ਨਾਮਨਜ਼ੂਰੀ ਦੇ ਵਿਸ਼ਵ ਬਾਜ਼ਾਰ ’ਚ ਵਿਨਾਸ਼ਕਾਰੀ ਨਤੀਜੇ ਹੋਣਗੇ, ਜਿਸ ਨਾਲ ਤੇਲ ਦੀਆਂ ਕੀਮਤਾਂ ਦੋ ਗੁਣਾ ਤੋਂ ਵੱਧ ਕੇ 300 ਅਮਰੀਕੀ ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਜਾਣਗੀਆਂ।


Harnek Seechewal

Content Editor

Related News