50 ਕਰੋੜ ਦੇ ਸਮਾਰਟ ਸਿਟੀ LED ਪ੍ਰਾਜੈਕਟ ਨਾਲ ਸਬੰਧਤ ਰਹੇ ਸਾਰੇ ਅਫ਼ਸਰਾਂ ਦੀ ਡਿਟੇਲ ਵਿਜੀਲੈਂਸ ਕੋਲ ਪਹੁੰਚੀ

02/23/2023 12:13:20 PM

ਜਲੰਧਰ (ਖੁਰਾਣਾ)–ਪਿਛਲੇ ਲਗਭਗ 3-4 ਸਾਲਾਂ ਦੌਰਾਨ ਜਲੰਧਰ ਸਮਾਰਟ ਸਿਟੀ ਦੇ ਜ਼ਿਆਦਾਤਰ ਪ੍ਰਾਜੈਕਟਾਂ ਵਿਚ ਜਿਸ ਤਰ੍ਹਾਂ ਕਰੋੜਾਂ ਰੁਪਏ ਦੇ ਸਕੈਂਡਲ ਅਤੇ ਗੜਬੜੀਆਂ ਹੋਈਆਂ, ਉਸ ਕਾਰਨ ਪੰਜਾਬ ਸਰਕਾਰ ਨੇ ਸਮਾਰਟ ਸਿਟੀ ਦੇ ਕੰਮਾਂ ਦੀ ਜਾਂਚ ਦਾ ਕੰਮ ਵਿਜੀਲੈਂਸ ਬਿਊਰੋ ਨੂੰ ਸੌਂਪ ਰੱਖਿਆ ਹੈ। ਪਤਾ ਲੱਗਾ ਹੈ ਕਿ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਸਭ ਤੋਂ ਪਹਿਲਾਂ ਲਗਭਗ 50 ਕਰੋੜ ਰੁਪਏ ਦੇ ਐੱਲ. ਈ. ਡੀ. ਸਟਰੀਟ ਲਾਈਟ ਪ੍ਰਾਜੈਕਟ ’ਤੇ ਹੱਥ ਪਾਇਆ ਹੈ, ਜਿਸ ਦਾ ਜ਼ਿਆਦਾਤਰ ਰਿਕਾਰਡ ਬਿਊਰੋ ਨਾਲ ਜੁੜੇ ਅਧਿਕਾਰੀਆਂ ਵੱਲੋਂ ਖੰਗਾਲਿਆ ਜਾ ਚੁੱਕਾ ਹੈ। ਪਿਛਲੇ ਦਿਨੀਂ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਸਮਾਰਟ ਸਿਟੀ ਦਫ਼ਤਰ ਵਿਚ ਜਾ ਕੇ ਉਨ੍ਹਾਂ ਅਫ਼ਸਰਾਂ ਦੀ ਡਿਟੇਲ ਮੰਗੀ, ਜੋ ਐੱਲ. ਈ. ਡੀ. ਸਟਰੀਟ ਲਾਈਟ ਪ੍ਰਾਜੈਕਟ ਨਾਲ ਕਿਸੇ ਨਾ ਕਿਸੇ ਤਰ੍ਹਾਂ ਜੁੜੇ ਰਹੇ ਹਨ। ਇਨ੍ਹਾਂ ਵਿਚ ਸਮਾਰਟ ਸਿਟੀ ਜਲੰਧਰ ਦੇ ਨਾਲ-ਨਾਲ ਜਲੰਧਰ ਨਗਰ ਨਿਗਮ ਦੇ ਅਧਿਕਾਰੀ ਵੀ ਸ਼ਾਮਲ ਹਨ, ਜਿਨ੍ਹਾਂ ਦੀ ਦੇਖ-ਰੇਖ ਵਿਚ ਐੱਲ. ਈ. ਡੀ. ਸਟਰੀਟ ਲਾਈਟ ਪ੍ਰਾਜੈਕਟ ਸਿਰੇ ਚੜ੍ਹਿਆ। ਮੰਨਿਆ ਜਾ ਰਿਹਾ ਹੈ ਕਿ ਇਸ ਪ੍ਰਾਜੈਕਟ ਨਾਲ ਜੁੜੇ ਰਹੇ ਸਾਰੇ ਅਧਿਕਾਰੀਆਂ ਦੇ ਨਾਵਾਂ ਦੀ ਡਿਟੇਲ ਲੈਣ ਤੋਂ ਬਾਅਦ ਹੁਣ ਵਿਜੀਲੈਂਸ ਬਿਊਰੋ ਅਗਲਾ ਐਕਸ਼ਨ ਲੈਣ ਜਾ ਰਿਹਾ ਹੈ, ਜਿਸ ਤਹਿਤ ਕਈ ਅਧਿਕਾਰੀਆਂ ਨੂੰ ਵਿਜੀਲੈਂਸ ਦਫ਼ਤਰ ਤਲਬ ਕਰਕੇ ਬਿਆਨ ਆਦਿ ਲਏ ਜਾਣਗੇ। ਕਈਆਂ ’ਤੇ ਸਖ਼ਤ ਐਕਸ਼ਨ ਵੀ ਸੰਭਾਵਿਤ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਸ੍ਰੀ ਚਮਕੌਰ ਸਾਹਿਬ 'ਚ ਹੋਮਗਾਰਡ ਜਵਾਨ ਦਾ ਕੁੱਟ-ਕੁੱਟ ਕੇ ਕੀਤਾ ਕਤਲ

