ਲੋਕ ਸਭਾ ਚੋਣਾਂ ਲਈ ਅੱਜ 7 ਸੂਬਿਆਂ ਵਿਚ ਹੋਵੇਗੀ ਪੋਲਿੰਗ (ਪੜ੍ਹੋ 6 ਮਈ ਦੀਆਂ ਖਾਸ ਖਬਰਾਂ)

05/06/2019 1:18:17 AM

ਜਲੰਧਰ, (ਵੈਬ ਡੈਸਕ)- ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ 'ਚ 6 ਮਈ, ਸੋਮਵਾਰ ਨੂੰ 7 ਸੂਬਿਆਂ ਦੀਆਂ 51 ਸੀਟਾਂ 'ਤੇ ਉਮੀਦਵਾਰਾਂ ਦੀ ਕਿਸਮਤ ਈਵੀਐੱਮ 'ਚ ਕੈਦ ਹੋ ਜਾਵੇਗੀ। ਇਹ ਸੂਬੇ ਹਨ, ਬਿਹਾਰ (5), ਜੰਮੂ-ਕਸ਼ਮੀਰ (20, ਝਾਰਖੰਡ (4), ਮੱਧ ਪ੍ਰਦੇਸ਼ (7), ਰਾਜਸਥਾਨ (12), ਉੱਤਰ ਪ੍ਰਦੇਸ਼ (14) ਤੇ ਪੱਛਮੀ ਬੰਗਾਲ (7)। ਇਸ ਪੜਾਅ 'ਚ ਰਾਜਨਾਥ ਸਿੰਘ, ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਸਮ੍ਰਿਤੀ ਇਰਾਨੀ ਸਮੇਤ 674 ਉਮੀਦਵਾਰਾਂ ਦੀ ਕਿਸਮਤ ਦਾਅ 'ਤੇ ਲੱਗੀ ਹੈ। ਭਾਜਪਾ ਲਈ ਇਹ ਚੋਣ ਅਹਿਮ ਹੈ ਕਿਉਂਕਿ 2014 ਦੀਆਂ ਲੋਕ ਸਭਾ ਚੋਣਾਂ 'ਚ ਉਸ ਨੂੰ 51 'ਚੋਂ 40 ਸੀਟਾਂ ਮਿਲੀਆਂ ਸਨ, ਜਦੋਂਕਿ ਕਾਂਗਰਸ ਨੂੰ ਸਿਰਫ਼ ਦੋ ਸੀਟਾਂ 'ਤੇ ਹੀ ਜਿੱਤ ਮਿਲੀ ਸੀ।
ਪੰਜਵੇਂ ਪੜਾਅ 'ਚ ਉੱਤਰ ਪ੍ਰਦੇਸ਼ ਦੀਆਂ 14, ਰਾਜਸਥਾਨ ਦੀਆਂ 12, ਪੱਛਮੀ ਬੰਗਾਲ ਅਤੇ ਮੱਧ ਪ੍ਰਦੇਸ਼ ਦੀ ਸੱਤ-ਸੱਤ, ਬਿਹਾਰ ਦੀਆਂ ਪੰਜ ਅਤੇ ਝਾਰਖੰਡ ਦੀਆਂ ਚਾਰ ਸੀਟਾਂ ਲਈ ਵੋਟਾਂ ਪਾਈਆਂ ਜਾਣਗੀਆਂ। ਜੰਮੂ-ਕਸ਼ਮੀਰ 'ਚ ਲੱਦਾਖ ਸੀਟ ਲਈ ਮਤਦਾਨ ਹੋਵੇਗਾ। ਅਨੰਤਨਾਗ ਲਈ ਵੀ ਪੁਲਵਾਮਾ ਅਤੇ ਸ਼ੋਪੀਆਂ ਜ਼ਿਲ੍ਹੇ 'ਚ ਵੋਟਾਂ ਪੈਣਗੀਆਂ।

