ਰਵਨੀਤ ਬਿੱਟੂ ਦੇ ਬਿਆਨ 'ਤੇ ਜਾਣੋ ਕਿ ਬੋਲੇ ਮਜੀਠੀਆ
Sunday, Dec 22, 2019 - 07:45 PM (IST)

ਲੁਧਿਆਣਾ- ਬੀਤੇ ਦਿਨੀਂ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਬਠਿੰਡਾ 'ਚ ਪੰਜਾਬ ਦੀ ਆਰਥਿਕ ਸਥਿਤੀ ਨੂੰ ਲੈ ਕੇ ਦਿੱਤੇ ਗਏ ਬਿਆਨ 'ਤੇ ਅੱਜ ਲੁਧਿਆਣਾ 'ਚ ਅਕਾਲੀ ਦਲ ਨੇ ਇਕ ਪ੍ਰੈੱਸ ਕਾਨਫਰੰਸ ਕੀਤੀ। ਜਿਸ 'ਚ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਅਤੇ ਬੁਲਾਰੇ ਦਲਜੀਤ ਸਿੰਘ ਚੀਮਾ, ਮਹੇਸ਼ ਇੰਦਰ ਗਰੇਵਾਲ ਅਤੇ ਮਨਪ੍ਰੀਤ ਇਆਲੀ ਮੌਜੂਦ ਰਹੇ। ਇਸ ਮੌਕੇ ਇਨ੍ਹਾਂ
ਆਗੂਆਂ ਨੇ ਕਿਹਾ ਕਿ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਵੀ ਹੁਣ ਆਪਣੇ ਸਰਕਾਰ ਦੇ ਵਜ਼ੀਰਾਂ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਨ ਲੱਗੇ ਹਨ। ਇਸ ਤੋਂ ਜ਼ਾਹਿਰ ਹੈ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ।
ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਜੋ ਇਸ ਵੇਲੇ ਮੌਜੂਦਾ ਆਰਥਿਕ ਸਥਿਤੀ ਹੈ ਉਸ ਲਈ ਮਨਪ੍ਰੀਤ ਬਾਦਲ ਹੀ ਜ਼ਿੰਮੇਵਾਰ ਹਨ, ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਆਪਣੇ ਹੀ ਐਮ.ਪੀ. ਇਸ 'ਤੇ ਸਵਾਲ ਖੜ੍ਹੇ ਕਰ ਰਹੇ ਹਨ। ਉਹ ਵੀ ਉਨ੍ਹਾਂ ਦੇ ਹਲਕੇ 'ਚ ਜਾ ਕੇ। ਬਿਕਰਮ ਮਜੀਠੀਆ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਦੇ ਬਿਆਨ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਦਾ ਵਿੱਤ ਮੰਤਰੀ ਨਿਕੰਮਾ ਹੈ ਅਤੇ ਪੰਜਾਬ ਦੇ ਜੋ ਆਰਥਿਕ ਹਾਲਾਤ ਇਸ ਵੇਲੇ ਬਣੇ ਹੋਏ ਨੇ ਉਸ ਲਈ ਉਹੀ ਜ਼ਿੰਮੇਵਾਰ ਹਨ। ਮਜੀਠੀਆ ਨੇ ਇਸ ਮੌਕੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਸੁਖਜਿੰਦਰ ਰੰਧਾਵਾ ਵੱਲੋਂ ਲਾਏ ਗਏ ਇਲਜ਼ਾਮਾਂ 'ਤੇ ਕਿਹਾ ਕਿ ਉਹ ਖੁਦ ਇਸ ਵੇਲੇ ਬੜੇ ਪ੍ਰੇਸ਼ਾਨ ਹਨ। ਇਸ ਲਈ ਅਜਿਹੀਆਂ ਬਿਆਨਬਾਜ਼ੀਆਂ ਕਰ ਰਹੇ ਹਨ। ਪੰਚਾਇਤੀ ਜ਼ਮੀਨਾਂ ਨੂੰ ਲੈ ਕੇ ਬਿਕਰਮ ਮਜੀਠੀਆ ਨੇ ਕਿਹਾ ਕਿ ਇਹ ਇੱਕ ਵੱਡਾ ਸਕੈਂਡਲ ਹੈ, ਜਿਸ 'ਚ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਅਤੇ ਅਕਾਲੀ ਦਲ ਇਸ ਦਾ ਸਖ਼ਤ ਸ਼ਬਦਾਂ 'ਚ ਵਿਰੋਧ ਕਰਦਾ ਹੈ ਅਤੇ ਪੰਚਾਇਤੀ ਜ਼ਮੀਨਾਂ ਕਿਸੇ ਵੀ ਹਾਲਤ 'ਚ ਸਰਕਾਰ ਆਪਣੇ ਕਬਜ਼ੇ 'ਚ ਨਹੀਂ ਲੈ ਸਕਦੀ।