ਪ੍ਰਾਜੈਕਟ ਨਾਲ ਹਰ ਲੈਵਲ ’ਤੇ ਹੋਈ ਛੇੜਛਾੜ
ਸਮਾਰਟ ਸਿਟੀ ਦੇ 50 ਕਰੋੜ ਰੁਪਏ ਦੇ ਸਟਰੀਟ ਲਾਈਟ ਪ੍ਰਾਜੈਕਟ ਨੂੰ ਅਫ਼ਸਰਾਂ ਨੇ ਬੜੇ ਹੀ ਦੇਸੀ ਢੰਗ ਨਾਲ ਚਲਾਇਆ ਅਤੇ ਕੰਪਨੀ ਨੇ ਵੀ ਕਦਮ-ਕਦਮ ’ਤੇ ਲਾਪ੍ਰਵਾਹੀ ਵਰਤੀ। ਇਸੇ ਕਾਰਨ ਇਸ ਪ੍ਰਾਜੈਕਟ ਨੂੰ ਲੈ ਕੇ ਕਈ ਤਰ੍ਹਾਂ ਦੇ ਵਿਵਾਦ ਪੈਦਾ ਹੋਏ ਅਤੇ ਕਈ ਅਧਿਕਾਰੀਆਂ ’ਤੇ ਉਂਗਲੀ ਉੱਠੀ। ਜਲੰਧਰ ਨਿਗਮ ਦੇ ਸਾਰੇ 80 ਕੌਂਸਲਰਾਂ ਨੇ ਹਾਊਸ ਦੀ ਬੈਠਕ ਦੌਰਾਨ ਇਸ ਪ੍ਰਾਜੈਕਟ ਨੂੰ ਇਕ ਬਹੁਤ ਵੱਡਾ ਸਕੈਂਡਲ ਦੱਸਿਆ।
ਸ਼ਹਿਰ ਦੀਆਂ ਕੁੱਲ 44 ਹਜ਼ਾਰ ਲਾਈਟਾਂ ਨੂੰ ਉਤਾਰ ਕੇ ਉਨ੍ਹਾਂ ਦੇ ਸਥਾਨ ’ਤੇ 72 ਹਜ਼ਾਰ ਨਵੀਆਂ ਲਾਈਟਾਂ ਲਗਾ ਦਿੱਤੀਆਂ ਗਈਆਂ। ਨਿਗਮ ਹੱਦ ਵਿਚ ਸ਼ਾਮਲ ਹੋਏ ਪਿੰਡਾਂ ਵਿਚ ਘੱਟ ਵਾਟ ਦੀਆਂ ਲਾਈਟਾਂ ਲਗਾਈਆਂ ਗਈਆਂ। ਇਨਫਰਾਸਟਰੱਕਚਰ ਨੂੰ ਮਜ਼ਬੂਤ ਕਰਨ ਲਈ ਦੁੱਗਣਾ ਖਰਚ ਕਰ ਦਿੱਤਾ ਗਿਆ ਪਰ ਫਿਰ ਵੀ ਠੀਕ ਨਹੀਂ ਹੋਈਆਂ। ਨਵੀਆਂ ਲੱਗੀਆਂ ਲਾਈਟਾਂ ਦੀ ਨੰਬਰਿੰਗ ਵੀ ਨਹੀਂ ਕੀਤੀ ਗਈ। ਸਮਾਰਟ ਸਿਟੀ ਦੇ ਯੋਗ ਅਧਿਕਾਰੀਆਂ ਨੇ ਕੰਪਨੀ ਨੂੰ ਪੇਮੈਂਟ ਵੀ ਜ਼ਿਆਦਾ ਕਰ ਦਿੱਤੀ।

