ਰਵਨੀਤ ਬਿੱਟੂ ਦੀ ਮਜੀਠੀਆ ਨੂੰ ਦੋ ਟੁੱਕ, ਪਹਿਲਾਂ ਖੁਦ ਤਾਂ ਦੇਵੇ ਨੋਟਿਸ ਦਾ ਜਵਾਬ
Thursday, Feb 21, 2019 - 06:56 PM (IST)
ਲੁਧਿਆਣਾ (ਨਰਿੰਦਰ)— ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਪੰਜਾਬ ਸਰਕਾਰ 'ਤੇ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰਨ 'ਚ ਅਸਫਲ ਹੋਣ ਸਬੰਧੀ ਦੋਸ਼ ਲਗਾਏ ਗਏ ਹਨ। ਮਜੀਠੀਆ ਵੱਲੋਂ ਲਗਾਏ ਗਏ ਦੋਸ਼ਾਂ 'ਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਕਾਂਗਰਸ ਸਰਕਾਰ, ਅਕਾਲੀ-ਭਾਜਪਾ ਦੇ ਸ਼ਾਸਨਕਾਲ ਸਮੇਂ ਸੂਬੇ ਨੂੰ ਹੋਏ ਨੁਕਸਾਨ ਦੀ ਭਰਪਾਈ ਅਜੇ ਤੱਕ ਕਰ ਰਹੀ ਹੈ। ਮਜੀਠੀਆ 'ਤੇ ਹਮਲਾ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਰਕਾਰ 'ਤੇ ਦੋਸ਼ ਲਗਾਉਣ ਅਤੇ ਸਵਾਲ ਚੁੱਕਣ ਤੋਂ ਪਹਿਲਾਂ ਮਜੀਠੀਆ ਖੁਦ ਤਾਂ ਅਦਾਲਤ ਵੱਲੋਂ ਦਿੱਤੇ ਗਏ ਨੋਟਿਸ ਦਾ ਜਵਾਬ ਦੇ ਦੇਣ। ਦਰਅਸਲ ਰਵਨੀਤ ਸਿੰਘ ਬਿੱਟੂ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ 'ਚ ਅੱਜ ਤੋਂ ਸ਼ੁਰੂ ਹੋਏ ਦੋ ਦਿਨਾਂ ਕੌਮਾਂਤਰੀ ਪ੍ਰਵਾਸੀ ਪੰਜਾਬੀ ਸਾਹਿਤ ਕਾਨਫਰੰਸ ਦੇ ਉਦਘਾਟਨ ਸਮਾਰੋਹ 'ਚ ਪੁੱਜੇ ਸਨ। ਉਨ੍ਹਾਂ ਨੇ ਸਾਹਿਤ ਨੂੰ ਲੈ ਕੇ ਆਪਣੇ ਵਿਚਾਰ ਵੀ ਸਾਂਝੇ ਕੀਤੇ।
ਇਸ ਦੌਰਾਨ ਪ੍ਰਸਿੱਧ ਕਵੀ ਅਤੇ ਲੁਧਿਆਣਾ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਗੁਜਰਾਂਵਾਲਾ ਗੁਰੂ ਨਾਨਕ ਕਾਲਜ ਲੁਧਿਆਣਾ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਪ੍ਰਵਾਸੀ ਪੰਜਾਬੀ ਸਾਹਿਤ ਗਲੋਬਲ ਦ੍ਰਿਸ਼ਟੀਕੋਣ ਵਿਸ਼ੇ 'ਤੇ 21 ਤੋਂ 22 ਫਰਵਰੀ ਨੂੰ ਦੋ ਦਿਨਾਂ ਕੌਮਾਂਤਰੀ ਕਾਨਫਰੰਸ ਹੋ ਰਹੀ ਹੈ, ਜਿਸ 'ਚ ਪ੍ਰਵਾਸੀ ਸਾਹਿਤ ਨਾਲ ਜੁੜੀਆਂ ਵੱਖ-ਵੱਖ ਕਿਤਾਬਾਂ ਰਿਲੀਜ਼ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਰਵਨੀਤ ਬਿੱਟੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਾਨੀਪਤ-ਜਲੰਧਰ ਸਿਕਸ ਲੇਨ ਪ੍ਰਾਜੈਕਟ ਦੇ ਪੂਰੇ ਹੋਏ ਬਿਨਾਂ ਲੋਕਾਂ ਤੋਂ ਵਸੂਲੇ ਜਾ ਰਹੇ ਟੋਲ ਟੈਕਸ ਵਿਰੁੱਧ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਚਿੱਠੀ ਲਿਖੀ ਗਈ ਹੈ। ਚਿੱਠੀ ਵਿਚ ਮੰਗ ਕੀਤੀ ਗਈ ਹੈ ਕਿ ਜਦੋਂ ਤਕ ਇਸ ਪ੍ਰਾਜੈਕਟ ਦਾ ਕੰਮ ਪੂਰਾ ਨਹੀਂ ਹੁੰਦਾ, ਲੋਕਾਂ ਤੋਂ ਟੋਲ ਟੈਕਸ ਵਸੂਲ ਨਾ ਕੀਤਾ ਜਾਵੇ।