ਰਵਨੀਤ ਬਿੱਟੂ ਦੀਆਂ ਵਧ ਸਕਦੀਆਂ ਨੇ ਮੁਸ਼ਕਿਲਾਂ, ਵਿਜੀਲੈਂਸ ਵੱਲੋਂ ਮਾਣਹਾਨੀ ਦਾ ਕੇਸ ਦਾਇਰ ਕਰਨ ਦੀ ਤਿਆਰੀ

Saturday, Oct 15, 2022 - 04:59 AM (IST)

ਲੁਧਿਆਣਾ (ਰਾਜ) : ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਜ਼ਦੀਕੀ ਕੌਂਸਲਰ ਸੰਨੀ ਭੱਲਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਰੋਸ ’ਚ ਆਏ ਐੱਮ. ਪੀ. ਬਿੱਟੂ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਵਿਜੀਲੈਂਸ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਵਿਜੀਲੈਂਸ ਵਿਭਾਗ ਨੂੰ ਸੈਟਿੰਗ ਦੀ ਦੁਕਾਨ ਦੱਸਿਆ ਅਤੇ ਵਿਜੀਲੈਂਸ ਵਿਭਾਗ ਨੂੰ ਧਮਕੀ ਵੀ ਦੇ ਦਿੱਤੀ। ਐੱਮ. ਪੀ. ਬਿੱਟੂ ਦੀ ਧਮਕੀ ਤੋਂ ਬਾਅਦ ਵਿਜੀਲੈਂਸ ਹੁਣ ਉਨ੍ਹਾਂ ਖਿਲਾਫ਼ ਮਾਣਹਾਣੀ ਦਾ ਕੇਸ ਦਾਇਰ ਕਰਨ ਦੀ ਤਿਆਰੀ ਵਿਚ ਹੈ। ਇਸ ਦੇ ਲਈ ਡੀ. ਏ. ਲੀਗਲ ਦੀ ਰਾਇ ਲਈ ਜਾ ਰਹੀ ਹੈ। ਇਸ ਗੱਲ ਦੀ ਪੁਸ਼ਟੀ ਐੱਸ. ਐੱਸ. ਪੀ. ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਨੇ ਕੀਤੀ ਹੈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ 'ਤੇ ਕੀਤਾ ਜਾਵੇ ਪਰਚਾ ਦਰਜ, ਨਹੀਂ ਤਾਂ ਹੋਵੇਗਾ ਨੈਸ਼ਨਲ ਹਾਈਵੇ ਜਾਮ, ਈਸਾਈ ਭਾਈਚਾਰੇ ਦਾ ਅਲਟੀਮੇਟਮ