ਫਨੀ ਪ੍ਰਭਾਵਿਤ ਓਡਿਸ਼ਾ ਦਾ ਅੱਜ ਦੌਰਾ ਕਰਨਗੇ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੱਕਰਵਾਤੀ ਤੂਫਾਨ 'ਫਨੀ' ਤੋਂ ਪ੍ਰਭਾਵਿਤ ਓਡਿਸ਼ਾ ਦੇ ਵੱਖ-ਵੱਖ ਜ਼ਿਲਿਆਂ 'ਚ ਸਥਿਤੀ ਦਾ ਜਾਇਜ਼ਾ ਲੈਣ ਲਈ ਸੋਮਵਾਰ ਨੂੰ ਉੱਥੇ ਜਾਣਗੇ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਗਰ ਦੇ ਬੀਜੂ ਪਟਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚਣਗੇ ਅਤੇ ਪੁਰੀ, ਖੁਰਦਾ, ਕਟਕ, ਜਗਤਸਿੰਘਪੁਰ, ਜਾਜਪੁਰ, ਕੇਂਦਰਪਾੜਾ, ਭਦ੍ਰਕ ਅਤੇ ਬਾਲਾਸੋਰ ਜ਼ਿਲੇ 'ਚ ਸਥਿਤੀ ਦਾ ਜਾਇਜ਼ਾ ਲੈਣ ਲਈ ਹਵਾਈ ਸਰਵੇਖਣ ਕਰਨਗੇ।

ਧਮਾਕਿਆਂ ਮਗਰੋਂ ਅੱਜ ਤੋਂ ਖੁਲ੍ਹਣਗੇ ਸ਼੍ਰੀਲੰਕਾ ਦੇ ਸਕੂਲ
ਸ਼੍ਰੀਲੰਕਾ ਵਿਚ ਈਸਟਰ ਸੰਡੇ ਹੋਏ ਬੰਬ ਧਮਾਕਿਆਂ ਦੇ ਦੋ ਹਫਤੇ ਬਾਅਦ ਭਾਰੀ ਸੁਰੱਖਿਆ ਵਿਚ ਸੋਮਵਾਰ (6 ਮਈ) ਨੂੰ ਸਕੂਲ ਖੁੱਲ੍ਹਣਗੇ। ਹਮਲੇ ਦੇ ਬਾਅਦ ਸੁਰੱਖਿਆ ਕਾਰਨਾਂ ਕਾਰਨ ਅਧਿਕਾਰੀਆਂ ਨੇ ਵਿੱਦਿਅਕ ਅਦਾਰੇ ਬੰਦ ਕਰਵਾ ਦਿੱਤੇ ਸਨ। ਬੀਤੀ 21 ਅਪ੍ਰੈਲ ਨੂੰ ਇਕ ਮਹਿਲਾ ਸਮੇਤ 9 ਆਤਮਘਾਤੀ ਹਮਲਾਵਰਾਂ ਵੱਲੋਂ ਤਿੰਨ ਚਰਚਾਂ ਅਤੇ ਤਿੰਨ ਲਗਜ਼ਰੀ ਹੋਟਲਾਂ ਵਿਚ ਕੀਤੇ ਗਏ ਹਮਲੇ ਵਿਚ 253 ਲੋਕਾਂ ਦੀ ਮੌਤ ਹੋ ਗਈ ਸੀ ਅਤੇ 500 ਤੋਂ ਵੱਧ ਜ਼ਖਮੀ ਹੋਏ ਸਨ। ਹਮਲੇ ਦੇ ਬਾਅਦ ਅਗਲੇ ਆਦੇਸ਼ ਤੱਕ ਅਧਿਕਾਰੀਆਂ ਨੇ ਸਕੂਲਾਂ ਨੂੰ ਬੰਦ ਕਰਵਾ ਦਿੱਤਾ ਸੀ।

ਖਟਕੜ ਕਲਾਂ ਜਾਣਗੇ ਕੈਪਟਨ ਅਮਰਿੰਦਰ ਸਿੰਘ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੰਗਾ ਹਲਕੇ 'ਚ 6 ਮਈ ਨੂੰ ਕਾਂਗਰਸ ਦੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਮਨੀਸ਼ ਤਿਵਾੜੀ ਦੇ ਹੱਕ 'ਚ ਖਟਕੜ ਕਲਾਂ 'ਚ ਰੈਲੀ ਨੂੰ ਸੰਬੋਧਨ ਕਰਨਗੇ ।

