ਸਹਿਮਤੀ ਤੋਂ ਬਿਨਾਂ ''ਪੜ੍ਹੋ ਪੰਜਾਬ'' ਪ੍ਰਾਜੈਕਟ ''ਚ ਡਿਊਟੀ ਲਾਏ ਜਾਣ ਦਾ ਵਿਰੋਧ

Sunday, Aug 13, 2017 - 11:53 AM (IST)

ਸਹਿਮਤੀ ਤੋਂ ਬਿਨਾਂ ''ਪੜ੍ਹੋ ਪੰਜਾਬ'' ਪ੍ਰਾਜੈਕਟ ''ਚ ਡਿਊਟੀ ਲਾਏ ਜਾਣ ਦਾ ਵਿਰੋਧ

ਹੁਸ਼ਿਆਰਪੁਰ(ਘੁੰਮਣ)— ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਬੀ. ਐੱਡ. ਅਧਿਆਪਕ ਫਰੰਟ ਨੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਅਧਿਆਪਕਾਂ ਦੀ ਡਿਊਟੀ ਜ਼ਬਰਦਸਤੀ ਅਤੇ ਬਿਨਾਂ ਸਹਿਮਤੀ ਤੋਂ 'ਪੜ੍ਹੋ ਪੰਜਾਬ' ਪ੍ਰਾਜੈਕਟ ਵਿਚ ਲਾਉਣ ਦੇ ਰੋਸ ਵਜੋਂ ਅੱਜ ਸ਼ਹੀਦ ਊਧਮ ਸਿੰਘ ਪਾਰਕ ਹੁਸ਼ਿਆਰਪੁਰ ਵਿਖੇ ਰੋਸ ਧਰਨਾ ਬੀ. ਐੱਡ. ਅਧਿਆਪਕ  ਫਰੰਟ ਦੇ ਜ਼ਿਲਾ ਪ੍ਰਧਾਨ ਸੁਰਜੀਤ ਰਾਜਾ, ਸੀਨੀਅਰ ਮੀਤ ਪ੍ਰਧਾਨ ਉਪਕਾਰ ਪੱਟੀ, ਮੀਤ ਪ੍ਰਧਾਨ ਵਿਪਨ, ਪ੍ਰੈੱਸ ਸਕੱਤਰ ਬਲਦੇਵ ਸਿੰਘ, ਰਜਤ ਮਹਾਜਨ ਅਤੇ ਜ਼ਿਲਾ ਜਨਰਲ ਸਕੱਤਰ ਜਸਵਿੰਦਰ ਪਾਲ ਦੀ ਅਗਵਾਈ ਵਿਚ ਦੇ ਕੇ ਰੋਸ ਪ੍ਰਗਟ ਕੀਤਾ। 
ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਬਿਨਾਂ ਸਹਿਮਤੀ ਤੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਡਿਊਟੀਆਂ 'ਪੜ੍ਹੋ ਪੰਜਾਬ' ਪ੍ਰਾਜੈਕਟ ਵਿਚ ਲਾ ਦਿੱਤੀਆਂ ਹਨ। ਇਸ ਪ੍ਰਤੀ ਪਹਿਲਾਂ ਵੀ ਫਰੰਟ ਅਤੇ ਅਧਿਆਪਕਾਂ ਵੱਲੋਂ ਸੰਬੰਧਤ ਅਧਿਕਾਰੀਆਂ ਨੂੰ ਡਿਊਟੀਆਂ ਕੱਟਣ ਦੀ ਬੇਨਤੀ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਡਿਊਟੀਆਂ ਨਹੀਂ ਕੱਟੀਆਂ ਗਈਆਂ। ਬੀ. ਐੱਡ. ਫਰੰਟ ਅਧਿਆਪਕਾਂ ਨਾਲ ਹੋ ਰਹੇ ਇਸ ਧੱਕੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਜੇਕਰ ਵਿਭਾਗ ਵੱਲੋਂ ਇਹ ਡਿਊਟੀਆਂ ਨਾ ਕੱਟੀਆਂ ਗਈਆਂ ਤਾਂ ਬੀ. ਐੱਡ. ਫਰੰਟ ਸੰਬੰਧਿਤ ਅਧਿਕਾਰੀਆਂ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ। ਇਸ ਸਬੰਧੀ ਬੀ. ਐੱਡ. ਫਰੰਟ ਦਾ ਇਕ ਵਫਦ 17 ਅਗਸਤ ਨੂੰ ਜ਼ਿਲਾ ਸਿੱਖਿਆ ਅਫਸਰ ਪ੍ਰਾਇਮਰੀ ਹੁਸ਼ਿਆਰਪੁਰ ਨੂੰ ਵੀ ਮਿਲੇਗਾ। 
ਇਸ ਮੌਕੇ ਬਲਦੇਵ ਸਿੰਘ, ਵਿਪਨ ਅਤੇ ਰਜਤ ਮਹਾਜਨ ਨੇ ਕਿਹਾ ਕਿ ਫਰੰਟ ਦੇ ਜੋ ਅਧਿਆਪਕ ਸੈਕੰਡਰੀ ਵਿਚ ਹਨ, ਉਨ੍ਹਾਂ ਦੀ ਸਾਲਾਨਾ ਤਰੱਕੀ ਸਬੰਧੀ ਜੋ ਭੁਲੇਖਾ ਹੈ ਕਿ ਇਹ ਤਰੱਕੀ ਅਕਤੂਬਰ ਵਿਚ ਲੱਗਣੀ ਹੈ ਜਾਂ ਦਸੰਬਰ 'ਚ ਲੱਗਣੀ ਹੈ, ਸਬੰਧੀ ਜ਼ਿਲਾ ਸਿੱਖਿਆ ਦਫ਼ਤਰ ਪ੍ਰਸੋਨਲ ਵਿਭਾਗ ਵੱਲੋਂ ਚਿੱਠੀ ਜਾਰੀ ਕਰਵਾਵੇ ਤਾਂ ਕਿ ਅਧਿਆਪਕਾਂ ਨੂੰ ਭਵਿੱਖ ਵਿਚ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਲਖਵਿੰਦਰ, ਦੀਪਕ ਸ਼ਰਮਾ, ਸਤਵਿੰਦਰ ਅਤੇ ਰਾਮਧਨ ਨੇ ਕਿਹਾ ਕਿ ਸਰਕਾਰ ਨੂੰ ਬੀ. ਐੱਡ. ਅਧਿਆਪਕਾਂ ਵੱਲੋਂ ਸਾਲ 2008 ਤੋਂ 2011 ਤੱਕ ਠੇਕੇ 'ਤੇ ਕੀਤੀ ਹੋਈ ਨੌਕਰੀ ਦੇ ਬਣਦੇ ਲਾਭ ਦੇਣੇ ਚਾਹੀਦੇ ਹਨ। ਇਸ ਮੌਕੇ ਜੀਵਨ, ਦੀਪਕ, ਤਰਸੇਮ, ਜਤਿੰਦਰ, ਪ੍ਰੇਮ, ਕੁਲਦੀਪ, ਅਮਰਜੀਤ, ਅਸ਼ੋਕ, ਪਰਮਿੰਦਰ, ਹਰੀਸ਼ ਪੁਰੀ, ਗੁਰਪ੍ਰੀਤ, ਰਵਿੰਦਰ ਰਾਜੂ, ਨਵਦੀਪ, ਰਵਿੰਦਰ ਰਵੀ ਆਦਿ ਵੀ ਹਾਜ਼ਰ ਸਨ।


Related News