ਅਸਲ 'ਚ ਅਨਾਜ ਮੰਡੀ ਟ੍ਰਾਂਸਪੋਰਟੇਸ਼ਨ ਟੈਂਡਰ ਘਪਲੇ ’ਚ ਕਾਂਗਰਸੀ ਕੌਂਸਲਰ ਅਤੇ ਟੀਮ ਆਸ਼ੂ ਦੇ ਸਭ ਤੋਂ ਪ੍ਰਮੁੱਖ ਮੈਂਬਰ ਸੰਨੀ ਭੱਲਾ ਨੂੰ ਵਿਜੀਲੈਂਸ ਦੀ ਟੀਮ ਨੇ ਪੁੱਛਗਿੱਛ ਲਈ ਬੁਲਾਇਆ ਅਤੇ ਬਾਅਦ ’ਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਤੋਂ ਬਾਅਦ ਐੱਮ. ਪੀ. ਬਿੱਟੂ ਤੱਕ ਇਹ ਗੱਲ ਪੁੱਜੀ ਤਾਂ ਉਹ ਫੇਸਬੁੱਕ ’ਤੇ ਬਣਾਏ ਪੇਜ ’ਤੇ ਲਾਈਵ ਹੋਏ ਤੇ ਪੰਜਾਬ ਸਰਕਾਰ ਨੂੰ ਲੰਬੇ ਹੱਥੀਂ ਲਿਆ ਅਤੇ ਵਿਜੀਲੈਂਸ ’ਤੇ ਸਿੱਧੇ ਕਈ ਸਵਾਲ ਖੜ੍ਹੇ ਕਰ ਦਿੱਤੇ। ਐੱਸ. ਐੱਸ. ਪੀ. ਨੇ ਕਿਹਾ ਕਿ ਵਿਜੀਲੈਂਸ ਵੱਲੋਂ ਐੱਮ. ਪੀ. ਬਿੱਟੂ ’ਤੇ ਮਾਣਹਾਣੀ ਦਾ ਕੇਸ ਦਰਜ ਕਰਵਾ ਕੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਿੱਟੂ ਫੇਸਬੁੱਕ ’ਤੇ ਲਾਈਵ ਹੋ ਕੇ ਵਿਜੀਲੈਂਸ ਦੀ ਕਾਰਵਾਈ ’ਤੇ ਸਵਾਲ ਖੜ੍ਹੇ ਕਰ ਕੇ ਜਾਣਬੁੱਝ ਕੇ ਕਾਰਵਾਈ ’ਚ ਦਬਾਅ ਪਾਉਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੰਨੀ ਭੱਲਾ ਨੂੰ ਵਿਜੀਲੈਂਸ ਵੱਲੋਂ ਕੁਝ ਜ਼ਰੂਰੀ ਕੇਸਾਂ ’ਚ ਪੁੱਛਗਿੱਛ ਲਈ ਆਪਣੀ ਹਿਰਾਸਤ ’ਚ ਲਿਆ ਗਿਆ ਹੈ। ਇਸ ਤੋਂ ਪਹਿਲਾਂ ਉਹ ਜਾਂਚ ’ਚ ਪੂਰਾ ਸਹਿਯੋਗ ਨਹੀਂ ਦੇ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਰਿਮਾਂਡ ’ਤੇ ਲਿਆ ਗਿਆ ਹੈ।

ਇਹ ਵੀ ਪੜ੍ਹੋ : ਸਰਹੱਦ ਪਾਰ: ਮੁਲਤਾਨ ਦੇ ਮੈਡੀਕਲ ਕਾਲਜ ਦੀ ਛੱਤ ਤੋਂ ਮਿਲੀਆਂ 7 ਲਾਸ਼ਾਂ, ਫੈਲੀ ਦਹਿਸ਼ਤ

ਡਿਪਟੀ ਡਾਇਰੈਕਟਰ ਆਰ. ਕੇ. ਸਿੰਗਲਾ ਨੂੰ ਭਗੌੜਾ ਕਰਾਰ ਦੇਣ ਦੀ ਕਾਰਵਾਈ ਤੇਜ਼

ਵਿਜੀਲੈਂਸ ਵੱਲੋਂ ਇਸ ਮਾਮਲੇ ’ਚ ਨਾਮਜ਼ਦ ਕੀਤੇ ਸਾਬਕਾ ਡਿਪਟੀ ਡਾਇਰੈਕਟਰ ਆਰ. ਕੇ. ਸਿੰਗਲਾ ਖਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਵਿਜੀਲੈਂਸ ਨੇ ਅਦਾਲਤ ’ਚ ਇਸ ਕਾਰਵਾਈ ਨੂੰ ਅੱਗੇ ਵਧਾਉਂਦਿਆਂ ਉਨ੍ਹਾਂ ਨੂੰ ਇਸ਼ਤਿਹਾਰੀ ਕਰਾਰ ਦੇ ਦਿੱਤਾ ਹੈ ਅਤੇ 24 ਨਵੰਬਰ ਤੋਂ ਬਾਅਦ ਉਨ੍ਹਾਂ ਨੂੰ ਭਗੌੜਾ ਕਰਾਰ ਦਿੱਤੇ ਜਾਣ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਜਾਵੇਗੀ। ਵਿਜੀਲੈਂਸ ਵੱਲੋਂ ਆਰ. ਕੇ. ਸਿੰਗਲਾ ਦੇ ਘਰ ਛਾਪੇਮਾਰੀ ਕਰਕੇ ਉੱਥੋਂ ਲੱਖਾਂ ਰੁਪਏ ਦੀ ਨਕਦੀ, ਵਿਦੇਸ਼ੀ ਕਰੰਸੀ, ਸੋਨੇ ਅਤੇ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਹੋਰ ਵੀ ਸਾਮਾਨ ਬਰਾਮਦ ਕੀਤਾ ਗਿਆ ਸੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News