ਫਤਿਹਗੜ੍ਹ ਸਾਹਿਬ ਦੇ ਦੋਰੇ 'ਤੇ ਸੁਖਬੀਰ ਬਾਦਲ
ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੀ ਚੋਣ ਮੁਹਿੰਮ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 6 ਮਈ ਨੂੰ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਦੌਰੇ ਤੇ ਰਹਿਣਗੇ, ਜਿਸ ਦੇ ਤਹਿਤ ਸਭ ਤੋਂ ਪਹਿਲਾਂ ਉਹ ਵਿਧਾਨ ਸਭਾ ਹਲਕਾ ਬਸੀ ਪਠਾਣਾ ਵਿਖੇ 11 ਵਜੇ ਅਤੇ ਵਿਧਾਨ ਸਭਾ ਹਲਕਾ ਫਤਿਹਗੜ੍ਹ ਸਾਹਿਬ ਵਿਖੇ 1 ਵਜੇ ਅਤੇ 3 ਵਜੇ ਦੇ ਲਗਭਗ ਵਿਧਾਨ ਸਭਾ ਹਲਕਾ ਅਮਲੋਹ ਵਿਚ ਜਨਸਭਾ ਨੂੰ ਸੰਬੋਧਨ ਕਰਨਗੇ।

ਕੈਨੇਡਾ: ਨਾਨੀਮੋ-ਲੇਡੀਸਮਿੱਥ 'ਚ ਸੋਮਵਾਰ ਨੂੰ ਹੋਵੇਗੀ ਜਿਮਨੀ ਚੋਣ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਬ੍ਰਿਟਿਸ਼ ਕੋਲੰਬੀਆ ਦੀ ਨਾਨੀਮੋ-ਲੇਡੀਸਮਿੱਥ ਪਾਰਲੀਮਾਨੀ ਸੀਟ ਲਈ ਜਿਮਨੀ ਚੋਣ ਦਾ ਐਲਾਨ ਕੀਤਾ ਗਿਆ ਸੀ ਤੇ ਇਹ ਚੋਣ ਸੋਮਵਾਰ ਨੂੰ ਯਾਨੀ 6 ਮਈ ਨੂੰ ਹੋਣ ਵਾਲੀ ਹੈ। ਐੱਨ.ਡੀ.ਪੀ. ਦੀ ਸ਼ੀਲਾ ਮੈਲਕਮਸਨ ਦੇ ਅਸਤੀਫ਼ੇ ਮਗਰੋਂ ਇਹ ਸੀਟ ਖ਼ਾਲੀ ਹੋ ਗਈ ਸੀ।
ਲਿਬਰਲ ਪਾਰਟੀ ਵੱਲੋਂ ਨਾਨੀਮੋ-ਲੇਡੀਸਮਿੱਥ ਪਾਰਲੀਮਾਨੀ ਸੀਟ ਤੋਂ ਮਿਸ਼ੇਲ ਕੋਰਫ਼ੀਲਡ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ ਜਦਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਜੌਹਨ ਹਿਰਸਟ ਨੂੰ ਉਮੀਦਵਾਰ ਥਾਪਿਆ ਗਿਆ ਹੈ। ਗਰੀਨ ਪਾਰਟੀ ਨੇ ਪੌਲ ਮੈਨਲੀ ਨੂੰ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਹੈ ਜਦਕਿ ਪੀਪਲਜ਼ ਪਾਰਟੀ ਨੇ ਜੈਨੀਫ਼ਰ ਕਲਾਰਕ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਟੈਨਿਸ : ਏ. ਟੀ. ਪੀ. 1000 ਮੈਡ੍ਰਿਡ ਓਪਨ ਟੈਨਿਸ ਟੂਰਨਾਮੈਂਟ-2019
ਕ੍ਰਿਕਰਟ : ਰਾਇਲ ਲੰਡਨ ਵਨ ਡੇ ਕੱਪ-2019
ਕ੍ਰਿਕਟ : ਮਹਿਲਾ ਟੀ-20 ਚੈਲੰਜਰ-2019


Inder Prajapati

Content Editor

Related News