ਹੁਣ ਨਿਗਮ ਕਰਮਚਾਰੀ ਖੰਭਿਆਂ ’ਤੇ ਚੜ੍ਹ ਕੇ ਕਰ ਰਹੇ ਹਨ ਜਾਂਚ
ਸਮਾਰਟ ਸਿਟੀ ਦਾ ਐੱਲ. ਈ. ਡੀ. ਸਟਰੀਟ ਲਾਈਟ ਘਪਲਾ ਜਲੰਧਰ ਨਿਗਮ ਦੇ ਅਧਿਕਾਰੀਆਂ ਦੇ ਵੀ ਗਲੇ ਦੀ ਹੱਡੀ ਬਣਿਆ ਹੋਇਆ ਹੈ। ਨਿਗਮ ਨੇ ਕੰਪਨੀ ਨੂੰ ਮੇਨਟੀਨੈਂਸ ਦੀ ਰਕਮ ਦਾ ਭੁਗਤਾਨ ਰੋਕ ਰੱਖਿਆ ਹੈ। ਇਸ ਕਾਰਨ ਸ਼ਹਿਰ ਦੀਆਂ ਹਜ਼ਾਰਾਂ ਲਾਈਟਾਂ ਨੂੰ ਮੇਨਟੇਨ ਨਹੀਂ ਕੀਤਾ ਜਾ ਰਿਹਾ ਅਤੇ ਸਰਦੀ ਅਤੇ ਧੁੰਦ ਦੇ ਮੌਸਮ ਵਿਚ ਵੀ ਹਜ਼ਾਰਾਂ ਲਾਈਟਾਂ ਖ਼ਰਾਬ ਰਹੀਆਂ। ਹੁਣ ਮੇਨਟੀਨੈਂਸ ਦੀ ਰਕਮ ਰਿਲੀਜ਼ ਕਰਨ ਲਈ ਨਿਗਮ ਨੇ ਕੰਪਨੀ ਵੱਲੋਂ ਲਗਾਈਆਂ ਗਈਆਂ ਲਾਈਟਾਂ ਦੀ ਜਾਂਚ ਦਾ ਕੰਮ ਸ਼ੁਰੂ ਕਰ ਰੱਖਿਆ ਹੈ। ਇਨ੍ਹੀਂ ਦਿਨੀਂ ਨਿਗਮ ਕਰਮਚਾਰੀ ਖੰਭਿਆਂ ’ਤੇ ਚੜ੍ਹ ਕੇ ਸਟਰੀਟ ਲਾਈਟਾਂ ਦਾ ਸੀਰੀਅਲ ਨੰਬਰ ਮੈਚ ਕਰ ਰਹੇ ਹਨ। ਇਹ ਕਾਰਵਾਈ ਜਲੰਧਰ ਕੈਂਟ ਦੇ ਪਿੰਡ ਧੀਣਾ ਅਤੇ ਆਸ-ਪਾਸ ਦੇ ਖੇਤਰਾਂ ਵਿਚ ਚੱਲ ਰਹੀ ਹੈ।

ਇਹ ਵੀ ਪੜ੍ਹੋ : ਹੋਲਾ-ਮਹੱਲਾ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਮਿਲੇਗੀ ਇਹ ਖ਼ਾਸ ਸਹੂਲਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News